ਕੈਨੇਡਾ ਵਿਚ 6 ਭਾਰਤੀ ਪਰਵਾਰ ਬਣੇ ਗੈਂਗਸਟਰਾਂ ਦਾ ਨਿਸ਼ਾਨਾ
ਕੈਨੇਡਾ ਵਿਚ ਭਾਰਤੀ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾਉਣ ਦੀਆਂ 6 ਹੋਰ ਵਾਰਦਾਤਾਂ ਸਾਹਮਣੇ ਆਈਆਂ ਹਨ ਅਤੇ ਜਬਰੀ ਵਸੂਲੀ ਦੇ ਇਹ ਸਾਰੇ ਮਾਮਲੇ ਲਾਰੈਂਸ ਬਿਸ਼ਨੋਈ ਗਿਰੋਹ ਨਾਲ ਸਬੰਧਤ ਦੱਸੇ ਜਾ ਰਹੇ ਹਨ।
ਐਡਮਿੰਟਨ : ਕੈਨੇਡਾ ਵਿਚ ਭਾਰਤੀ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾਉਣ ਦੀਆਂ 6 ਹੋਰ ਵਾਰਦਾਤਾਂ ਸਾਹਮਣੇ ਆਈਆਂ ਹਨ ਅਤੇ ਜਬਰੀ ਵਸੂਲੀ ਦੇ ਇਹ ਸਾਰੇ ਮਾਮਲੇ ਲਾਰੈਂਸ ਬਿਸ਼ਨੋਈ ਗਿਰੋਹ ਨਾਲ ਸਬੰਧਤ ਦੱਸੇ ਜਾ ਰਹੇ ਹਨ। ‘ਗਲੋਬਲ ਨਿਊਜ਼’ ਵੱਲੋਂ ਸੂਤਰਾਂ ਦੇ ਹਵਾਲੇ ਨਾਲ ਪ੍ਰਕਾਸ਼ਤ ਰਿਪੋਰਟ ਮੁਤਾਬਕ ਹਰਦੀਪ ਸਿੰਘ ਨਿੱਜਰ ਕਤਲਕਾਂਡ ਵੀ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜਦਾ ਨਜ਼ਰ ਆ ਰਿਹਾ ਹੈ। ਇਸੇ ਦੌਰਾਨ ਐਡਮਿੰਟਨ ਵਿਖੇ ਵਾਪਰੀਆਂ ਵਾਰਦਾਤਾਂ ਬਾਰੇ ਸ਼ਹਿਰ ਦੇ ਮੁਖੀ ਡੈਵਿਨ ਲਾਫੋਰਸ ਨੇ ਦੱਸਿਆ ਕਿ ਅਗਜ਼ਨੀ ਅਤੇ ਹਿੰਸਾ ਦੇ ਹੋਰਨਾਂ ਢੰਗ-ਤਰੀਕਿਆਂ ਦੀ ਵਰਤੋਂ ਕਰਦਿਆਂ ਸਾਊਥ ਏਸ਼ੀਅਨ ਕਾਰੋਬਾਰੀਆਂ ਤੋਂ ਮੋਟੀ ਰਕਮ ਮੰਗੀ ਗਈ।
ਐਡਮਿੰਟਨ ਦੀਆਂ ਵਾਰਦਾਤਾਂ ’ਚ ਬਿਸ਼ਨੋਈ ਗਿਰੋਹ ਦਾ ਹੱਥ : ਪੁਲਿਸ
ਐਡਮਿੰਟਨ ਪੁਲਿਸ ਇਨ੍ਹਾਂ ਵਾਰਦਾਤਾਂ ਦੀ ਪੜਤਾਲ ਲਈ ਕੈਲਗਰੀ ਪੁਲਿਸ ਅਤੇ ਐਲਬਰਟਾ ਲਾਅ ਐਨਫੋਰਸਮੇਂਟ ਰਿਸਪੌਂਸ ਟੀਮਾਂ ਦੀ ਮਦਦ ਲੈ ਰਹੀ ਹੈ। ਦੂਜੇ ਪਾਸੇ ਕਮਿਊਨਿਟੀ ਤੱਕ ਪਹੁੰਚ ਸਥਾਪਤ ਕਰਦਿਆਂ ਵੱਧ ਤੋਂ ਵੱਧ ਜਾਣਕਾਰੀ ਇਕੱਤਰ ਕਰਨ ਦੇ ਯਤਨ ਜਾਰੀ ਹਨ ਅਤੇ ਜਲਦ ਹੀ ਸਾਊਥ ਏਸ਼ੀਅਨ ਭਾਈਚਾਰੇ ਦਾ ਇਕੱਠ ਕੀਤਾ ਜਾ ਰਿਹਾ ਹੈ ਜਿਸ ਦੌਰਾਨ ਸੱਤ ਸਮੁੰਦਰ ਪਾਰੋਂ ਪੈਦਾ ਹੋ ਰਹੀ ਸਮੱਸਿਆ ਬਾਰੇ ਡੂੰਘਾਈ ਨਾਲ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਇਥੇ ਦਸਣਾ ਬਣਦਾ ਹੈ ਕਿ ਪ੍ਰੌਜੈਕਟ ਗੈਸਲਾਈਟ ਦੌਰਾਨ ਸਾਹਮਣੇ ਆਈਆਂ ਵਾਰਦਾਤਾਂ ਦਾ ਮੁੱਖ ਸਾਜ਼ਿਸ਼ਘਾੜਾ ਮਨਿੰਦਰ ਧਾਲੀਵਾਲ ਨੂੰ ਮੰਨਿਆ ਜਾ ਰਿਹਾ ਹੈ ਅਤੇ ਉਹ ਇਸ ਵੇਲੇ ਸੰਯੁਕਤ ਅਰਬ ਅਮੀਰਾਤ ਦੀ ਜੇਲ ਵਿਚ ਹੈ। ਕੈਨੇਡਾ ਸਰਕਾਰ ਉਸ ਦੀ ਹਵਾਲਗੀ ਚਾਹੁੰਦੀ ਹੈ ਪਰ ਇਸ ਪ੍ਰਕਿਰਿਆ ਵਿਚ ਲੱਗਣ ਵਾਲੇ ਸਮੇਂ ਬਾਰੇ ਯਕੀਨੀ ਤੌਰ ’ਤੇ ਕੁਝ ਵੀ ਕਹਿਣਾ ਮੁਸ਼ਕਲ ਹੈ। ਤਾਜ਼ਾ ਵਾਰਦਾਤਾਂ ਲਾਰੈਂਸ ਬਿਸ਼ਨੋਈ ਗਿਰੋਹ ਨਾਲ ਸਬੰਧਤ ਹਨ ਪਰ ਐਡਮਿੰਟਨ ਪੁਲਿਸ ਖੁੱਲ੍ਹ ਕੇ ਗੱਲ ਕਰਨ ਨੂੰ ਤਿਆਰ ਨਹੀਂ।
ਹਰਦੀਪ ਸਿੰਘ ਨਿੱਜਰ ਕਤਕਾਂਡ ਵਿਚ ਵੀ ਦਾਖਲ ਹੋਇਆ ਲਾਰੈਂਸ ਬਿਸ਼ਨੋਈ
ਡੈਵਿਨ ਲਾਫੋਰਸ ਨੇ ਕਿਹਾ ਕਿ ਮਾਮਲੇ ਬੇਹੱਦ ਸੰਜੀਦਾ ਹੋਣ ਕਰ ਕੇ ਸੀਮਤ ਜਾਣਕਾਰੀ ਹੀ ਸਾਹਮਣੇ ਆ ਸਕੀ ਹੈ। ਉਧਰ ਬੀ.ਸੀ. ਵਿਚ ਪੁਲਿਸ ਦੇ ਲੀਕ ਹੋਏ ਦਸਤਾਵੇਜ਼ਾਂ ਤੋਂ ਪਤਾ ਲੱਗਾ ਹੈ ਕਿ ਹਿੰਦੀ ਬੋਲਣ ਵਾਲੇ ਸ਼ੱਕੀ ਬਿਸ਼ਨੋਈ ਗਿਰੋਹ ਨਾਲ ਸਬੰਧਤ ਹਨ ਜਿਨ੍ਹਾਂ ਵੱਲੋਂ ਕਾਰੋਬਾਰੀਆਂ ਤੋਂ ਵ੍ਹਟਸਐਪ ਮੈਸਜ ਰਾਹੀਂ ਜਾਂ ਕਾਲ ਕਰ ਕੇ ਮੋਟੀਆਂ ਰਕਮਾਂ ਦੀ ਮੰਗ ਕੀਤੀ ਜਾ ਰਹੀ ਹੈ। ਸ਼ੱਕੀਆਂ ਕੋਲ ਪੀੜਤ ਪਰਵਾਰਾਂ ਬਾਰੇ ਮੁਕੰਮਲ ਜਾਣਕਾਰੀ ਮੌਜੂਦ ਹੈ। ਮਿਸਾਲ ਵਜੋਂ ਪਰਵਾਰ ਵਿਚ ਕਿੰਨੇ ਮੈਂਬਰ ਹਨ ਅਤੇ ਕਿਹੜੀਆਂ ਕਿਹੜੀਆਂ ਗੱਡੀਆਂ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਉਨ੍ਹਾਂ ਦੀਆਂ ਰੋਜ਼ਾਨਾ ਸਰਗਰਮੀਆਂ ਕਿਹੋ ਜਿਹੀਆਂ ਹਨ। ਮੁਢਲੇ ਤੌਰ ’ਤੇ ਐਡਮਿੰਟਨ ਪੁਲਿਸ ਨੇ ਪ੍ਰੌਜੈਕਟ ਗੈਸਲਾਈਟ ਵਾਲੇ ਮਾਮਲਿਆਂ ਨੂੰ ਬੀ.ਸੀ. ਜਾਂ ਉਨਟਾਰੀਓ ਨਾਲ ਜੋੜਨ ਤੋਂ ਨਾਂਹ ਕਰ ਦਿਤੀ ਪਰ ਤਾਜ਼ਾ ਪ੍ਰੈਸ ਕਾਨਫਰੰਸ ਦੌਰਾਨ ਇਹ ਸੋਚ ਬਦਲੀ ਹੋਈ ਨਜ਼ਰ ਆਈ। ਡੈਵਿਨ ਲਾਫੋਰਸ ਨੇ ਕਿਹਾ ਕਿ ਜਦੋਂ ਪੂਰੇ ਮੁਲਕ ਵਿਚ ਇਕੋ ਜਿਹੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹੋਣ ਤਾਂ ਵੱਡੀ ਮੁਹਿੰਮ ਵਾਸਤੇ ਕਮਰ ਕੱਸ ਲੈਣੀ ਚਾਹੀਦੀ ਹੈ। ਉਧਰ ਵਰਲਡ ਸਿੱਖ ਆਰਗੇਨਾਈਜ਼ੇਸ਼ਨ ਦਾ ਕਹਿਣਾ ਹੈ ਕਿ ਮਿਸੀਸਾਗਾ ਵਿਖੇ ਸਿੱਖ ਕਾਰੋਬਾਰੀ ਦੇ ਕਤਲ ਦੀ ਜ਼ਿੰਮੇਵਾਰੀ ਵੀ ਬਿਸ਼ਨੋਈ ਗਿਰੋਹ ਲੈ ਰਿਹਾ ਹੈ। ਜਥੇਬੰਦੀ ਦੇ ਆਗੂ ਬਲਪ੍ਰੀਤ ਸਿੰਘ ਨੇ ਸਵਾਲ ਉਠਾਇਆ ਕਿ ਜਦੋਂ ਗਿਰੋਹ ਦਾ ਮੁਖੀ ਪਿਛਲੇ 10 ਸਾਲ ਤੋਂ ਜੇਲ ਵਿਚ ਹੈ ਤਾਂ ਅਜਿਹੀਆਂ ਸਰਗਰਮੀਆਂ ਨੂੰ ਅੰਜਾਮ ਕਿਵੇਂ ਦਿਤਾ ਜਾ ਰਿਹਾ ਹੈ। ਇਥੇ ਦਸਣਾ ਬਣਦਾ ਹੈ ਕਿ ਬੀ.ਸੀ ਦੇ ਪ੍ਰੀਮੀਅਰ ਡੇਵਿਡ ਈਬੀ ਅਤੇ ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ, ਬਿਸ਼ਨੋਈ ਗਿਰੋਹ ਨੂੰ ਅਤਿਵਾਦੀ ਜਥੇਬੰਦੀ ਐਲਾਨੇ ਜਾਣ ਦੀ ਮੰਗ ਕਰ ਚੁੱਕੇ ਹਨ।