ਕੈਨੇਡਾ ਵਾਲਿਆਂ ਦਾ 60 ਫ਼ੀ ਸਦੀ ਟੈਕਸ ਹੋਵੇਗਾ ਮੁਆਫ਼
ਕੈਨੇਡਾ ਵਾਲਿਆਂ ਦਾ 60 ਫ਼ੀ ਸਦੀ ਟੈਕਸ ਮੁਆਫ਼ ਹੋ ਸਕਦਾ ਹੈ ਅਤੇ ਉਹ ਆਪਣੀ ਜ਼ਿੰਦਗੀ ਬਿਹਤਰ ਤਰੀਕੇ ਨਾਲ ਬਤੀਤ ਕਰ ਸਕਦੇ ਹਨ, ਬਾਸ਼ਰਤੇ ਉਹ ਅਮਰੀਕਾ ਵਿਚ ਸ਼ਾਮਲ ਹੋਣ ਦੀ ਹਾਮੀ ਭਰ ਦੇਣ।
ਵਾਸ਼ਿੰਗਟਨ : ਕੈਨੇਡਾ ਵਾਲਿਆਂ ਦਾ 60 ਫ਼ੀ ਸਦੀ ਟੈਕਸ ਮੁਆਫ਼ ਹੋ ਸਕਦਾ ਹੈ ਅਤੇ ਉਹ ਆਪਣੀ ਜ਼ਿੰਦਗੀ ਬਿਹਤਰ ਤਰੀਕੇ ਨਾਲ ਬਤੀਤ ਕਰ ਸਕਦੇ ਹਨ, ਬਾਸ਼ਰਤੇ ਉਹ ਅਮਰੀਕਾ ਵਿਚ ਸ਼ਾਮਲ ਹੋਣ ਦੀ ਹਾਮੀ ਭਰ ਦੇਣ। ਨਵੇਂ ਚੁਣੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਨਵਾਂ ਟੋਟਕਾ ਛੱਡਦਿਆਂ ਕਿਹਾ ਹੈ ਕਿ ਜੇ ਕੈਨੇਡਾ ਦੇ ਲੋਕ ਅਮਰੀਕਾ ਦਾ ਹਿੱਸਾ ਬਣਨ ਦੀ ਹਾਮੀ ਭਰ ਦੇਣ ਤਾਂ ਦੁਨੀਆਂ ਦੇ ਕਿਸੇ ਵੀ ਮੁਲਕ ਤੋਂ ਵੱਧ ਫੌਜੀ ਸੁਰੱਖਆ ਉਨ੍ਹਾਂ ਨੂੰ ਮਿਲੇਗੀ। ਜਸਟਿਨ ਟਰੂਡੋ ਨੂੰ ਮੁੜ ਗਵਰਨਰ ਕਰਾਰ ਦਿੰਦਿਆਂ ਟਰੰਪ ਨੇ ਆਖਿਆ ਕਿ ਕੈਨੇਡੀਅਨ ਲੋਕਾਂ ਨੂੰ ਭਾਰੀ ਭਰਕਮ ਟੈਕਸ ਅਦਾ ਕਰਨੇ ਪੈ ਰਹੇ ਹਨ ਪਰ ਇਨ੍ਹਾਂ ਤੋਂ ਰਾਹਤ ਮਿਲ ਸਕਦੀ ਹੈ ਜੇ ਉਹ ਅਮਰੀਕਾ ਦਾ 51ਵਾਂ ਸੂਬਾ ਬਣਨ ਵਾਸਤੇ ਰਾਜ਼ੀ ਹੋ ਜਾਣ।
ਕਾਰੋਬਾਰ ਹੋ ਜਾਣਗੇ ਦੁੱਗਣੇ ਪਰ ਟਰੰਪ ਦੀ ਸ਼ਰਤ ਕਰਨੀ ਹੋਵੇਗੀ ਪ੍ਰਵਾਨ
ਟਰੰਪ ਨੇ ਦਾਅਵਾ ਕੀਤਾ ਕਿ ਅਜਿਹਾ ਹੋਣ ਦੀ ਸੂਰਤ ਵਿਚ ਕੈਨੇਡੀਅਨਜ਼ ਦੇ ਕਾਰੋਬਾਰ ਦੁੱਗਣੇ ਹੋ ਜਾਣਗੇ। ਇਹ ਪਹਿਲੀ ਵਾਰ ਨਹੀਂ ਜਦੋਂ ਟਰੰਪ ਵੱਲੋਂ ਕੈਨੇਡਾ ਉਤੇ ਹੱਕ ਜਤਾਉਣ ਦਾ ਯਤਨ ਕੀਤਾ ਗਿਆ ਹੈ। ਜਸਟਿਨ ਟਰੂਡੋ ਵੱਲੋਂ ਫ਼ਲੋਰੀਡਾ ਵਿਖੇ ਉਨ੍ਹਾਂ ਨੂੰ ਜਿੱਤ ਦੀ ਵਧਾਈ ਦੇਣ ਮਗਰੋਂ ਟਰੰਪ ਨੇ ਲਗਾਤਾਰ ਕੈਨੇਡੀਅਨ ਪ੍ਰਧਾਨ ਮੰਤਰੀ ਨੂੰ ਗਵਰਨਰ ਕਹਿ ਕੇ ਸੰਬੋਧਤ ਕੀਤਾ ਅਤੇ ਹੁਣ ਇਕ ਸਾਬਕਾ ਹਾਕੀ ਖਿਡਾਰੀ ਵੇਨ ਗ੍ਰੈਟਜ਼ਕੀ ਨੂੰ ਕੈਨੇਡਾ ਦਾ ਪ੍ਰਧਾਨ ਮੰਤਰੀ ਬਣਿਆ ਦੇਖਣਾ ਚਾਹੁੰਦੇ ਹਨ। ਉਨਟਾਰੀਓ ਦੇ ਬਰੈਂਟਫੋਰਡ ਵਿਖੇ ਜੰਮੇ ਵੇਟ ਗ੍ਰੈਟਜ਼ਕੀ ਨੇ 20 ਸਾਲ ਦੇ ਐਨ.ਐਚ.ਐਲ. ਕਰੀਅਰ ਦੌਰਾਨ ਕਈ ਰਿਕਾਰਡ ਕਾਇਮ ਕੀਤੇ ਅਤੇ ਲੋਕਾਂ ਦੇ ਦਿਲ ਜਿੱਤ ਲਏ। ਟਰੰਪ ਨੇ ਪਨਾਮਾ ਨਹਿਰ ’ਤੇ ਤੈਨਾਤ ਚੀਨੀ ਫੌਜੀਆਂ ਦਾ ਜ਼ਿਕਰ ਵੀ ਕੀਤਾ ਅਤੇ ਕਿਹਾ ਕਿ ਜਿਹੜੀ ਨਹਿਰ ਦੀ ਉਸਾਰੀ ਕਰਦਿਆਂ ਸਾਡੇ 38 ਹਜ਼ਾਰ ਲੋਕਾਂ ਦੀ ਜਾਨ ਗਈ, ਉਸ ਨੂੰ ਹੁਣ ਗੈਰਕਾਨੂੰਨੀ ਤਰੀਕੇ ਨਾਲ ਚਲਾਇਆ ਜਾ ਰਿਹਾ ਹੈ। ਇਥੇ ਦਸਣਾ ਬਣਦਾ ਹੈ ਕਿ ਟਰੰਪ ਦੇ ਸਹੁੰ ਚੁੱਕਣ ਵਿਚ ਹਾਲੇ 25 ਦਿਨ ਬਾਕੀ ਹਨ ਪਰ ਉਹ ਹੁਣ ਤੋਂ ਹੀ ਅਮਰੀਕਾ ਦੇ ਰਾਸ਼ਟਰਪਤੀ ਵਜੋਂ ਵਿਚਰਦੇ ਨਜ਼ਰ ਆ ਰਹੇ ਹਨ। ਸਿਆਸੀ ਮਾਹਰਾਂ ਨੇ ਖਦਸ਼ਾ ਜ਼ਾਹਰ ਕੀਤਾ ਹੈ ਕਿ ਸੱਤਾ ਵਿਚ ਆਉਣ ’ਤੇ ਟਰੰਪ ਦੀਆਂ ਇਛਾਵਾਂ ਹੋਰ ਤੀਬਰ ਹੋ ਸਕਦੀਆਂ ਹਨ ਅਤੇ ਗੁਆਂਢੀ ਮੁਲਕਾਂ ਨੂੰ ਆਪਣੀ ਜਾਗੀਰ ਸਮਝਣ ਦੀ ਵੱਡੀ ਕੀਮਤ ਅਦਾ ਕਰਨੀ ਪੈ ਸਕਦੀ ਹੈ। ਇਕ ਪਾਸੇ ਚੀਨ ਆਪਣੀ ਫੌਜ ਵਿਚ ਭਾਰੀ ਵਾਧਾ ਕਰ ਰਿਹਾ ਹੈ ਅਤੇ ਦੂਜੇ ਪਾਸੇ ਰੂਸ ਠੰਢੀ ਜੰਗ ਵੇਲੇ ਦੇ ਟਿਕਾਣਿਆਂ ’ਤੇ ਮੁੜ ਸਰਗਰਮੀਆਂ ਵਧਾ ਰਿਹਾ ਹੈ।
ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਨੇ ਛੱਡਿਆ ਇਕ ਹੋਰ ਟੋਟਕਾ
ਅਜਿਹੇ ਵਿਚ ਟਰੰਪ ਵੱਲੋਂ ਦੁਨੀਆਂ ਦਾ ਸਭ ਤੋਂ ਵੱਡਾ ਟਾਪੂ ਗਰੀਨਲੈਂਡ ਖਰੀਦਣ ਦੀ ਦਲੀਲ ਤਾਂ ਸਮਝ ਵਿਚ ਆਉਂਦੀ ਹੈ ਪਰ ਜਦੋਂ ਕੋਈ ਵੇਚਣ ਨੂੰ ਹੀ ਤਿਆਰ ਨਹੀਂ ਤਾਂ ਕੀ ਟਰੰਪ ਜ਼ੋਰ-ਜ਼ਬਰਦਸਤੀ ’ਤੇ ਉਤਾਰੂ ਹੋਣਗੇ। ਅਜਿਹੇ ਕਈ ਸਵਾਲ ਕੈਨੇਡੀਅਨ ਸਿਆਸਤਦਾਨਾਂ ਦੇ ਮਨ ਵਿਚ ਆ ਰਹੇ ਹਨ। ਟਰੰਪ ਵੱਲੋਂ ਕੈਨੇਡੀਅਨ ਵਸਤਾਂ ’ਤੇ 25 ਫੀ ਸਦੀ ਟੈਕਸ ਲਾਉਣ ਦੇ ਧਮਕੀ ਦੇ ਮੱਦੇਜ਼ਰ ਲੋਕ ਸੁਰੱਖਿਆ ਮੰਤਰੀ ਡੌਮੀਨਿਕ ਲਾਬਲੈਂਕ ਵੀ ਫਲੋਰੀਡਾ ਪੁੱਜੇ ਅਤੇ ਨਵੇਂ ਚੁਣੇ ਰਾਸ਼ਟਰਪਤੀ ਦੀ ਟੀਮ ਨਾਲ ਵਿਚਾਰ ਵਟਾਂਦਰਾ ਕਰਨ ਮਗਰੋਂ ਕਿਹਾ ਕਿ ਟਰੰਪ ਮਜ਼ਾਕੀਆ ਲਹਿਜ਼ੇ ਵਿਚ ਇਹ ਸਭ ਕਹਿ ਰਹੇ ਹਨ ਪਰ ਇਸ ਵਾਰ ਟਰੰਪ ਨੇ ਕੈਨੇਡਾ ਵਾਸੀਆਂ ਨੂੰ 60 ਫੀ ਸਦੀ ਟੈਕਸ ਰਿਆਇਤ ਦੀ ਪੇਸ਼ਕਸ਼ ਕਰਦਿਆਂ ਸਾਰੀਆਂ ਹੱਦਾਂ ਹੀ ਪਾਰ ਕਰ ਦਿਤੀਆਂ।