ਕੈਨੇਡਾ ’ਚ ਪੰਜਾਬੀ ਪਰਵਾਰ ਨਸਲੀ ਨਫ਼ਰਤ ਦਾ ਸ਼ਿਕਾਰ
ਕੈਨੇਡਾ ਵਿਚ ਪੰਜਾਬੀ ਪਰਵਾਰ ਦੀ ਮਾਲਕੀ ਵਾਲਾ ਗੈਸ ਸਟੇਸ਼ਨ ਬੰਦ ਕਰਵਾ ਦਿਤਾ ਗਿਆ ਜਿਥੇ ਤੇਲ ਵਿਚ ਮਿਲਾਵਟ ਹੋਣ ਦੀਆਂ ਸ਼ਿਕਾਇਤਾਂ ਆਉਣ ਲੱਗੀਆਂ
ਬੈਰੀ : ਕੈਨੇਡਾ ਵਿਚ ਪੰਜਾਬੀ ਪਰਵਾਰ ਦੀ ਮਾਲਕੀ ਵਾਲਾ ਗੈਸ ਸਟੇਸ਼ਨ ਬੰਦ ਕਰਵਾ ਦਿਤਾ ਗਿਆ ਜਿਥੇ ਤੇਲ ਵਿਚ ਮਿਲਾਵਟ ਹੋਣ ਦੀਆਂ ਸ਼ਿਕਾਇਤਾਂ ਆਉਣ ਲੱਗੀਆਂ। ਜੀ ਹਾਂ, ਉਨਟਾਰੀਓ ਦੇ ਐਲਮਵੇਲ ਇਲਾਕੇ ਵਿਚ ਸਥਿਤ ਗੈਸ ਸਟੇਸ਼ਨ ਦੇ ਮਾਲਕ ਸੁਖਵਿੰਦਰ ਕੰਧੋਲਾ ਮੁਤਾਬਕ ਉਹ ਖੁਦ ਨਹੀਂ ਜਾਣਦੇ ਕਿ ਆਖਰਕਾਰ ਤੇਲ ਵਿਚ ਪਾਣੀ ਕਿਵੇਂ ਰਲਿਆ ਪਰ ਕੁਝ ਲੋਕ ਸੋਸ਼ਲ ਮੀਡੀਆ ਰਾਹੀਂ ਗੁੰਮਰਾਹਕੁਨ ਜਾਣਕਾਰੀ ਫੈਲਾਉਣ ਤੋਂ ਬਾਜ਼ ਨਹੀਂ ਆ ਰਹੇ ਅਤੇ ਸਿੱਧੇ ਤੌਰ ’ਤੇ ਨਸਲੀ ਨਫ਼ਰਤ ਹਾਵੀ ਹੁੰਦੀ ਨਜ਼ਰ ਆ ਰਹੀ ਹੈ। ਸੀ.ਟੀ.ਵੀ. ਦੀ ਰਿਪੋਰਟ ਮੁਤਾਬਕ ਸੁਖਵਿੰਦਰ ਕੰਧੋਲਾ ਨੇ ਦੱਸਿਆ ਕਿ 23 ਮਾਰਚ ਦੀ ਸ਼ਾਮ ਕੁਝ ਗਾਹਕ ਗੈਸ ਸਟੇਸ਼ਨ ’ਤੇ ਆਏ ਅਤੇ ਆਪਣੀਆਂ ਗੱਡੀਆਂ ਵਿਚ ਸਮੱਸਿਆ ਆਉਣ ਦਾ ਜ਼ਿਕਰ ਕੀਤਾ। ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਤਕਨੀਕੀ ਮਾਹਰਾਂ ਨੂੰ ਸੱਦਿਆ ਗਿਆ ਜਿਨ੍ਹਾਂ ਨੇ ਸੁਖਵਿੰਦਰ ਕੰਧੋਲਾ ਨੂੰ ਸਾਧਾਰਣ ਗੈਸ ਵੇਚਣ ਤੋਂ ਪਰਹੇਜ਼ ਕਰਨ ਦੀ ਸਲਾਹ ਦਿਤੀ। ਦੂਜੇ ਪਾਸੇ ਗੈਸ ਸਟੇਸ਼ਨਾਂ ਦੀ ਨਿਗਰਾਨ ਇਕਾਈ ਕੋਲ ਸ਼ਿਕਾਇਤਾਂ ਪੁੱਜੀਆਂ ਤਾਂ ਪੜਤਾਲ ਮਗਰੋਂ ਸੁਖਵਿੰਦਰ ਕੰਧੋਲਾ ਦਾ ਪੰਪ ਸਮੱਸਿਆ ਹੱਲ ਹੋਣ ਤੱਕ ਬੰਦ ਕਰਵਾ ਦਿਤਾ ਗਿਆ।
ਗੈਸੋਲੀਨ ਵਿਚ ਪਾਣੀ ਦੀ ਮਿਲਾਵਟ ਬਾਰੇ ਆਈਆਂ ਸ਼ਿਕਾਇਤਾਂ
ਟੈਕਨੀਕਲ ਸਟੈਂਡਰਡਜ਼ ਐਂਡ ਸੇਫ਼ਟੀ ਅਥੌਰਟੀ ਦੀ ਤਰਜਮਾਨ ਅਲੈਗਜ਼ੈਂਡਰਾ ਕੈਂਪਬੈਲ ਨੇ ਦੱਸਿਆ ਕਿ ਗੈਸੋਲੀਨ ਵਾਲੇ ਟੈਂਕ ਵਿਚ ਪਾਣੀ ਦੀ ਲੀਕੇਜ ਮੁਕੰਮਲ ਤੌਰ ’ਤੇ ਬੰਦ ਕਰਨੀ ਲਾਜ਼ਮੀ ਹੈ ਅਤੇ ਮੌਨੀਟਰਿੰਗ ਸਿਸਟਮ ਵੀ ਦਰੁਸਤ ਹੋਣੇ ਚਾਹੀਦੇ ਹਨ। ਇਸੇ ਦੌਰਾਨ ਸੁਖਵਿੰਦਰ ਕੰਧੋਲਾ ਨੇ ਕਿਹਾ ਕਿ ਉਹ ਤਕਨੀਕੀ ਮਾਹਰਾਂ ਤੋਂ ਸਮੱਸਿਆ ਦੀ ਜੜ ਪਤਾ ਕਰਨਾ ਚਾਹੁੰਦੇ ਹਨ ਤਾਂਕਿ ਭਵਿੱਖ ਵਿਚ ਕੋਈ ਸਮੱਸਿਆ ਨਾ ਆਵੇ। ਉਧਰ, ਮਿਲਾਵਟੀ ਤੇਲ ਦੇ ਪੀੜਤਾਂ ਵਿਚੋਂ ਇਕ Çਲੰਡਜ਼ੀ ਫ਼ਿਟਜ਼ਜੈਰਲਡ ਨੇ ਦੱਸਿਆ ਕਿ ਉਸ ਦੀ ਦੋ ਸਾਲ ਪੁਰਾਣੀ ਕਾਰ ਅਚਨਚੇਤ ਬੰਦ ਹੋ ਗਈ ਅਤੇ ਮਕੈਨਿਕ ਨੇ ਤੇਲ ਵਾਲੀ ਟੈਂਕੀ ਵਿਚ ਅੱਧਾ ਪਾਣੀ ਹੋਣ ਦੀ ਗੱਲ ਆਖੀ ਤਾਂ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਖੁਸ਼ਕਿਸਮਤੀ ਨਾਲ ਮਕੈਨਿਕ ਨੇ ਪਾਣੀ ਕੱਢ ਦਿਤਾ ਅਤੇ ਗੱਡੀ ਦਾ ਨੁਕਸਾਨ ਹੋਣੋਂ ਬਚ ਗਿਆ। ਸੁਖਵਿੰਦਰ ਕੰਧੋਲਾ ਮੁਤਾਬਕ 18 ਗੱਡੀਆਂ ਵਿਚ ਪਾਣੀ ਵਾਲਾ ਤੇਲ ਪਿਆ ਅਤੇ ਸਭਨਾਂ ਨੂੰ ਦੱਸ ਦਿਤਾ ਗਿਆ ਹੈ ਕਿ ਬੀਮਾ ਕੰਪਨੀ ਮਾਮਲੇ ਵਿਚ ਸ਼ਾਮਲ ਹੈ ਅਤੇ ਜਲਦ ਹੀ ਉਨ੍ਹਾਂ ਨਾਲ ਸੰਪਰਕ ਕੀਤਾ ਜਾਵੇਗਾ। ਕੰਧੋਲਾ ਅੱਗੇ ਕਿਹਾ ਕਿ ਉਹ ਆਪਣੇ ਗਾਹਕ ਗਵਾਉਣਾ ਨਹੀਂ ਚਾਹੁੰਦੇ ਕਿਉਂਕਿ ਇਹ ਗੈਸ ਸਟੇਸ਼ਨ ਹੀ ਉਨ੍ਹਾਂ ਦੀ ਰੋਜ਼ੀ ਰੋਟੀ ਹੈ। ਤਕਨੀਕੀ ਇਕਾਈ ਵੱਲੋਂ ਗੈਸ ਟੈਂਕ ਪੂਰੀ ਤਰ੍ਹਾਂ ਖਾਲੀ ਕਰ ਕੇ ਸਾਫ਼ ਕਰਵਾਉਣ ਅਤੇ ਫ਼ਿਲਟਰ ਬਦਲਣ ਦਾ ਸੁਝਾਅ ਦਿਤਾ ਗਿਆ ਪਰ ਸੁਖਵਿੰਦਰ ਕੰਧੋਲਾ ਫ਼ਿਲਹਾਲ ਟੈਸਟ ਨਤੀਜਿਆਂ ਦੀ ਉਡੀਕ ਕਰ ਰਹੇ ਹਨ। ਪੰਜਾਬੀ ਪਰਵਾਰ ਦਾ ਗੈਸ ਸਟੇਸ਼ਨ ਮੁੜ ਕਦੋਂ ਖੁੱਲ੍ਹੇਗਾ, ਇਸ ਬਾਰੇ ਟੈਕਨੀਕਲ ਸਟੈਂਡਰਡਜ਼ ਐਂਡ ਸੇਫ਼ਟੀ ਅਥੌਰਟੀ ਵੱਲੋਂ ਕੋਈ ਸਪੱਸ਼ਟ ਜਾਣਕਾਰੀ ਨਹੀਂ ਦਿਤੀ ਗਈ।