ਮੈਕਸੀਕੋ ਦੇ ਨਸ਼ਾ ਤਸਕਰਾਂ ਨਾਲ ਸਬੰਧਤ 3 ਜਣੇ ਸਰੀ ਤੋਂ ਕਾਬੂ

ਵਿਦੇਸ਼ਾਂ ਤੋਂ ਕੋਕੀਨ ਇੰਪੋਰਟ ਕਰਨ ਦੇ ਮਾਮਲੇ ਤਹਿਤ ਵੱਡੀ ਕਾਰਵਾਈ ਕਰਦਿਆਂ ਆਰ.ਸੀ.ਐਮ.ਪੀ. ਵੱਲੋਂ ਬੀ.ਸੀ. ਵਿਚ ਤਿੰਨ ਜਣਿਆਂ ਨੂੰ ਕਾਬੂ ਕੀਤਾ ਗਿਆ ਹੈ ਜੋ ਮੈਕਸੀਕਨ ਨਸ਼ਾ ਤਸਕਰਾਂ ਨਾਲ ਸਬੰਧਤ ਦੱਸੇ ਜਾ ਰਹੇ ਹਨ।

Update: 2024-11-14 12:02 GMT

ਸਰੀ : ਵਿਦੇਸ਼ਾਂ ਤੋਂ ਕੋਕੀਨ ਇੰਪੋਰਟ ਕਰਨ ਦੇ ਮਾਮਲੇ ਤਹਿਤ ਵੱਡੀ ਕਾਰਵਾਈ ਕਰਦਿਆਂ ਆਰ.ਸੀ.ਐਮ.ਪੀ. ਵੱਲੋਂ ਬੀ.ਸੀ. ਵਿਚ ਤਿੰਨ ਜਣਿਆਂ ਨੂੰ ਕਾਬੂ ਕੀਤਾ ਗਿਆ ਹੈ ਜੋ ਮੈਕਸੀਕਨ ਨਸ਼ਾ ਤਸਕਰਾਂ ਨਾਲ ਸਬੰਧਤ ਦੱਸੇ ਜਾ ਰਹੇ ਹਨ। ਲੋਅਰ ਮੇਨਲੈਂਡ ਡਿਸਟ੍ਰਿਕਟ ਐਮਰਜੰਸੀ ਰਿਸਪੌਂਸ ਟੀਮ ਵੱਲੋਂ ਸਰੀ ਦੇ ਇਕ ਘਰ ਵਿਚ ਮਾਰੇ ਛਾਪੇ ਦੌਰਾਨ ਇਹ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਜਿਥੇ ਘਰ ਦੇ ਚਾਰੇ ਪਾਸੇ ਕੰਡਿਆਲੀ ਤਾਰ ਲੱਗੀ ਹੋਈ ਸੀ ਅਤੇ ਦਰਵਾਜ਼ੇ ਮੈਟਲ ਸ਼ਟਰਾਂ ਨਾਲ ਢਕੇ ਹੋਏ ਸਨ। ਸਿਰਫ਼ ਐਨਾ ਹੀ ਨਹੀਂ ਘਰ ਦੇ ਅੰਦਰ ਅਤੇ ਬਾਹਰ ਨਿਗਰਾਨੀ ਵਾਸਤੇ ਹਰ ਪਾਸੇ ਕੈਮਰੇ ਵੀ ਲੱਗੇ ਹੋਏ ਸਨ। ਜਾਂਚਕਰਤਾਵਾਂ ਵੱਲੋਂ 10 ਹੈਂਡਗੰਨਜ਼ ਅਤੇ 9 ਅਸਾਲਟ ਰਾਈਫ਼ਲਾਂ ਸਣੇ 23 ਹਥਿਆਰ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ।

ਭਾਰੀ ਗਿਣਤੀ ਵਿਚ ਹਥਿਆਰ ਅਤੇ ਨਸ਼ੀਲੇ ਪਦਾਰਥ ਕੀਤੇ ਬਰਾਮਦ

ਇਸ ਤੋਂ ਇਲਾਵਾ ਹਜ਼ਾਰਾਂ ਗੋਲੀਆਂ, ਕਈ ਕਿਲੋ ਫੈਂਟਾਨਿਲ, ਮੈਥਮਫੈਟਾਮਿਨ ਅਤੇ ਕੈਟਾਮੀਨ ਵੀ ਬਰਾਮਦ ਕੀਤੇ ਗਏ। ਆਰ.ਸੀ.ਐਮ.ਪੀ. ਦੇ ਫੈਡਰਲ ਪੁਲਿਸਿੰਗ ਪ੍ਰੋਗਰਾਮ ਵਿਚ ਡਿਪਟੀ ਰੀਜਨਲ ਕਮਾਂਡਰ ਸਟੀਫ਼ਨ ਲੀ ਨੇ ਦੱਸਿਆ ਕਿ ਵਿਦੇਸ਼ਾਂ ਵਿਚ ਹੋ ਰਹੀਆਂ ਅਪਰਾਧਕ ਸਰਗਰਮੀਆਂ ਤੋਂ ਕੈਨੇਡੀਅਨ ਬਾਰਡਰ ਨੂੰ ਸੁਰੱਖਿਅਤ ਰੱਖਣ ਦੀ ਜ਼ਿੰਮੇਵਾਰੀ ਨਿਭਾਉਂਦਿਆਂ ਇਹ ਕਾਰਵਾਈ ਕੀਤੀ ਗਈ। ਮੈਕਸੀਕਨ ਨਸ਼ਾ ਤਸਕਰਾਂ ਨਾਲ ਸਬੰਧਤ ਗਿਰੋਹਾਂ ਵੱਲੋਂ ਕੈਨੇਡਾ ਮੰਗਵਾਈ ਜਾ ਰਹੀ ਕੋਕੀਨ ਨੂੰ ਠੱਲ੍ਹ ਪਾਉਣ ਵਿਚ ਵੱਡੀ ਸਫ਼ਲਤਾ ਮਿਲੀ ਹੈ ਅਤੇ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕਰਦਿਆਂ ਹੋਰਨਾਂ ਸੰਭਾਵਤ ਸ਼ੱਕੀਆਂ ਦੀ ਭਾਲ ਕੀਤੀ ਜਾ ਰਹੀ ਹੈ। ਆਰ.ਸੀ.ਐਮ.ਪੀ. ਵੱਲੋਂ ਫਿਲਹਾਲ ਤਿੰਨ ਜਣਿਆਂ ਵਿਰੁੱਧ ਨਸ਼ਿਆਂ ਅਤੇ ਹਥਿਆਰਾਂ ਨਾਲ ਸਬੰਧਤ ਦੋਸ਼ ਆਇਦ ਕੀਤੇ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਮਗਰੋਂ ਇਨ੍ਹਾਂ ਵਿਰੁੱਧ ਹੋਰ ਕਈ ਗੰਭੀਰ ਦੋਸ਼ ਆਇਦ ਕੀਤੇ ਜਾ ਸਕਦੇ ਹਨ।

Tags:    

Similar News