ਲਿਬਰਲ ਲੀਡਰਸ਼ਿਪ ਦੌੜ ਦਾ ਅੰਤਮ ਅੜਿੱਕਾ ਪਾਰ ਕਰ ਗਏ 5 ਉਮੀਦਵਾਰ
ਲਿਬਰਲ ਲੀਡਰਸ਼ਿਪ ਦੌੜ ਵਿਚ ਸ਼ਾਮਲ ਸਾਰੇ ਪੰਜ ਉਮੀਦਵਾਰਾਂ ਨੇ ਸੋਮਵਾਰ ਸ਼ਾਮ ਤੱਕ ਸਵਾ ਲੱਖ ਡਾਲਰ ਦੀ ਅੰਤਮ ਕਿਸ਼ਤ ਅਦਾ ਕਰਦਿਆਂ ਆਖਰੀ ਅੜਿੱਕਾ ਪਾਰ ਕਰ ਲਿਆ।;
ਔਟਵਾ : ਲਿਬਰਲ ਲੀਡਰਸ਼ਿਪ ਦੌੜ ਵਿਚ ਸ਼ਾਮਲ ਸਾਰੇ ਪੰਜ ਉਮੀਦਵਾਰਾਂ ਨੇ ਸੋਮਵਾਰ ਸ਼ਾਮ ਤੱਕ ਸਵਾ ਲੱਖ ਡਾਲਰ ਦੀ ਅੰਤਮ ਕਿਸ਼ਤ ਅਦਾ ਕਰਦਿਆਂ ਆਖਰੀ ਅੜਿੱਕਾ ਪਾਰ ਕਰ ਲਿਆ। ਹੁਣ ਉਹ ਕੈਨੇਡੀਅਨ ਲੋਕਾਂ ਅੱਗੇ ਸਰਕਾਰੀ ਖਰਚੇ, ਹਾਊਸਿੰਗ, ਐਨਰਜੀ, ਖੁਰਾਕ ਸੁਰੱਖਿਆ ਅਤੇ ਰੁਜ਼ਗਾਰ ਬੀਮੇ ਵਰਗੇ ਮੁੱਦਿਆਂ ’ਤੇ ਵਧੇਰੇ ਤਜਵੀਜ਼ਾਂ ਪੇਸ਼ ਕਰਦਿਆਂ ਆਪਣਾ ਪੱਖ ਮਜ਼ਬੂਤ ਕਰ ਸਕਣਗੇ। ਮਾਰਕ ਕਾਰਨੀ, ਕ੍ਰਿਸਟੀਆ ਫਰੀਲੈਂਡ, ਰੂਬੀ ਢੱਲਾ, ਕਰੀਨਾ ਗੂਲਡ ਅਤੇ ਫਰੈਂਕ ਬੇਅਲਿਸ ਦਰਮਿਆਨ ਫਰੈਂਚ ਭਾਸ਼ਾ ਦੀ ਬਹਿਸ 24 ਫ਼ਰਵਰੀ ਨੂੰ ਹੋਵੇਗੀ ਜਦਕਿ 25 ਫ਼ਰਵਰੀ ਨੂੰ ਸਾਰੇ ਉਮੀਦਵਾਰ ਅੰਗਰੇਜ਼ੀ ਭਾਸ਼ਾ ਵਿਚ ਬਹਿਸ ਕਰਨਗੇ।
1.25 ਲੱਖ ਡਾਲਰ ਦੀ ਆਖਰੀ ਕਿਸ਼ਤ ਜਮ੍ਹਾਂ ਕਰਵਾਈ
ਸੀ.ਬੀ.ਸੀ. ਨਿਊਜ਼ ਦੀ ਰਿਪੋਰਟ ਮੁਤਾਬਕ ਮਾਰਕ ਕਾਰਨੀ ਦੇ ਕੈਂਪੇਨ ਵੱਲੋਂ ਸੋਮਵਾਰ ਬਾਅਦ ਦੁਪਹਿਰ ਸਵਾ ਲੱਖ ਡਾਲਰ ਦੀ ਅੰਤਮ ਕਿਸ਼ਤ ਜਮ੍ਹਾਂ ਕਰਵਾਈ ਗਈ। ਬੈਂਕ ਆਫ਼ ਕੈਨੇਡਾ ਦੇ ਸਾਬਕਾ ਗਵਰਨਰ ਨੂੰ ਲੀਡਰਸ਼ਿਪ ਦੌੜ ਵਿਚ ਸਭ ਤੋਂ ਅੱਗੇ ਮੰਨਿਆ ਜਾ ਰਿਹਾ ਹੈ ਜਿਨ੍ਹਾਂ ਨੂੰ 80 ਐਮ.ਪੀਜ਼ ਅਤੇ ਕੈਬਨਿਟ ਮੰਤਰੀਆਂ ਦੀ ਹਮਾਇਤ ਮਿਲ ਚੁੱਕੀ ਹੈ। ਕਾਰਨੀ ਦਾ ਮੰਨਣਾ ਹੈ ਕਿ ਉਨ੍ਹਾਂ ਦੀ ਅਗਵਾਈ ਵਾਲੀ ਸਰਕਾਰ ਕੈਨੇਡੀਅਨ ਅਰਥਚਾਰੇ ਨੂੰ ਹੁਲਾਰਾ ਦੇਣ ਲਈ ਬਜਟ ਘਾਟੇ ਵਿਚੋਂ ਲੰਘ ਸਕਦੀ ਹੈ ਪਰ ਇਸ ਦੇ ਨਾਲ ਹੀ ਸਰਕਾਰੀ ਯੋਜਨਾਵਾਂ ਵਿਚ ਖਰਚੇ ਨੂੰ ਸੰਤੁਲਤ ਕਰਨ ਦੇ ਯਤਨ ਵੀ ਜਾਰੀ ਰੱਖੇ ਜਾਣਗੇ। ਉਧਰ ਸਾਬਕਾ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਨੂੰ 26 ਐਮ.ਪੀਜ਼ ਅਤੇ ਕੈਬਨਿਟ ਮੰਤਰੀਆਂ ਦੀ ਹਮਾਇਤ ਹਾਸਲ ਹੈ ਪਰ ਉਨ੍ਹਾਂ ਵੱਲੋਂ ਪਾਰਟੀ ਵਿਚ ਜ਼ਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਵਰਕਰਾਂ ਵੱਲ ਧਿਆਨ ਕੇਂਦਰਤ ਕਰਨ ’ਤੇ ਜ਼ੋਰ ਦਿਤਾ ਜਾ ਰਿਹਾ ਹੈ। ਫਰੀਲੈਂਡ ਦਾ ਮੰਨਣਾ ਹੈ ਕਿ ਟਰੰਪ ਦੀਆਂ ਟੈਰਿਫ਼ਜ਼ ਲਾਗੂ ਹੋਣ ’ਤੇ ਕੈਨੇਡਾ ਅਤੇ ਅਮਰੀਕਾ ਦਰਮਿਆਨ ਕਾਰੋਬਾਰੀ ਜੰਗ ਛਿੜ ਜਾਵੇਗੀ ਅਤੇ ਇਸ ਸੰਘਰਸ਼ ਦੌਰਾਨ ਜੇਤੂ ਰਹਿਣ ਲਈ ਗੁਆਂਢੀ ਮੁਲਕ ਵੱਲੋਂ ਟੈਕਸ ਦੇ ਰੂਪ ਵਿਚ ਵਸੂਲ ਕੀਤੇ ਜਾਣ ਵਾਲੇ ਹਰ ਡਾਲਰ ਦੇ ਬਰਾਬਰ ਟੈਕਸ ਲਾਉਣਾ ਹੋਵੇਗਾ। ਫਰੀਲੈਂਡ ਵੱਲੋਂ ਦੂਜੀ ਇਨਕਮ ਟੈਕਸ ਬ੍ਰੈਕਟ ਨੂੰ 20.5 ਫ਼ੀ ਸਦੀ ਤੋਂ ਘਟਾ ਕੇ 19 ਫ਼ੀ ਸਦੀ ਕਰਨ ਦੀ ਤਜਵੀਜ਼ ਹੈ ਜਿਸ ਨਾਲ ਇਕ ਕਰੋੜ 10 ਲੱਖ ਕੈਨੇਡੀਅਨਜ਼ ਨੂੰ 550 ਡਾਲਰ ਸਾਲਾਨਾ ਦੀ ਬੱਚਤ ਹੋਵੇਗੀ। ਕਰੀਨਾ ਗੂਲਡ ਦਾ ਜ਼ਿਕਰ ਕੀਤਾ ਜਾਵੇ ਤਾਂ ਉਨ੍ਹਾਂ ਨੂੰ ਸਿਰਫ਼ 2 ਐਮ.ਪੀਜ਼ ਦੀ ਹਮਾਇਤ ਹਾਸਲ ਹੈ ਜਿਨ੍ਹਾਂ ਵੱਲੋਂ ਪੂਰੇ ਮੁਲਕ ਵਿਚ ਲਿਬਰਲ ਵਰਕਰਾਂ ਤੋਂ ਭਰਵਾਂ ਹੁੰਗਾਰਾ ਮਿਲਣ ਦਾ ਦਾਅਵਾ ਕੀਤਾ ਜਾ ਰਿਹਾ ਹੈ।
ਫਰੈਂਚ ਭਾਸ਼ਾ ਦੀ ਬਹਿਸ 24 ਫ਼ਰਵਰੀ ਨੂੰ, ਅੰਗਰੇਜ਼ੀ ਵਾਲੀ 25 ਫ਼ਰਵਰੀ ਨੂੰ
ਸਾਬਕਾ ਐਮ.ਪੀ. ਰੂਬੀ ਢੱਲਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸਵਾ ਲੱਖ ਡਾਲਰ ਦੀ ਅੰਤਮ ਕਿਸ਼ਤ ਸ਼ੁੱਕਰਵਾਰ ਨੂੰ ਹੀ ਜਮ੍ਹਾਂ ਕਰਵਾ ਦਿਤੀ ਗਈ ਸੀ ਅਤੇ ਹਜ਼ਾਰ ਲਿਬਰਲ ਵਰਕਾਰ ਉਨ੍ਹਾਂ ਦੇ ਵਿਜ਼ਨ ਦੀ ਹਮਾਇਤ ਕਰ ਰਹੇ ਹਨ। ਰੂਬੀ ਢੱਲਾ ਕੈਨੇਡਾ ਵਿਚ ਗੈਰਕਾਨੂੰਨੀ ਤੌਰ ’ਤੇ ਰਹਿ ਰਹੇ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਦਾ ਵਾਅਦਾ ਕਰ ਚੁੱਕੇ ਹਨ ਅਤੇ ਨਸ਼ਿਆਂ ਦੀ ਬਰਾਮਦਗੀ ਹੋਣ ’ਤੇ ਉਮਰ ਕੈਦ ਦੀ ਸਜ਼ਾ ਦਿਤੀ ਜਾਵੇਗੀ। ਉਨ੍ਹਾਂ ਵੱਲੋਂ ਕੈਨੇਡੀਅਨ ਹੈਲਥ ਕੇਅਰ ਸਿਸਟਮ ਦੀ ਸਮੀਖਿਆ ਕਰਦਿਆਂ ਨਵਾਂ ਹੈਲਥ ਜ਼ਾਰ ਨਿਯੁਕਤ ਕਰਨ ਅਤੇ ਵਾਧੂ ਖਰਚੇ ਰੋਕਣ ਲਈ ਇਕਨੌਮਿਕ ਜ਼ਾਰ ਨਿਯੁਕਤ ਕਰਨ ਦਾ ਜ਼ਿਕਰ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਮਾਂਟਰੀਅਲ ਦੇ ਕਾਰੋਬਾਰੀ ਫਰੈਂਕ ਬੇਅਲਿਸ ਵੱਲੋਂ ਸੋਮਵਾਰ ਨੂੰ ਊਰਜਾ ਸੁਰੱਖਿਆ ਯੋਜਨਾ ਪੇਸ਼ ਕੀਤੀ ਗਈ। ਉਹ ਯੂਰਪ ਅਤੇ ਏਸ਼ੀਆ ਤੱਕ ਨੈਚੁਰਲ ਗੈਸ ਪਹੁੰਚਾਉਣ ਲਈ ਦੋ ਪਾਈਪਲਾਈਨ ਕੌਰੀਡੋਰ ਸਥਾਪਤ ਕਰਨਾ ਚਾਹੁੰਦੇ ਹਨ। ਬੇਅਲਿਸ ਵੱਲੋਂ ਸੈਨੇਟਰਾਂ ਅਤੇ ਐਮ.ਪੀਜ਼ ਦਾ ਕਾਰਜਕਾਲ 10 ਸਾਲ ਤੱਕ ਸੀਮਤ ਕਰਨ ਦੀ ਤਜਵੀਜ਼ ਵੀ ਪੇਸ਼ ਕੀਤੀ ਗਈ ਹੈ। ਇਥੇ ਦਸਣਾ ਬਣਦਾ ਹੈ ਕਿ ਲਿਬਰਲ ਪਾਰਟੀ ਵੱਲੋਂ 9 ਮਾਰਚ ਨੂੰ ਨਵੇਂ ਆਗੂ ਦੀ ਚੋਣ ਕੀਤੀ ਜਾਣੀ ਹੈ।