ਮਿਸੀਸਾਗਾ ਵਿਚ ਲੱਗਣਗੇ 60 ਨਵੇਂ ਸਪੀਡ ਕੈਮਰੇ

ਤੇਜ਼ ਰਫ਼ਤਾਰ ਗੱਡੀ ਚਲਾਉਣ ਵਾਲਿਆਂ ਦੀ ਨਕੇਲ ਕਸਣ ਦੇ ਇਰਾਦੇ ਨਾਲ ਮਿਸੀਸਾਗਾ ਵਿਚ ਦਰਜਨਾਂ ਨਵੇਂ ਸਪੀਡ ਕੈਮਰੇ ਲਾਉਣ ਦੀ ਯੋਜਨਾ ਤਿਆਰ ਕੀਤੀ ਗਈ ਹੈ। ਮਿਸੀਸਾਗਾ ਵਿਚ ਪਹਿਲੇ ਫੋਟੋ ਰਾਡਾਰ ਕੈਮਰੇ 5 ਜੁਲਾਈ 2021 ਨੂੰ ਸਥਾਪਤ ਕੀਤੇ ਗਏ ਅਤੇ ਹੌਲੀ ਹੌਲੀ ਗਿਣਤੀ ਵਧਦੀ ਚਲੀ ਗਈ। ਹੁਣ ਤੱਕ ਸਪੀਡ ਕੈਮਰਿਆਂ ਰਾਹੀਂ 82 ਹਜ਼ਾਰ ਟਿਕਟਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ।;

Update: 2024-06-19 11:49 GMT

ਮਿਸੀਸਾਗਾ : ਤੇਜ਼ ਰਫ਼ਤਾਰ ਗੱਡੀ ਚਲਾਉਣ ਵਾਲਿਆਂ ਦੀ ਨਕੇਲ ਕਸਣ ਦੇ ਇਰਾਦੇ ਨਾਲ ਮਿਸੀਸਾਗਾ ਵਿਚ ਦਰਜਨਾਂ ਨਵੇਂ ਸਪੀਡ ਕੈਮਰੇ ਲਾਉਣ ਦੀ ਯੋਜਨਾ ਤਿਆਰ ਕੀਤੀ ਗਈ ਹੈ। ਮਿਸੀਸਾਗਾ ਵਿਚ ਪਹਿਲੇ ਫੋਟੋ ਰਾਡਾਰ ਕੈਮਰੇ 5 ਜੁਲਾਈ 2021 ਨੂੰ ਸਥਾਪਤ ਕੀਤੇ ਗਏ ਅਤੇ ਹੌਲੀ ਹੌਲੀ ਗਿਣਤੀ ਵਧਦੀ ਚਲੀ ਗਈ। ਹੁਣ ਤੱਕ ਸਪੀਡ ਕੈਮਰਿਆਂ ਰਾਹੀਂ 82 ਹਜ਼ਾਰ ਟਿਕਟਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ। ਸਿਟੀ ਦੇ ਟ੍ਰਾਂਸਪੋਰਟੇਸ਼ਨ ਅਤੇ ਵਰਕਸ ਡਿਪਾਰਟਮੈਂਟ ਵੱਲੋਂ 18.4 ਮਿਲੀਅਨ ਡਾਲਰ ਦੀ ਲਾਗਤ ਨਾਲ ਆਟੋਮੇਟਡ ਸਪੀਡ ਐਨਫੋਰਸਮੈਂਟ ਪ੍ਰੋਗਰਾਮ ਦਾ ਘੇਰਾ ਵਧਾਉਣ ਦੀ ਸਿਫਾਰਸ਼ ਮਿਸੀਸਾਗਾ ਸਿਟੀ ਕੌਂਸਲ ਨੂੰ ਕੀਤੀ ਗਈ ਹੈ।

ਪ੍ਰਵਾਨਗੀ ਮਿਲਣ ਦੀ ਸੂਰਤ ਵਿਚ 2028 ਦੇ ਅੰਤ ਤੱਕ ਮਿਸੀਸਾਗਾ ਵਿਖੇ ਸਪੀਡ ਕੈਮਰਿਆਂ ਦੀ ਗਿਣਤੀ 82 ਹੋ ਜਾਵੇਗੀ। ਗਿਣਤੀ ਵਧਾਉਣ ਦੇ ਨਾਲ ਨਾਲ ਜੁਰਮਾਨੇ ਵਸੂਲ ਕਰਨ ਦੀ ਪ੍ਰਕਿਰਿਆ ਸ਼ਹਿਰੀ ਪ੍ਰਸ਼ਾਸਨ ਅਧੀਨ ਕਰਨ ਦੇ ਸੰਕੇਤ ਵੀ ਮਿਲ ਰਹੇ ਹਨ ਜੋ ਇਸ ਵੇਲੇ ਪ੍ਰੋਵਿਨਸ਼ੀਅਲ ਅਦਾਲਤਾਂ ਰਾਹੀਂ ਹੁੰਦੀ ਹੈ। ਮਿਸੀਸਾਗਾ ਦੇ ਟ੍ਰੈਫਿਟ ਸੇਵਾਵਾਂ ਬਾਰੇ ਮੈਨੇਜਰ ਕੌਲਿਨ ਪੈਟਰਸਨ ਨੇ ਕਿਹਾ ਕਿ ਪ੍ਰੋਵਿਨਸ਼ੀਅਲ ਔਫੈਂਸ ਐਕਟ ਦੇ ਢਾਂਚੇ ਤੋਂ ਪ੍ਰਸ਼ਾਸਕੀ ਢਾਂਚੇ ’ਤੇ ਆਧਾਰਛ ਪ੍ਰਣਾਲੀ ਵੱਲ ਆਉਣ ਨਾਲ ਦਬਾਅ ਘਟੇਗਾ ਅਤੇ ਭਵਿੱਖ ਵਿਚ ਕੰਮ ਹੋਰ ਸੁਖਾਲਾ ਹੋ ਜਾਵੇਗਾ। ਮਿਸੀਸਾਗਾ ਪ੍ਰਸ਼ਾਸਨ ਦਾ ਮੰਨਣਾ ਹੈ ਕਿ ਸਪੀਡ ਕੈਮਰਿਆਂ ਨਾਲ ਸਕੂਲ ਜ਼ੋਨ ਅਤੇ ਹੋਰ ਜ਼ਰੂਰੀ ਥਾਵਾਂ ’ਤੇ ਗੱਡੀਆਂ ਦੀ ਰਫਤਾਰ ਕੰਟਰੋਲ ਕਰਨ ਵਿਚ ਮਦਦ ਮਿਲੀ ਹੈ।

ਹੁਣ ਅਜਿਹੀਆਂ ਥਾਵਾਂ’ਤੇ ਪੁਲਿਸ ਮੁਲਾਜ਼ਮਾਂ ਦੀ ਤੈਨਾਤੀ ਲਾਜ਼ਮੀ ਨਹੀਂ। ਸਿਟੀ ਸਟਾਫ ਦੀ ਰਿਪੋਰਟ ਵਿਚ ਖੰਭਿਆਂ ’ਤੇ ਲੱਗਣ ਵਾਲੇ ਕੈਮਰਿਆਂ ਦਾ ਜ਼ਿਕਰ ਵੀ ਕੀਤਾ ਗਿਆ ਹੈ ਜੋ ਖਤਰਨਾਕ ਹਾਦਸਿਆਂ ਦੇ ਖਦਸ਼ੇ ਵਾਲੀਆਂ ਸੜਕਾਂ ’ਤੇ ਲਾਏ ਜਾ ਸਕਦੇ ਹਨ। ਸਪੀਡ ਕੈਮਰੇ ਮੁਹੱਈਆ ਕਰਵਾਉਣ ਵਾਲੀ ਕੰਪਨੀ ਰੈਡਫਲੈਕਸ ਟ੍ਰੈਫਿਕ ਸਿਸਟਮਜ਼ ਦੱਸੀ ਜਾ ਰਹੀ ਹੈ ਜਿਸ ਨਾਲ ਪੰਜ ਸਾਲ ਦਾ ਇਕਰਾਰਨਾਮਾ ਕੀਤਾ ਜਾਵੇਗਾ। ਸਟਾਫ ਰਿਪੋਰਟ ਕੁਲ ਖਰਚਾ 18.4 ਮਿਲੀਅਨ ਡਾਲਰ ਦੱਸ ਰਹੀ ਹੈ ਜਦਕਿ 37 ਲੱਖ ਡਾਲਰ ਦੀ ਰਕਮ ਸੰਭਾਵਤ ਖਰਚਿਆਂ ਵਾਸਤੇ ਪਾਸੇ ਰੱਖੀ ਜਾਵੇਗੀ। ਸਿਟੀ ਸਟਾਫ ਦਾ ਮੰਨਣਾ ਹੈ ਕਿ ਪ੍ਰੌਜੈਕਟ ’ਤੇ ਆਉਣ ਵਾਲਾ ਖਰਚਾ ਤੇਜ਼ ਰਫਤਾਰ ਡਰਾਈਵਰਾਂ ਨੂੰ ਜੁਰਮਾਨੇ ਕਰ ਕੇ ਪੂਰਾ ਕਰ ਲਿਆ ਜਾਵੇਗਾ।

Tags:    

Similar News