Canada ’ਚ ਐਡਵਾਂਸ polling ਦੌਰਾਨ ਪਈਆਂ 38000 ਵੋਟਾਂ
ਕੈਨੇਡਾ ਵਿਚ ਤਿੰਨ ਪਾਰਲੀਮਾਨੀ ਹਲਕਿਆਂ ਦੀ ਜ਼ਿਮਨੀ ਚੋਣ ਦੌਰਾਨ 38 ਹਜ਼ਾਰ ਲੋਕਾਂ ਨੇ ਵੱਖ ਵੱਖ ਰੁਝੇਵਿਆਂ ਦੇ ਚਲਦਿਆਂ 13 ਅਪ੍ਰੈਲ ਤੋਂ ਪਹਿਲਾਂ ਹੀ ਵੋਟ ਪਾਉਣ ਨੂੰ ਤਰਜੀਹ ਦਿਤੀ
ਟੋਰਾਂਟੋ : ਕੈਨੇਡਾ ਵਿਚ ਤਿੰਨ ਪਾਰਲੀਮਾਨੀ ਹਲਕਿਆਂ ਦੀ ਜ਼ਿਮਨੀ ਚੋਣ ਦੌਰਾਨ 38 ਹਜ਼ਾਰ ਲੋਕਾਂ ਨੇ ਵੱਖ ਵੱਖ ਰੁਝੇਵਿਆਂ ਦੇ ਚਲਦਿਆਂ 13 ਅਪ੍ਰੈਲ ਤੋਂ ਪਹਿਲਾਂ ਹੀ ਵੋਟ ਪਾਉਣ ਨੂੰ ਤਰਜੀਹ ਦਿਤੀ। ਮੁੱਖ ਚੋਣ ਅਫ਼ਸਰ ਸਟੀਫ਼ਨ ਪੈਰੋ ਨੇ ਦੱਸਿਆ ਕਿ ਸਕਾਰਬ੍ਰੋਅ ਸਾਊਥ ਵੈਸਟ, ਯੂਨੀਵਰਸਿਟੀ-ਰੋਜ਼ਡੇਲ ਅਤੇ ਕਿਊਬੈਕ ਦੀ ਟੈਰੇਬੌਨ ਸੀਟ ’ਤੇ ਚਾਰ ਦਿਨ ਐਡਵਾਂਸ ਪੋÇਲੰਗ ਜਾਰੀ ਰਹੀ। ਸਭ ਤੋਂ ਵੱਧ 18,200 ਵੋਟਾਂ ਟੈਰੇਬੌਨ ਸੀਟ ’ਤੇ ਪਈਆਂ ਜਦਕਿ ਸਕਾਰਬ੍ਰੋਅ ਸਾਊਥ-ਵੈਸਟ ਸੀਟ ’ਤੇ 10,300 ਅਤੇ ਯੂਨੀਵਰਸਿਟੀ-ਰੋਜ਼ਡੇਲ ਸੀਟ ’ਤੇ 9,400 ਵੋਟਰ ਪੋÇਲੰਗ ਸਟੇਸ਼ਨਾਂ ’ਤੇ ਪੁੱਜੇ। ਇਲੈਕਸ਼ਨਜ਼ ਕੈਨੇਡਾ ਦਾ ਕਹਿਣਾ ਹੈ ਐਡਵਾਂਸ ਪੋÇਲੰਗ ਦੌਰਾਨ ਪਈਆਂ ਵੋਟਾਂ ਦੀ ਗਿਣਤੀ ਜ਼ਿਆਦਾ ਹੋ ਸਕਦੀ ਹੈ ਕਿਉਂਕਿ ਕੁਝ ਵੋਟਾਂ ਗਿਣੀਆਂ ਜਾਣੀਆਂ ਬਾਕੀ ਹਨ।
ਤਿੰਨ ਪਾਰਲੀਮਾਨੀ ਹਲਕਿਆਂ ਵਿਚ ਜ਼ਿਮਨੀ ਚੋਣ
ਦੱਸ ਦੇਈਏ ਕਿ ਤਿੰਨ ਹਲਕਿਆਂ ਦੀ ਜ਼ਿਮਨੀ ਚੋਣ ਦਾ ਮੁੱਖ ਦਿਨ 13 ਅਪ੍ਰੈਲ ਹੈ ਅਤੇ 2 ਸੀਟਾਂ ਜਿੱਤਣ ’ਤੇ ਲਿਬਰਲ ਪਾਰਟੀ ਨੂੰ ਸੰਸਦ ਵਿਚ ਬਹੁਮਤ ਹਾਸਲ ਹੋ ਸਕਦਾ ਹੈ। ਹਾਊਸ ਆਫ਼ ਕਾਮਨਜ਼ ਵਿਚ ਲਿਬਰਲ ਐਮ.ਪੀਜ਼ ਦੀ ਗਿਣਤੀ 170 ਹੈ ਅਤੇ ਟੋਰਾਂਟੋ ਵਾਲੀਆਂ ਦੋ ਸੀਟਾਂ ਸੱਤਾਧਾਰੀ ਧਿਰ ਦੀ ਝੋਲੀ ਵਿਚ ਜਾਣ ਦੇ ਆਸਾਰ ਹਨ। ਸਕਾਰਬ੍ਰੋਅ ਸਾਊਥ ਵੈਸਟ ਸੀਟ ਬਿਲ ਬਲੇਅਰ ਦੇ ਅਸਤੀਫ਼ੇ ਮਗਰੋਂ ਖ਼ਾਲੀ ਹੋਈ ਜਿਨ੍ਹਾਂ ਨੂੰ ਯੂ.ਕੇ. ਵਿਚ ਕੈਨੇਡਾ ਦਾ ਹਾਈ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਯੂਨੀਵਰਸਿਟੀ-ਰੋਜ਼ਡੇਲ ਸੀਟ ਕ੍ਰਿਸਟੀਆ ਫ਼ਰੀਲੈਂਡ ਦੇ ਅਸਤੀਫ਼ੇ ਮਗਰੋਂ ਖ਼ਾਲੀ ਹੋਈ ਜਿਨ੍ਹਾਂ ਨੇ ਯੂਕਰੇਨ ਸਰਕਾਰ ਦੀ ਸਲਾਹਕਾਰ ਵਜੋਂ ਸੇਵਾਵਾਂ ਸੰਭਾਲ ਲਈਆਂ। ਕਿਊਬੈਕ ਦੀ ਟੈਰੇਬੌਨ ਸੀਟ ਸਿਰਫ਼ ਇਕ ਵੋਟ ਦੇ ਫ਼ਰਕ ਨੇ ਭੰਬਲਭੂਸਾ ਪੈਦਾ ਕਰ ਦਿਤਾ ਅਤੇ ਮਾਮਲਾ ਅਦਾਲਤ ਵਿਚ ਜਾਣ ਮਗਰੋਂ ਨਤੀਜਾ ਰੱਦ ਕਰ ਦਿਤਾ ਗਿਆ।