ਕੈਨੇਡਾ ਵਿਚ ਗਹਿਣਿਆਂ ਦਾ ਸਟੋਰ ਲੁੱਟਣ ਵਾਲੇ 6 ਕਾਬੂ

ਯਾਰਕ ਰੀਜਨਲ ਪੁਲਿਸ ਵੱਲੋਂ ਮਾਰਖਮ ਵਿਖੇ ਗਹਿਣਿਆਂ ਦਾ ਸਟੋਰ ਲੁੱਟਣ ਵਾਲੇ 6 ਸ਼ੱਕੀਆਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ।

Update: 2024-12-05 13:26 GMT

ਮਾਰਖਮ : ਯਾਰਕ ਰੀਜਨਲ ਪੁਲਿਸ ਵੱਲੋਂ ਮਾਰਖਮ ਵਿਖੇ ਗਹਿਣਿਆਂ ਦਾ ਸਟੋਰ ਲੁੱਟਣ ਵਾਲੇ 6 ਸ਼ੱਕੀਆਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ। ਦਿਲ ਦਹਿਲਾਉਣ ਵਾਲੀ ਡਕੈਤੀ ਨੂੰ ਅੱਖੀਂ ਦੇਖਣ ਵਾਲੀ ਭਾਰਤੀ ਮੂਲ ਦੀ ਇਕ ਔਰਤ ਨੇ ਦੱਸਿਆ ਕਿ ਉਸ ਕੋਲ ਜਾਨ ਬਚਾ ਭੱਜਣ ਦਾ ਰਾਹ ਮੌਜੂਦ ਸੀ ਪਰ ਉਹ ਐਨੀ ਡਰ ਗਈ ਕਿ ਉਥੋਂ ਹਿਲ ਹੀ ਨਾ ਸਕੀ। ਪੁਲਿਸ ਨੇ ਦੱਸਿਆ ਕਿ ਗਹਿਣਿਆਂ ਵਾਲੇ ਸ਼ੀਸ਼ੇ ਦੇ ਸ਼ੋਅਕੇਸ ਤੋੜਨ ਵਾਸਤੇ ਲੁਟੇਰੇ ਹਥੌੜੇ ਲੈ ਕੇ ਆਏ ਸਨ ਅਤੇ ਇਸ ਵਾਰਦਾਤ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਲਗਾਤਾਰ ਵਾਇਰਲ ਹੋ ਰਹੀ ਹੈ।

ਮਾਰਖਮ ਦੇ ਜਿਊਲਰੀ ਸਟੋਰ ਵਿਚ ਪਿਆ ਸੀ ਡਾਕਾ

ਮਾਰਖਮ ਦੇ ਮਕੋਵਨ ਰੋਡ ਅਤੇ ਹਾਈਵੇਅ-7 ਵਾਲੇ ਇਲਾਕੇ ਵਿਚ ਮਾਰਕਵਿਲ ਸ਼ੌਂਪਿੰਗ ਸੈਂਟਰ ਅੰਦਰ ਮੌਜੂਦ ਜਿਊਲਰੀ ਸਟੋਰ ਨੂੰ ਨਿਸ਼ਾਨਾ ਬਣਾਇਆ ਗਿਆ। ਪੁਲਿਸ ਵੱਲੋਂ ਜਿਥੇ ਕਈ ਸ਼ੱਕੀਆਂ ਨੂੰ ਕਾਬੂ ਕਰਨ ਦਾ ਜ਼ਿਕਰ ਕੀਤਾ ਜਾ ਰਿਹਾ ਹੈ, ਉਥੇ ਹੀ ਅਣਦੱਸੀ ਗਿਣਤੀ ਵਿਚ ਸ਼ੱਕੀ ਫਰਾਰ ਵੀ ਹੋ ਗਏ। ਕਾਂਸਟੇਬਲ ਕੈਵਿਨ ਨੀਬਰੀਆ ਨੇ ਦੱਸਿਆ ਕਿ ਫਰਾਰ ਹੋਣ ਦੀ ਕੋਸ਼ਿਸ਼ ਦੌਰਾਨ ਸ਼ੱਕੀਆਂ ਦੀ ਹੌਂਡਾ ਸਿਵਿਕ ਗੱਡੀ ਸਾਹਮਣੇ ਜਾ ਰਹੀ ਗੱਡੀ ਵਿਚ ਵੱਜੀ। ਹਾਦਸੇ ਦੌਰਾਨ ਦੋ ਜਣਿਆਂ ਨੂੰ ਮਾਮੂਲੀ ਸੱਟਾਂ ਵੱਜੀਆਂ ਪਰ ਲੁੱਟ ਦੀ ਵਾਰਦਾਤ ਦੌਰਾਨ ਕਿਸੇ ਦੇ ਜ਼ਖਮੀ ਹੋਣ ਦੀ ਰਿਪੋਰਟ ਨਹੀਂ ਹੈ। ਵਾਰਦਾਤ ਮਗਰੋਂ ਪੁਲਿਸ ਨੇ ਸ਼ੱਕੀਆਂ ਦੀ ਪੈੜ ਨੱਪਣੀ ਸ਼ੁਰੂ ਕੀਤੀ ਤਾਂ ਛੇ ਜਣੇ ਇਕ ਰੈਸਟੋਰੈਂਟ ਦੇ ਬਾਥਰੂਮ ਵਿਚੋਂ ਕਾਬੂ ਆ ਗਏ। ਫਿਲਹਾਲ ਗ੍ਰਿਫ਼ਾਰ ਕੀਤੇ ਸ਼ੱਕੀਆਂ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਅਤੇ ਦੋਸ਼ ਆਇਦ ਕਰਨ ਦੀ ਕਾਰਵਾਈ ਵੀ ਬਾਅਦ ਵਿਚ ਕੀਤੀ ਜਾਵੇਗੀ।

ਵਾਰਦਾਤ ਦੀ ਚਸ਼ਮਦੀਦ ਭਾਰਤੀ ਔਰਤ ਨੇ ਬਿਆਨ ਕੀਤੀ ਹੱਡ-ਬੀਤੀ

ਇਥੇ ਦਸਣਾ ਬਣਦਾ ਹੈ ਕਿ ਸੋਮਵਾਰ ਬਾਅਦ ਦੁਪਹਿਰ ਹਿਲਕ੍ਰੈਸਟ ਮਾਲ ਦੇ ਪੀਪਲਜ਼ ਜਿਊਲਰੀ ਸਟੋਰ ਵਿਚ ਵੀ ਡਾਕਾ ਪਿਆ ਸੀ। ਚਾਰ ਸ਼ੱਕੀਆਂ ਨੇ ਵਾਰਦਾਤ ਨੂੰ ਅੰਜਾਮ ਦਿਤਾ ਜਦਕਿ ਪੰਜਵਾਂ ਉਨ੍ਹਾਂ ਦੀ ਬਾਹਰ ਉਡੀਕ ਕਰ ਰਿਹਾ ਸੀ। ਇਕ ਸ਼ੱਕੀ ਵੱਲੋਂ ਸਟੋਰ ਮੁਲਾਜ਼ਮ ਦੀ ਕੁੱਟ ਮਾਰ ਵੀ ਕੀਤੀ ਗਈ। ਬਿਲਕੁਲ ਇਸੇ ਕਿਸਮ ਦੀ ਵਾਰਦਾਤ ਬੀਤੇ ਸ਼ਨਿੱਚਰਵਾਰ ਨੂੰ ਇਟੋਬੀਕੋ ਦੇ ਸ਼ਰਵੇਅ ਗਾਰਡਨਜ਼ ਵਿਚ ਵੀ ਵਾਪਰ ਚੁੱਕੀ ਹੈ। ਫਿਲਹਾਲ ਪੁਲਿਸ ਵੱਲੋਂ ਇਨ੍ਹਾਂ ਵਾਰਦਾਤਾਂ ਨੂੰ ਆਪਸ ਵਿਚ ਜੋੜ ਕੇ ਨਹੀਂ ਦੇਖਿਆ ਜਾ ਰਿਹਾ।

Tags:    

Similar News