ਕੈਨੇਡਾ ਦਾ 400 ਕਿਲੋ ਸੋਨਾ ਪੰਜਾਬ ਵਿਚ!
400 ਕਿਲੋ ਸੋਨਾ ਲੁੱਟਣ ਦੇ ਮਾਮਲੇ ਵਿਚ ਕੈਨੇਡੀਅਨ ਪੁਲਿਸ ਵੱਲੋਂ ਭਗੌੜਾ ਕਰਾਰ ਸਿਮਰਨਪ੍ਰੀਤ ਪਨੇਸਰ ਆਪਣੇ ਪਰਵਾਰ ਨਾਲ ਚੁੱਪ-ਚਪੀਤੇ ਚੰਡੀਗੜ੍ਹ ਵਿਚ ਰਹਿ ਰਿਹਾ ਹੈ।;
ਚੰਡੀਗੜ੍ਹ : 400 ਕਿਲੋ ਸੋਨਾ ਲੁੱਟਣ ਦੇ ਮਾਮਲੇ ਵਿਚ ਕੈਨੇਡੀਅਨ ਪੁਲਿਸ ਵੱਲੋਂ ਭਗੌੜਾ ਕਰਾਰ ਸਿਮਰਨਪ੍ਰੀਤ ਪਨੇਸਰ ਆਪਣੇ ਪਰਵਾਰ ਨਾਲ ਚੁੱਪ-ਚਪੀਤੇ ਚੰਡੀਗੜ੍ਹ ਵਿਚ ਰਹਿ ਰਿਹਾ ਹੈ। ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਮੁਤਾਬਕ ਉਨ੍ਹਾਂ ਦੀ ਟੀਮ ਸਿਮਰਨਪ੍ਰੀਤ ਪਨੇਸਰ ਦੇ ਘਰ ਪੁੱਜੀ ਤਾਂ ਉਸ ਨੇ ਕਾਨੂੰਨੀ ਅੜਿੱਕਿਆਂ ਦਾ ਹਵਾਲਾ ਦਿੰਦਿਆਂ ਕੈਮਰੇ ’ਤੇ ਕੁਝ ਵੀ ਬੋਲਣ ਤੋਂ ਨਾਂਹ ਕਰ ਦਿਤੀ। ਸਿਮਰਨਪ੍ਰੀਤ ਦੇ ਆਂਢ-ਗੁਆਂਢ ਵਿਚ ਰਹਿੰਦੇ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਸੇ ਮਾਮਲੇ ਵਿਚ ਸ਼ਾਮਲ ਹੋਣ ਦੀ ਗੱਲ ਤਾਂ ਮੰਨੀ ਪਰ ਨਾਲ ਹੀ ਇਹ ਵੀ ਕਿਹਾ ਕਿ ਸਿਮਰਨਪ੍ਰੀਤ ਦਾਅਵਾ ਕਰਦਾ ਆਇਆ ਹੈ ਕਿ ਮਾਮਲਾ ਸੁਲਝਾਇਆ ਜਾ ਚੁੱਕਾ ਹੈ। ਟੋਰਾਂਟੋ ਦੇ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ’ਤੇ ਹੋਈ ਕੈਨੇਡੀਅਨ ਇਤਿਹਾਸ ਦੀ ਸਭ ਤੋਂ ਵੱਡੀ ਲੁੱਟ ਦੌਰਾਨ ਖਰੇ ਸੋਨੇ ਦੀਆਂ 6,600 ਇੱਟਾਂ ਫ਼ਿਲਮੀ ਅੰਦਾਜ਼ ਵਿਚ ਲੁਟੇਰੇ ਲੈ ਗਏ ਜਿਨ੍ਹਾਂ ਦੀ ਵਜ਼ਨ 4 ਕੁੁਇੰਟਲ ਬਣਦਾ ਸੀ। ਪੀਲ ਰੀਜਨਲ ਪੁਲਿਸ ਹੁਣ ਤੱਕ ਇਸ ਮਾਮਲੇ ਵਿਚ ਅਰਚਿਤ ਗਰੋਵਰ , ਪਰਮਪਾਲ ਸਿੱਧੂ ਅਤੇ ਅਮਿਤ ਜਲੋਟਾ ਨੂੰ ਕਾਬੂ ਕਰ ਚੁੱਕੀ ਹੈ ਜਦਕਿ ਅਮਾਦ ਚੌਧਰੀ, ਅਲੀ ਰਜ਼ਾ ਅਤੇ ਪ੍ਰਸਾਦ ਪਰਮਾÇਲੰਗਮ ਵੀ ਸ਼ੱਕੀਆਂ ਦੀ ਸੂਚੀ ਵਿਚ ਸ਼ਾਮਲ ਹਨ।
ਚੰਡੀਗੜ੍ਹ ’ਚ ਚੁੱਪ ਚਪੀਤੇ ਰਹਿ ਰਿਹੈ ਸ਼ੱਕੀ
ਪਬਲਿਕ ਰਿਕਾਰਡ ਮੁਤਾਬਕ ਸਿਮਰਨ ਪ੍ਰੀਤ ਪਨੇਸਰ ਬਰੈਂਪਟਨ ਵਿਖੇ ਰਹਿੰਦਾ ਸੀ ਅਤੇ ਅਪ੍ਰੈਲ 2024 ਦੌਰਾਨ ਗੁਆਂਢੀਆਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ ਉਨ੍ਹਾਂ ਨੇ ਪਰਵਾਰ ਨੂੰ ਕਈ ਮਹੀਨੇ ਤੋਂ ਨਹੀਂ ਦੇਖਿਆ। ਪੀਲ ਰੀਜਨਲ ਪੁਲਿਸ ਦਾ ਕਹਿਣਾ ਹੈ ਕਿ ਲੁੱਟ ਦੀ ਵਾਰਦਾਤ ਬਾਰੇ ਮੁਢਲੀ ਪੜਤਾਲ ਦੌਰਾਨ ਪਨੇਸਰ ਨੇ ਹੀ ਜਾਂਚਕਰਤਾਵਾਂ ਨੂੰ ਹਵਾਈ ਅੱਡੇ ਦੇ ਵੇਅਰਹਾਊਸ ਵਾਲੇ ਇਲਾਕੇ ਗੇੜਾ ਲਗਵਾਇਆ ਸੀ। ਉਸ ਵੇਲੇ ਉਹ ਘਬਰਾਹਟ ਵਿਚ ਨਜ਼ਰ ਆਇਆ ਅਤੇ ਕੁਝ ਦਿਨ ਬਾਅਦ ਗਾਇਬ ਹੋ ਗਿਆ। ਸਿਮਰਨਪ੍ਰੀਤ ਪਨੇਸਰ ਦੇ ਵਕੀਲ ਵੱਲੋਂ ਪੀਲ ਪੁਲਿਸ ਨੂੰ ਯਕੀਨ ਦਿਵਾਇਆ ਗਿਆ ਸੀ ਕਿ ਉਸ ਦਾ ਮੁਵੱਕਲ ਆਤਮ ਸਮਰਪਣ ਕਰ ਦੇਵੇਗਾ ਪਰ ਅਜਿਹਾ ਨਾ ਹੋ ਸਕਿਆ ਅਤੇ ਉਸ ਦੀ ਗ੍ਰਿਫ਼ਤਾਰੀ ਲਈ ਕੈਨੇਡਾ ਪੱਧਰੀ ਵਾਰੰਟ ਜਾਰੀ ਹੋ ਗਏ। ਦੂਜੇ ਪਾਸੇ 35 ਸਾਲ ਦਾ ਪ੍ਰਸਾਦ ਪਰਮਾÇਲੰਗਮ ਅਦਾਲਤ ਵਿਚ ਪੇਸ਼ੀ ਦੌਰਾਨ ਹਾਜ਼ਰ ਨਾ ਹੋਇਆ ਜਿਸ ਮਗਰੋਂ ਉਸ ਦੇ ਨਾਂ ਵੀ ਵਾਰੰਟ ਕੱਢੇ ਗਏ। ਪੁਲਿਸ ਮੁਤਾਬਕ ਪਰਮਾÇਲੰਗਮ ਨੇ ਦੁਰਾਂਤੇ ਕਿੰਗ ਮੈਕਲੀਨ ਦੀ ਮਦਦ ਕੀਤੀ ਜੋ ਸਫੈਦ ਰੰਗ ਦੇ ਟਰੱਕ ਵਿਚ ਢਾਈ ਕਰੋੜ ਡਾਲਰ ਤੋਂ ਵੱਧ ਮੁੱਲ ਦਾ ਸੋਨਾ ਲੱਦ ਕੇ ਫਰਾਰ ਹੋ ਗਿਆ। ਇਥੇ ਦਸਣਾ ਬਣਦਾ ਹੈ ਕਿ ਟੋਰਾਂਟੋ ਦੇ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਤੋਂ ਲੁੱਟੇ 400 ਕਿਲੋ ਸੋਨੇ ਨਾਲ ਸਬੰਧਤ ਇਕ ਮੁਕੱਦਮਾ ਅਮਰੀਕਾ ਵਿਚ ਵੀ ਚੱਲ ਰਿਹਾ ਹੈ ਅਤੇ ਪੈਨਸਿਲਵੇਨੀਆ ਸਟੇਟ ਪੁਲਿਸ ਅਰਚਿਤ ਗਰੋਵਰ ਤੇ ਪ੍ਰਸਾਦ ਪਰਮਾÇਲੰਗਮ ਦੀ ਹਿਰਾਸਤ ਚਾਹੁੰਦੀ ਹੈ ਜੋ ਇਸ ਵੇਲੇ ਕੈਨੇਡਾ ਵਿਚ ਮੌਜੂਦ ਹਨ। ਦੱਸਿਆ ਜਾ ਰਿਹਾ ਹੈ ਕਿ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਦਾਖਲ ਹੋਇਆ ਇਕ ਹੋਰ ਕੈਨੇਡੀਅਨ ਪਹਿਲਾਂ ਹੀ ਪੈਨਸਿਲਵੇਨੀਆ ਪੁਲਿਸ ਦੀ ਹਿਰਾਸਤ ਵਿਚ ਹੈ।
ਸਿਮਰਨਪ੍ਰੀਤ ਪਨੇਸਰ ਨੇ ਕੈਮਰੇ ਅੱਗੇ ਬੋਲਣ ਤੋਂ ਕੀਤੀ ਨਾਂਹ
ਦੂਜੇ ਪਾਸੇ ਪੀਲ ਰੀਜਨਲ ਪੁਲਿਸ ਅਮਰੀਕਾ ਵਿਚ ਗ੍ਰਿਫ਼ਤਾਰ ਕਿੰਗ ਮੈਕਲੀਨ ਦੀ ਹਵਾਲਗੀ ਚਾਹੁੰਦੀ ਹੈ ਜੋ ਸੰਭਾਵਤ ਤੌਰ ਲੁੱਟ ਦੌਰਾਨ ਵਰਤਿਆ ਸਫੈਦ ਟਰੱਕ ਚਲਾ ਰਿਹਾ ਸੀ। ਪੈਨਸਿਲਵੇਨੀਆ ਪੁਲਿਸ ਦਾ ਦੋਸ਼ ਹੈ ਕਿ ਪਰਮਾÇਲੰਗਮ ਨੇ ਕਿੰਗ ਮੈਕਲੀਨ ਨੂੰ ਅਮਰੀਕਾ ਵਿਚ ਗੈਰਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਵਿਚ ਮਦਦ ਕੀਤੀ ਅਤੇ ਇਸ ਦੇ ਨਾਲ ਹੀ ਹਥਿਆਰਾਂ ਦੀ ਤਸਕਰੀ ਵਿਚ ਵੀ ਸ਼ਾਮਲ ਰਿਹਾ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਸਿਮਰਨਪ੍ਰੀਤ ਪਨੇਸਰ ਦੀ ਹਵਾਲਗੀ ਹਾਸਲ ਕਰਨ ਲਈ ਕੈਨੇਡੀਅਨ ਪੁਲਿਸ ਕਿਹੜਾ ਰਾਹ ਅਖਤਿਆਰ ਕਰਦੀ ਹੈ ਪਰ ਦੂਜਾ ਵੱਡਾ ਸਵਾਲ ਇਹ ਪੈਦਾ ਹੁੰਦਾ ਹੈ ਕਿ 400 ਕਿਲੋ ਸੋਨੇ ਦੀ ਕੋਈ ਉਘ ਸੁੱਘ ਅੱਜ ਤੱਕ ਨਹੀਂ ਮਿਲ ਸਕੀ।