400 ਕਿਲੋ ਸੋਨਾ ਲੁੱਟਣ ਦਾ ਮਾਮਲਾ : ਕੈਨੇਡਾ ਪੁਲਿਸ ਅੱਗੇ ਆਤਮ ਸਮਰਪਣ ਕਰੇਗਾ ਪੰਜਾਬੀ

ਕੈਨੇਡੀਅਨ ਇਤਿਹਾਸ ਦੀ ਸਭ ਤੋਂ ਵੱਡੀ ਲੁੱਟ ਦੇ ਮਾਮਲੇ ਵਿਚ ਲੋੜੀਂਦਾ ਸਿਮਰਨ ਪ੍ਰੀਤ ਪਨੇਸਰ ਜਲਦ ਹੀ ਪੁਲਿਸ ਅੱਗੇ ਆਤਮ ਸਮਰਪਣ ਕਰ ਸਕਦਾ ਹੈ। ਸੀ.ਬੀ.ਸੀ. ਦੀ ਰਿਪੋਰਟ ਮੁਤਾਬਕ ਸਿਮਰਨ ਪ੍ਰੀਤ ਦੇ ਵਕੀਲ ਗ੍ਰੈਗ ਲਾਫੌਨਟੇਨ ਨੇ ਕਿਹਾ ਕਿ ਉਸ ਦੇ ਮੁਵੱਕਲ ਨੂੰ ਕੈਨੇਡੀਅਨ ਨਿਆਂ ਪ੍ਰਣਾਲੀ ’ਤੇ ਵਿਸ਼ਵਾਸ ਹੈ ਅਤੇ ਮੁਕੱਦਮਾ ਖਤਮ ਹੋਣ ਮਗਰੋਂ ਉਹ ਬੇਦਾਗ ਸਾਬਤ ਹੋਵੇਗਾ।

Update: 2024-06-15 05:38 GMT

ਟੋਰਾਂਟੋ : ਕੈਨੇਡੀਅਨ ਇਤਿਹਾਸ ਦੀ ਸਭ ਤੋਂ ਵੱਡੀ ਲੁੱਟ ਦੇ ਮਾਮਲੇ ਵਿਚ ਲੋੜੀਂਦਾ ਸਿਮਰਨ ਪ੍ਰੀਤ ਪਨੇਸਰ ਜਲਦ ਹੀ ਪੁਲਿਸ ਅੱਗੇ ਆਤਮ ਸਮਰਪਣ ਕਰ ਸਕਦਾ ਹੈ। ਸੀ.ਬੀ.ਸੀ. ਦੀ ਰਿਪੋਰਟ ਮੁਤਾਬਕ ਸਿਮਰਨ ਪ੍ਰੀਤ ਦੇ ਵਕੀਲ ਗ੍ਰੈਗ ਲਾਫੌਨਟੇਨ ਨੇ ਕਿਹਾ ਕਿ ਉਸ ਦੇ ਮੁਵੱਕਲ ਨੂੰ ਕੈਨੇਡੀਅਨ ਨਿਆਂ ਪ੍ਰਣਾਲੀ ’ਤੇ ਵਿਸ਼ਵਾਸ ਹੈ ਅਤੇ ਮੁਕੱਦਮਾ ਖਤਮ ਹੋਣ ਮਗਰੋਂ ਉਹ ਬੇਦਾਗ ਸਾਬਤ ਹੋਵੇਗਾ। ਵਕੀਲ ਨੇ ਇਹ ਨਹੀਂ ਦੱਸਿਆ ਕਿ ਸਿਮਰਨ ਪ੍ਰੀਤ ਇਸ ਵੇਲੇ ਕਿੱਥੇ ਹੈ। ਲਾਫੌਨਟੇਨ ਨੇ ਦੱਸਿਆ ਕਿ ਜਿਉਂ ਹੀ ਪਨੇਸਰ ਨੂੰ ਆਪਣੇ ਵਿਰੁੱਧ ਗ੍ਰਿਫ਼ਤਾਰੀ ਵਾਰੰਟ ਜਾਰੀ ਹੋਣ ਬਾਰੇ ਪਤਾ ਲੱਗਾ ਤਾਂ ਉਸ ਨੇ ਕਾਨੂੰਨੀ ਮਦਦ ਲਈ ਸੰਪਰਕ ਕੀਤਾ। ਲਾਫੌਨਟੇਨ ਆਪਣੇ ਮੁਵੱਕਲ ਦੀ ਇੱਛਾ ਬਾਰੇ ਪੀਲ ਰੀਜਨਲ ਪੁਲਿਸ ਅਤੇ ਕ੍ਰਾਊਨ ਪ੍ਰੌਸੀਕਿਊਟਰ ਨੂੰ ਜਾਣੂ ਕਰਵਾ ਚੁੱਕੇ ਹਨ ਅਤੇ ਮੰਨਿਆ ਜਾ ਰਿਹਾ ਹੈ ਕਿ ਅਗਲੇ ਕੁਝ ਹਫਤਿਆਂ ਵਿਚ ਉਹ ਕੈਨੇਡਾ ਪਰਤ ਆਵੇਗਾ।

ਸਿਮਰਨ ਪ੍ਰੀਤ ਪਨੇਸਰ 2023 ਵਿਚ ਹੋ ਗਿਆ ਸੀ ਗਾਇਬ

ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦਿਆਂ ਭਾਵੇਂ ਵਕੀਲ ਵੱਲੋਂ ਸਿਮਰਨ ਪ੍ਰੀਤ ਦੇ ਮੌਜੂਦਾ ਟਿਕਾਣੇ ਬਾਰੇ ਕੁਝ ਨਹੀਂ ਦੱਸਿਆ ਗਿਆ ਪਰ ਸੀ.ਬੀ.ਸੀ. ਦਾ ਮੰਨਣਾ ਹੈ ਕਿ ਉਹ ਇਸ ਵੇਲੇ ਆਪਣੀ ਪਤਨੀ ਪ੍ਰੀਤੀ ਪਨੇਸਰ ਨਾਲ ਭਾਰਤ ਵਿਚ ਹੈ। 2 ਕਰੋੜ ਡਾਲਰ ਤੋਂ ਵੱਧ ਮੁੱਲ ਦਾ ਸੋਨਾ ਲੁੱਟਣ ਦੇ ਮਾਮਲੇ ਵਿਚ ਪ੍ਰੀਤੀ ਪਨੇਸਰ ਦੀ ਕੋਈ ਸ਼ਮੂਲੀਅਤ ਨਹੀਂ ਮੰਨੀ ਜਾ ਰਹੀ। ਸਾਬਕਾ ਮਿਸ ਇੰਡੀਆ ਯੂਗਾਂਡਾ ਪ੍ਰੀਤੀ ਪਨੇਸਰ ਅਦਾਕਾਰਾਂ ਅਤੇ ਗਾਇਕ ਹੈ ਅਤੇ ਆਪਣੇ ਪਤੀ ਨਾਲ ਕਈ ਮਿਊਜ਼ਿਕ ਵੀਡੀਓ ਵਿਚ ਨਜ਼ਰ ਆ ਚੁੱਕੀ ਹੈ। ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਤੋਂ ਸੋਨਾ ਲੁੱਟਣ ਦੀ ਵਾਰਦਾਤ ਤੋਂ ਪਹਿਲਾਂ ਪ੍ਰੀਤੀ ਪਨੇਸਰ ਪੰਜਾਬੀ ਐਂਟਰਟੇਨਮੈਂਟ ਇੰਡਸਟਰੀ ਵਿਚ ਵੀ ਕਦਮ ਰੱਖਣ ਦੇ ਯਤਨ ਕਰ ਰਹੀ ਸੀ। ਇਕ ਪੰਜਾਬੀ ਪੱਤਰਕਾਰ ਨਾਲ ਇੰਟਰਵਿਊ ਦੌਰਾਨ ਪ੍ਰੀਤੀ ਵੱਲੋਂ ਇਕ ਨਵੀਂ ਫਿਲਮ ਸ਼ੁਰੂ ਹੋਣ ਦੇ ਸੰਕੇਤ ਦਿਤੇ ਗਏ ਸਨ। ਇਸ ਤੋਂ ਇਲਾਵਾ ਆਪਣੇ ਪਤੀ ਵਿਰੁੱਧ ਦੋਸ਼ ਲੱਗਣ ਤੋਂ ਕੁਝ ਦਿਨ ਪਹਿਲਾਂ ਪ੍ਰੀਤੀ ਵੱਲੋਂ ਚੰਡੀਗੜ੍ਹ ਵਿਖੇ ਖਿੱਚੀਆਂ ਕੁਝ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ’ਤੇ ਅਪਲੋਡ ਕੀਤੀਆਂ ਗਈਆਂ।

ਪੀਲ ਪੁਲਿਸ ਨੇ ਸਿਮਰਨਪ੍ਰੀਤ ਅਤੇ ਅਰਸਲਾਨ ਚੌਧਰੀ ਵਿਰੁੱਧ ਜਾਰੀ ਕੀਤੇ ਸਨ ਵਾਰੰਟ

ਸੋਸ਼ਲ ਮੀਡੀਆ ਪੋਸਟ ਵਿਚ ਕਈ ਨਾਮੀ ਸ਼ਖਸੀਅਤਾਂ ਨੂੰ ਟੈਗ ਕੀਤਾ ਗਿਆ ਅਤੇ ਸੀ.ਬੀ.ਸੀ. ਵੱਲੋਂ ਇਨ੍ਹਾਂ ਸ਼ਖਸੀਅਤਾਂ ਨਾਲ ਸੰਪਰਕ ਕਰਨ ਦਾ ਯਤਨ ਕੀਤਾ ਗਿਆ। ਇਨ੍ਹਾਂ ਯਤਨਾਂ ਦੌਰਾਨ ਸਿਮਰਨ ਪ੍ਰੀਤ ਪਨੇਸਰ ਵੱਲੋਂ ਵਟਸਐਪ ਬਿਜ਼ਨਸ ਅਕਾਊਂਟ ਰਾਹੀਂ ਇਕ ਸੰਖੇਪ ਸੁਨੇਹਾ ਸੀ.ਬੀ.ਸੀ. ਦੇ ਪੱਤਰਕਾਰ ਨੂੰ ਭੇਜਿਆ ਗਿਆ। ਇਹ ਸੁਨੇਹਾ ਭਾਰਤੀ ਫੋਨ ਨੰਬਰ ਤੋਂ ਆਇਆ ਜਦਕਿ ਪਹਿਲਾਂ ਉਹ ਟੋਰਾਂਟੋ ਏਰੀਆ ਦਾ ਫੋਨ ਨੰਬਰ ਵਰਤ ਰਿਹਾ ਸੀ। ਸਿਮਰਨ ਪ੍ਰੀਤ ਨੇ ਕਿਸੇ ਵੀ ਸਵਾਲ ਦਾ ਜਵਾਬ ਦੇਣ ਤੋਂ ਨਾਂਹ ਕਰ ਦਿਤੀ। ਫਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਕਿ ਪਨੇਸਰ ਨੇ ਕੈਨੇਡਾ ਕਦੋਂ ਛੱਡਿਆ। ਪਬਲਿਕ ਰਿਕਾਰਡ ਮੁਤਾਬਕ ਸਿਮਰਨ ਪ੍ਰੀਤ ਬਰੈਂਪਟਨ ਵਿਖੇ ਰਹਿੰਦਾ ਸੀ ਅਤੇ ਬੀਤੇ ਅਪ੍ਰੈਲ ਮਹੀਨੇ ਦੌਰਾਨ ਗੁਆਂਢੀਆਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ ਉਨ੍ਹਾਂ ਨੇ ਪਰਵਾਰ ਨੂੰ ਕਈ ਮਹੀਨੇ ਤੋਂ ਨਹੀਂ ਦੇਖਿਆ। ਪੀਲ ਰੀਜਨਲ ਪੁਲਿਸ ਦਾ ਕਹਿਣਾ ਹੈ ਕਿ ਲੁੱਟ ਦੀ ਵਾਰਦਾਤ ਬਾਰੇ ਮੁਢਲੀ ਪੜਤਾਲ ਦੌਰਾਨ ਪਨੇਸਰ ਨੇ ਹੀ ਜਾਂਚਕਰਤਾਵਾਂ ਨੂੰ ਹਵਾਈ ਅੱਡੇ ਦੇ ਵੇਅਰਹਾਊਸ ਵਾਲੇ ਇਲਾਕੇ ਗੇੜਾ ਲਗਵਾਇਆ ਸੀ। ਉਸ ਵੇਲੇ ਉਹ ਘਬਰਾਹਟ ਵਿਚ ਨਜ਼ਰ ਆਇਆ ਅਤੇ ਕੁਝ ਦਿਨ ਬਾਅਦ ਗਾਇਬ ਹੋ ਗਿਆ। 400 ਕਿਲੋ ਸੋਨੇ ਵਿਚੋਂ ਪੁਲਿਸ ਹੁਣ ਤੱਕ ਕੁਝ ਬਰੈਸਲਟ ਹੀ ਬਰਾਮਦ ਕਰ ਸਕੀ ਹੈ ਜੋ ਇਕ ਸੁਨਿਆਰ ਦੀ ਦੁਕਾਨ ’ਤੇ ਤਿਆਰ ਕੀਤੇ ਗਏ।

Tags:    

Similar News