ਕੈਨੇਡਾ ਤੋਂ ਹਰ ਹਫ਼ਤੇ ਡਿਪੋਰਟ ਹੋ ਰਹੇ 400 ਪ੍ਰਵਾਸੀ
ਕੈਨੇਡਾ ਵਿਚੋਂ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਕੱਢਣ ਦੀ ਰਫ਼ਤਾਰ ਅਚਨਚੇਤ ਤੇਜ਼ ਕਰ ਦਿਤੀ ਗਈ ਹੈ ਅਤੇ ਹਰ ਹਫ਼ਤੇ 400 ਤੋਂ ਵੱਧ ਵਿਦੇਸ਼ੀ ਨਾਗਰਿਕਾਂ ਨੂੰ ਵੱਖ ਵੱਖ ਕਾਰਨਾਂ ਦੇ ਆਧਾਰ ’ਤੇ ਡਿਪੋਰਟ ਕੀਤਾ
ਟੋਰਾਂਟੋ : ਕੈਨੇਡਾ ਵਿਚੋਂ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਕੱਢਣ ਦੀ ਰਫ਼ਤਾਰ ਅਚਨਚੇਤ ਤੇਜ਼ ਕਰ ਦਿਤੀ ਗਈ ਹੈ ਅਤੇ ਹਰ ਹਫ਼ਤੇ 400 ਤੋਂ ਵੱਧ ਵਿਦੇਸ਼ੀ ਨਾਗਰਿਕਾਂ ਨੂੰ ਵੱਖ ਵੱਖ ਕਾਰਨਾਂ ਦੇ ਆਧਾਰ ’ਤੇ ਡਿਪੋਰਟ ਕੀਤਾ ਜਾ ਰਿਹਾ ਹੈ। ਇੰਮੀਗ੍ਰੇਸ਼ਨ ਮਾਹਰਾਂ ਮੁਤਾਬਕ ਪਿਛਲੇ ਇਕ ਦਹਾਕੇ ਦੌਰਾਨ ਕਦੇ ਵੀ ਐਨੀ ਤੇਜ਼ੀ ਨਾਲ ਪ੍ਰਵਾਸੀਆਂ ਨੂੰ ਡਿਪੋਰਟ ਨਹੀਂ ਕੀਤਾ ਗਿਆ ਅਤੇ ਸਭ ਤੋਂ ਜ਼ਿਆਦਾ ਮੁਸ਼ਕਲਾਂ ਮਿਆਦ ਪੁਗਾ ਚੁੱਕੇ ਪੋਸਟ ਗ੍ਰੈਜੁਏਟ ਵਰਕ ਪਰਮਿਟ ਵਾਲਿਆਂ ਵਾਸਤੇ ਪੈਦਾ ਹੋ ਰਹੀਆਂ ਹਨ। ਦੂਜੇ ਪਾਸੇ ਸੀ.ਬੀ.ਸੀ. ਨਿਊੂਜ਼ ਦੀ ਰਿਪੋਰਟ ਮੁਤਾਬਕ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਵੱਲੋਂ ਸਭ ਤੋਂ ਵੱਧ ਡਿਪੋਰਟ ਕੀਤੇ ਜਾ ਰਹੇ ਪ੍ਰਵਾਸੀਆਂ ਵਿਚ ਅਸਾਇਲਮ ਦਾਅਵੇ ਕਰਨ ਵਾਲੇ ਸ਼ਾਮਲ ਹਨ ਪਰ ਸਟੱਡੀ ਵੀਜ਼ਾ ’ਤੇ ਕੈਨੇਡਾ ਪੁੱਜੇ ਅਤੇ ਆਰਜ਼ੀ ਵਿਦੇਸ਼ੀ ਕਾਮੇ ਵਜੋਂ ਆਏ ਪ੍ਰਵਾਸੀਆਂ ਦੀ ਵੀ ਕੋਈ ਕਮੀ ਨਹੀਂ।
ਬਾਰਡਰ ਅਫ਼ਸਰਾਂ ਨੇ ਤੋੜੇ ਡਿਪੋਰਟੇਸ਼ਨ ਦੇ ਸਾਰੇ ਰਿਕਾਰਡ
ਸੀ.ਬੀ.ਐਸ.ਏ. ਵੱਲੋਂ ਵਿੱਢੀ ਮੁਹਿੰਮ ਦੌਰਾਨ ਇਕ ਪ੍ਰਵਾਸੀ ਨੂੰ ਡਿਪੋਰਟ ਕਰਨ ’ਤੇ 3 ਤੋਂ 4 ਹਜ਼ਾਰ ਡਾਲਰ ਖ਼ਰਚ ਹੋ ਰਹੇ ਹਨ ਅਤੇ ਘੱਟ ਤੋਂ ਘੱਟ ਖਰਚੇ ਵਿਚ ਵੱਧ ਤੋਂ ਵੱਧ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਮਾਰਕ ਕਾਰਨੀ ਸਰਕਾਰ ਵੱਲੋਂ ਆਪਣੀ ਬਾਰਡਰ ਯੋਜਨਾ ਤਹਿਤ ਸੀ.ਬੀ.ਐਸ.ਏ. ਨੂੰ ਪਹਿਲਾਂ ਹੀ 30 ਮਿਲੀਅਨ ਡਾਲਰ ਦੀ ਵਾਧੂ ਰਕਮ ਦਿਤੀ ਗਈ ਹੈ ਜਿਸ ਰਾਹੀਂ ਡਿਪੋਰਟੇਸ਼ਨ ਪ੍ਰਕਿਰਿਆ ਤੇਜ਼ ਕਰਨ ਵਿਚ ਮਦਦ ਮਿਲੀ ਹੈ। ਦੂਜੇ ਪਾਸੇ ਰਫ਼ਿਊਜੀ ਮਾਮਲਿਆਂ ਦੇ ਵਕੀਲਾਂ ਨੇ ਚਿੰਤਾ ਜ਼ਾਹਰ ਕੀਤੀ ਹੈ ਕਿ ਬਸੰਤ ਰੁੱਤ ਵਿਚ ਬਿਲ ਸੀ-12 ਪਾਸ ਹੋਣ ਮਗਰੋਂ ਡਿਪੋਰਟੇਸ਼ਨ ਦੀ ਰਫ਼ਤਾਰ ਦੁੱਗਣੀ ਹੋ ਸਕਦੀ ਹੈ। ਬਿਲ ਸੀ-12 ਅਧੀਨ ਸਟੱਡੀ ਵੀਜ਼ਾ ’ਤੇ ਕੈਨੇਡਾ ਪੁੱਜੇ ਲੋਕ ਅਸਾਇਲਮ ਦਾਅਵੇ ਨਹੀਂ ਕਰ ਸਕਣਗੇ ਅਤੇ ਇਕ ਸਾਲ ਤੋਂ ਵੱਧ ਸਮਾਂ ਕੈਨੇਡਾ ਵਿਚ ਲੰਘਾਉਣ ਮਗਰੋਂ ਅਸਾਇਲਮ ਕਲੇਮ ਕਰਨ ਦਾ ਹੱਕ ਵਿਦੇਸ਼ੀ ਨਾਗਰਿਕਾਂ ਕੋਲ ਨਹੀਂ ਰਹਿ ਜਾਵੇਗਾ। ਇਥੇ ਦਸਣਾ ਬਣਦਾ ਹੈ ਕਿ ਕੌਮਾਂਤਰੀ ਵਿਦਿਆਰਥੀਆਂ ਨੇ ਸਾਰੇ ਰਿਕਾਰਡ ਤੋੜਦਿਆਂ 2024 ਦੌਰਾਨ ਕੈਨੇਡਾ ਵਿਚ ਪਨਾਹ ਦੇ 20 ਹਜ਼ਾਰ ਤੋਂ ਵੱਧ ਦਾਅਵੇ ਦਾਖਲ ਕੀਤੇ ਅਤੇ ਇਨ੍ਹਾਂ ਵਿਚੋਂ ਵੱਡੀ ਗਿਣਤੀ ਪੰਜਾਬੀਆਂ ਦੀ ਰਹੀ।
2026 ਵਿਚ ਦੇਸ਼ ਨਿਕਾਲੇ ਦੁੱਗਣੇ ਕਰਨ ਦਾ ਟੀਚਾ
ਕੈਨੇਡਾ ਸਰਕਾਰ ਵੱਲੋਂ ਸਟੱਡੀ ਵੀਜ਼ਿਆਂ ਦੀ ਗਿਣਤੀ ਘਟਾਏ ਜਾਣ ਦੇ ਬਾਵਜੂਦ ਪਨਾਹ ਮੰਗਣ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਜ਼ਾਹਰ ਕੀਤਾ ਗਿਆ ਪਰ ਮੌਜੂਦਾ ਵਰ੍ਹੇ ਦੌਰਾਨ 14 ਹਜ਼ਾਰ ਅਸਾਇਲਮ ਕਲੇਮ ਹੀ ਸਾਹਮਣੇ ਆਏ। ਇੰਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਮੰਤਰਾਲੇ ਦੇ ਅੰਕੜਿਆਂ ਨੂੰ ਡੂੰਘਾਈ ਨੇ ਦੇਖਿਆ ਜਾਵੇ ਤਾਂ 2023 ਦੇ ਮੁਕਾਬਲੇ 2024 ਦੌਰਾਨ ਪਨਾਹ ਮੰਗਣ ਵਾਲਿਆਂ ਦੀ ਗਿਣਤੀ ਦੁੱਗਣੀ ਹੋ ਗਈ ਜਦਕਿ 2019 ਦੇ ਮੁਕਾਬਲੇ ਇਹ ਅੰਕੜਾ ਛੇ ਗੁਣਾ ਵੱਧ ਬਣਦਾ ਹੈ। ਉਧਰ ਇੰਮੀਗ੍ਰੇਸ਼ਨ ਵਕੀਲਾਂ ਦਾ ਕਹਿਣਾ ਹੈ ਕਿ ਪੀ.ਆਰ. ਮਿਲਣ ਦਾ ਰਾਹ ਬੇਹੱਦ ਔਖਾ ਹੋ ਚੁੱਕਾ ਹੈ ਜਿਸ ਦੇ ਮੱਦੇਨਜ਼ਰ ਕੌਮਾਂਤਰੀ ਵਿਦਿਆਰਥੀ ਬਦਲਵੇਂ ਤਰੀਕਿਆਂ ਵੱਲ ਦੌੜ ਰਹੇ ਹਨ। ਪ੍ਰਧਾਨ ਮੰਤਰੀ ਮਾਰਕ ਕਾਰਨੀ ਮੁਲਕ ਵਿਚੋਂ ਟੈਂਪਰੇਰੀ ਰੈਜ਼ੀਡੈਂਟਸ ਦੀ ਗਿਣਤੀ ਘਟਾਉਣ ਦੀ ਯੋਜਨਾ ’ਤੇ ਅੱਗੇ ਵਧ ਰਹੇ ਹਨ ਅਤੇ ਪਿਛਲੇ ਦਿਨੀਂ ਕੈਨੇਡਾ ਦੀ ਆਬਾਦੀ ਵਿਚ 76 ਹਜ਼ਾਰ ਦੀ ਵੱਡੀ ਕਟੌਤੀ ਦਾ ਅੰਕੜਾ ਸਾਹਮਣੇ ਆਇਆ। ਵਸੋਂ ਵਿਚ ਕਮੀ ਨਾਲ ਹਾਊਸਿੰਗ ਸੈਕਟਰ ਅਤੇ ਹੈਲਥ ਕੇਅਰ ਸੈਕਟਰ ’ਤੇ ਪੈ ਰਹੇ ਦਬਾਅ ਨੂੰ ਘਟਾਉਣ ਵਿਚ ਮਦਦ ਮਿਲੇਗੀ ਅਤੇ ਖਪਤ ਘਟਣ ਨਾਲ ਮਹਿੰਗਾਈ ਵਧਣ ਦੀ ਰਫ਼ਤਾਰ ਵੀ ਹੇਠਾਂ ਆ ਸਕਦੀ ਹੈ।