ਕੈਨੇਡਾ ਵਿਚ ਪੈਦਾ ਹੋਈਆਂ 47 ਹਜ਼ਾਰ ਨਵੀਆਂ ਨੌਕਰੀਆਂ
ਕੈਨੇਡੀਅਨ ਅਰਥਚਾਰੇ ਨੂੰ ਵੱਡਾ ਹੁਲਾਰਾ ਮਿਲਿਆ ਜਦੋਂ ਸਤੰਬਰ ਦੌਰਾਨ 47 ਹਜ਼ਾਰ ਨਵੀਆਂ ਨੌਕਰੀਆਂ ਪੈਦਾ ਹੋਈਆਂ ਅਤੇ ਬੇਰੁਜ਼ਗਾਰੀ ਦਰ ਘਟ ਕੇ 6.5 ਫ਼ੀ ਸਦੀ ’ਤੇ ਆ ਗਈ। ਫੁੱਲ ਟਾਈਮ ਨੌਕਰੀਆਂ ਵਿਚੋਂ ਮਈ 2022 ਤੋਂ ਬਾਅਦ ਸਭ ਤੋਂ ਤੇਜ਼ ਵਾਧਾ ਹੋਇਆ ਅਤੇ ਇਸ ਸਾਲ ਜਨਵਰੀ ਮਹੀਨੇ ਮਗਰੋਂ ਪਹਿਲੀ ਵਾਰ ਬੇਰੁਜ਼ਗਾਰੀ ਦਰ ਵਿਚ ਕਮੀ ਆਈ।;
ਟੋਰਾਂਟੋ : ਕੈਨੇਡੀਅਨ ਅਰਥਚਾਰੇ ਨੂੰ ਵੱਡਾ ਹੁਲਾਰਾ ਮਿਲਿਆ ਜਦੋਂ ਸਤੰਬਰ ਦੌਰਾਨ 47 ਹਜ਼ਾਰ ਨਵੀਆਂ ਨੌਕਰੀਆਂ ਪੈਦਾ ਹੋਈਆਂ ਅਤੇ ਬੇਰੁਜ਼ਗਾਰੀ ਦਰ ਘਟ ਕੇ 6.5 ਫ਼ੀ ਸਦੀ ’ਤੇ ਆ ਗਈ। ਫੁੱਲ ਟਾਈਮ ਨੌਕਰੀਆਂ ਵਿਚੋਂ ਮਈ 2022 ਤੋਂ ਬਾਅਦ ਸਭ ਤੋਂ ਤੇਜ਼ ਵਾਧਾ ਹੋਇਆ ਅਤੇ ਇਸ ਸਾਲ ਜਨਵਰੀ ਮਹੀਨੇ ਮਗਰੋਂ ਪਹਿਲੀ ਵਾਰ ਬੇਰੁਜ਼ਗਾਰੀ ਦਰ ਵਿਚ ਕਮੀ ਆਈ। ਪਿਛਲੇ ਡੇਢ ਸਾਲ ਤੋਂ ਬੇਰੁਜ਼ਗਾਰੀ ਦਰ ਵਿਚ ਵਾਧਾ ਹੋ ਰਿਹਾ ਸੀ ਅਤੇ ਅਗਸਤ ਵਿਚ ਇਹ 6.6 ਫ਼ੀ ਸਦੀ ’ਤੇ ਪੁੱਜ ਗਈ। ਬੈਂਕ ਆਫ਼ ਮੌਂਟਰੀਅਲ ਦੇ ਚੀਫ਼ ਇਕੌਨੋਮਿਸਟ ਡਗਲਸ ਪੋਰਟਰ ਦਾ ਕਹਿਣਾ ਸੀ ਕਿ ਰੁਜ਼ਗਾਰ ਨਾਲ ਸਬੰਧਤ ਅੰਕੜੇ ਹਰ ਮਹੀਨੇ ਵਧਦੇ ਘਟਦੇ ਰਹਿੰਦੇ ਹਨ ਜਿਸ ਨੂੰ ਵੇਖਦਿਆਂ ਸਿਰਫ ਸਤੰਬਰ ਦੇ ਅੰਕੜਿਆਂ ਨੂੰ ਆਰਥਿਕ ਵਿਕਾਸ ਦਰ ਦਾ ਆਧਾਰ ਨਹੀਂ ਬਣਾਇਆ ਜਾ ਸਕਦਾ ਪਰ ਵੱਡੀ ਗਿਣਤੀ ਵਿਚ ਨੌਕਰੀਆਂ ਅਰਥਚਾਰੇ ਵਿਚ ਸੁਧਾਰ ਦਾ ਸੰਕੇਤ ਦੇ ਰਹੀਆਂ ਹਨ। ਦੂਜੇ ਪਾਸੇ ਸੀ.ਆਈ.ਬੀ.ਸੀ. ਦੀ ਆਰਥਿਕ ਮਾਹਰ ਕੈਥਰੀਨ ਜੱਜ ਨੇ ਕਿਹਾ ਕਿ ਭਾਵੇਂ ਨੌਕਰੀਆਂ ਦੀ ਗਿਣਤੀ ਵਧੀ ਪਰ ਕੰਮ ਦੇ ਕੁਲ ਘੰਟਿਆਂ ਵਿਚ 0.4 ਫੀ ਸਦੀ ਦੀ ਮਾਮੂਲੀ ਕਮੀ ਵੀ ਦਰਜ ਕੀਤੀ ਗਈ।
ਮੌਜੂਦਾ ਵਰ੍ਹੇ ਵਿਚ ਪਹਿਲੀ ਵਾਰ ਘਟੀ ਬੇਰੁਜ਼ਗਾਰੀ ਦਰ
ਆਰਥਿਕ ਮਾਹਰਾਂ ਦਾ ਇਹ ਵੀ ਕਹਿਣਾ ਹੈ ਕਿ ਸਤੰਬਰ ਵਿਚ ਸਕੂਲੀ ਵਰ੍ਹਾ ਸ਼ੁਰੂ ਹੋ ਜਾਂਦਾ ਹੈ ਅਤੇ ਹਜ਼ਾਰ ਦੀ ਗਿਣਤੀ ਵਿਚ ਵਿਦਿਆਰਥੀ ਨੌਕਰੀਆਂ ਛੱਡ ਦਿੰਦੇ ਹਨ। ਸੰਭਾਵਤ ਤੌਰ ’ਤੇ ਇਸੇ ਕਰ ਕੇ ਸਤੰਬਰ ਦੌਰਾਨ ਅਕਸਰ ਹੀ ਰੁਜ਼ਗਾਰ ਦੇ ਮੌਕਿਆਂ ਦਾ ਅੰਕੜਾ ਉਪਰ ਵੱਲ ਜਾਂਦਾ ਦੇਖਿਆ ਜਾ ਸਕਦਾ ਹੈ। ਸਟੈਟਿਸਟਿਕਸ ਕੈਨੇਡਾ ਦੇ ਅੰਕੜਿਆਂ ਮੁਤਾਬਕ 25 ਸਾਲ ਤੋਂ 54 ਸਾਲ ਉਮਰ ਵਾਲਿਆਂ ਨੂੰ ਰੁਜ਼ਗਾਰ ਦੇ ਨਵੇਂ ਮੌਕਿਆਂ ਦਾ ਸਭ ਤੋਂ ਵੱਧ ਫਾਇਦਾ ਮਿਲਿਆ। ਇਥੇ ਦਸਣਾ ਬਣਦਾ ਹੈ ਕਿ ਕੈਨੇਡਾ ਵਿਚ ਮਹਿੰਗਾਈ ਦਰ ਪਹਿਲਾਂ ਹੀ ਦੋ ਫ਼ੀ ਸਦੀ ਦੇ ਪੱਧਰ ’ਤੇ ਆ ਚੁੱਕੀ ਹੈ ਅਤੇ ਆਉਣ ਵਾਲੇ ਸਮੇਂ ਦੌਰਾਨ ਬੈਂਕ ਆਫ਼ ਕੈਨੇਡਾ ਵੱਲੋਂ ਵਿਆਜ ਦਰਾਂ ਵਿਚ ਕਟੌਤੀ ਨਾਲ ਅਰਥਚਾਰੇ ਨੂੰ ਫਾਇਦਾ ਹੋ ਸਕਦਾ ਹੈ। ਅਮਰੀਕਾ ਵਿਚ ਵਿਆਜ ਦਰਾਂ ਅੱਧਾ ਫੀ ਸਦੀ ਘਟਾਏ ਜਾਣ ਦੇ ਮੱਦੇਨਜ਼ਰ ਕੈਨੇਡਾ ਵਾਲੇ ਵੀ ਐਨੀ ਹੀ ਕਟੌਤੀ ਦੀ ਉਮੀਦ ਕਰ ਰਹੇ ਹਨ। ਉਜਰਤਾਂ ਵਿਚ ਵਾਧੇ ਦਾ ਜ਼ਿਕਰ ਕੀਤਾ ਜਾਵੇ ਤਾਂ ਸਾਲਾਨਾ ਆਧਾਰ ’ਤੇ 4.6 ਫ਼ੀ ਸਦੀ ਵਾਧਾ ਹੋਇਆ ਜੋ ਅਗਸਤ ਵਿਚ 5 ਫੀ ਸਦੀ ਦਰਜ ਕੀਤਾ ਗਿਆ ਸੀ। ਅਫ਼ਰੀਕੀ ਮੂਲ ਦੇ ਕੈਨੇਡੀਅਨਜ਼ ਵਿਚ ਬੇਰੁਜ਼ਗਾਰੀ ਦਰ 11 ਫੀ ਸਦੀ ਦਰਜ ਕੀਤੀ ਗਈ ਜਦਕਿ ਸਾਊਥ ਏਸ਼ੀਅਨਜ਼ ਵਿਚ ਬੇਰੁਜ਼ਗਾਰੀ ਦਰ 7.3 ਫ਼ੀ ਸਦੀ ਰਹੀ। ਗੋਰਿਆਂ ਦੇ ਮਾਮਲੇ ਵਿਚ ਬੇਰੁਜ਼ਗਾਰ ਦਰ ਸਭ ਤੋਂ ਘੱਟ 4.4 ਫ਼ੀ ਸਦੀ ਦਰਜ ਕੀਤੀ ਗਈ।