3 ਲੱਖ 80 ਹਜ਼ਾਰ ਪ੍ਰਵਾਸੀਆਂ ਨੂੰ ਮਿਲੀ ਕੈਨੇਡਾ ਦੀ ਪੀ.ਆਰ.

ਇੰਮੀਗ੍ਰੇਸ਼ਨ ਅਰਜ਼ੀਆਂ ਦਾ ਬੈਕਲਾਗ ਵਧਣ ਦੀਆਂ ਰਿਪੋਰਟਾਂ ਦਰਮਿਆਨ ਕੈਨੇਡਾ ਵਿਚ 3 ਲੱਖ 80 ਹਜ਼ਾਰ ਨਵੇਂ ਪਰਮਾਨੈਂਟ ਰੈਜ਼ੀਡੈਂਟਸ ਦਾ ਸਵਾਗਤ ਕੀਤਾ ਜਾ ਚੁੱਕਾ ਹੈ ਅਤੇ ਸਿਟੀਜ਼ਨਸ਼ਿਪ ਹਾਸਲ ਕਰਨ ਵਾਲਿਆਂ ਦੀ ਗਿਣਤੀ ਤਕਰੀਬਨ 2 ਲੱਖ ਦੱਸ ਜਾ ਰਹੀ ਹੈ।;

Update: 2024-11-12 11:56 GMT

ਟੋਰਾਂਟੋ : ਇੰਮੀਗ੍ਰੇਸ਼ਨ ਅਰਜ਼ੀਆਂ ਦਾ ਬੈਕਲਾਗ ਵਧਣ ਦੀਆਂ ਰਿਪੋਰਟਾਂ ਦਰਮਿਆਨ ਕੈਨੇਡਾ ਵਿਚ 3 ਲੱਖ 80 ਹਜ਼ਾਰ ਨਵੇਂ ਪਰਮਾਨੈਂਟ ਰੈਜ਼ੀਡੈਂਟਸ ਦਾ ਸਵਾਗਤ ਕੀਤਾ ਜਾ ਚੁੱਕਾ ਹੈ ਅਤੇ ਸਿਟੀਜ਼ਨਸ਼ਿਪ ਹਾਸਲ ਕਰਨ ਵਾਲਿਆਂ ਦੀ ਗਿਣਤੀ ਤਕਰੀਬਨ 2 ਲੱਖ ਦੱਸ ਜਾ ਰਹੀ ਹੈ। ਇੰਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਵਿਭਾਗ ਦੀ ਵੈਬਸਾਈਟ ਮੁਤਾਬਕ ਮੌਜੂਦਾ ਵਰ੍ਹੇ ਦੌਰਾਨ ਸਟੱਡੀ ਵੀਜ਼ਾ ਦੀਆਂ 6 ਲੱਖ 55 ਹਜ਼ਾਰ ਅਰਜ਼ੀਆਂ ਦਾ ਨਿਪਟਾਰਾ ਕੀਤਾ ਗਿਆ ਜਦਕਿ ਵਰਕ ਪਰਮਿਟ ਵਾਲੀਆਂ 9 ਲੱਖ 74 ਹਜ਼ਾਰ ਅਰਜ਼ੀਆਂ ਦੀ ਪ੍ਰੋਸੈਸਿੰਗ ਕੀਤੀ ਗਈ ਜਿਨ੍ਹਾਂ ਵਿਚ ਵਰਕ ਪਰਮਿਟ ਦੀ ਮਿਆਦ ਵਧਾਉਣ ਵਾਲੀਆਂ ਅਰਜ਼ੀਆਂ ਵੀ ਸ਼ਾਮਲ ਹਨ।

1 ਲੱਖ 99 ਹਜ਼ਾਰ ਬਣੇ ਕੈਨੇਡੀਅਨ ਸਿਟੀਜ਼ਨ

ਇੰਮੀਗ੍ਰੇਸ਼ਨ ਅਰਜ਼ੀਆਂ ਦੇ ਬੈਕਲਾਗ ਦਾ ਜ਼ਿਕਰ ਕੀਤਾ ਜਾਵੇ ਤਾਂ 30 ਸਤੰਬਰ ਦੇ ਅੰਤ ਤੱਕ 24 ਲੱਖ 50 ਹਜ਼ਾਰ ਅਰਜ਼ੀਆਂ ਵਿਚਾਰ ਅਧੀਨ ਸਨ ਜਿਨ੍ਹਾਂ ਵਿਚੋਂ ਤਕਰੀਬਨ 11 ਲੱਖ ਅਰਜ਼ੀਆਂ ਬਾਰੇ ਫੈਸਲਾ ਲੈਣ ਦੀ ਤੈਅਸ਼ੁਦਾ ਹੱਦ ਲੰਘ ਚੁੱਕੀ ਸੀ। ਕੈਨੇਡਾ ਅਤੇ ਭਾਰਤ ਵੱਲੋਂ ਇਕ-ਦੂਜੇ ਦੇ ਡਿਪਲੋਮੈਟਸ ਕੱਢਣ ਤੋਂ ਪਹਿਲਾਂ ਹੀ ਇੰਮੀਗ੍ਰੇਸ਼ਨ ਅਰਜ਼ੀਆਂ ਦਾ ਬੈਕਲਾਗ ਵਧਣ ਦੀਆਂ ਰਿਪੋਰਟਾਂ ਸਾਹਮਣੇ ਆ ਰਹੀਆਂ ਸਨ। ਜੁਲਾਈ ਦੇ ਮੁਕਾਬਲੇ ਅਗਸਤ ਵਿਚ ਇੰਮੀਗ੍ਰੇਸ਼ਨ ਅਰਜ਼ੀਆਂ ਦਾ ਬੈਕਲਾਗ 7.6 ਫੀ ਸਦੀ ਵਾਧੇ ਨਾਲ 10 ਲੱਖ 78 ਹਜ਼ਾਰ ’ਤੇ ਪੁੱਜ ਗਿਆ ਅਤੇ ਸਤੰਬਰ ਵਿਚ ਵੀ ਇਹ ਅੰਕੜਾ ਤਕਰੀਬਨ 11 ਲੱਖ ਦੱਸਿਆ ਗਿਆ। ਇੰਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਵਿਭਾਗ ਵੱਲੋਂ ਉਨ੍ਹਾਂ ਅਰਜ਼ੀਆਂ ਨੂੰ ਬੈਕਲਾਗ ਵਿਚ ਮੰਨਿਆ ਜਾਂਦਾ ਹੈ ਜਿਨ੍ਹਾਂ ਦੀ ਪ੍ਰੋਸੈਸਿੰਗ ਤੈਅਸ਼ੁਦਾ ਸਮਾਂ ਹੱਦ ਦੇ ਅੰਦਰ ਨਹੀਂ ਕੀਤੀ ਜਾਂਦੀ। ਇੰਮੀਗ੍ਰੇਸ਼ਨ ਵਿਭਾਗ ਮੁਤਾਬਕ 80 ਫੀ ਸਦੀ ਐਪਲੀਕੇਸ਼ਨਜ਼ ਦੀ ਪ੍ਰੋਸੈਸਿੰਗ ਤੈਅ ਸਮਾਂ ਹੱਦ ਦੇ ਅੰਦਰ ਕੀਤੀ ਜਾ ਰਹੀ ਹੈ ਅਤੇ ਬਾਕੀ 20 ਫੀ ਸਦੀ ਅਰਜ਼ੀਆਂ ਨੂੰ ਗੁੰਝਲਦਾਰ ਮੰਨਦਿਆਂ ਵਾਧੂ ਸਮੇਂ ਦੀ ਜ਼ਰੂਰਤ ਪੈ ਰਹੀ ਹੈ।

ਇੰਮੀਗ੍ਰੇਸ਼ਨ ਅਰਜ਼ੀਆਂ ਦਾ ਬੈਕਲਾਗ ਤੇਜ਼ੀ ਨਾਲ ਵਧਣ ਦੀਆਂ ਕਨਸੋਆਂ

ਆਰਜ਼ੀ ਵੀਜ਼ਾ ਲਈ ਮੌਜੂਦਾ ਵਰ੍ਹੇ ਦੌਰਾਨ ਪੁੱਜੀਆਂ 14 ਲੱਖ ਤੋਂ ਵੱਧ ਅਰਜ਼ੀਆਂ ਵਿਚੋਂ 6 ਲੱਖ 58 ਹਜ਼ਾਰ ਦਾ ਸਮਾਂ ਰਹਿੰਦੇ ਨਿਪਟਾਰਾ ਕਰ ਦਿਤਾ ਗਿਆ ਜਦਕਿ ਪਰਮਾਨੈਂਟ ਰੈਜ਼ੀਡੈਂਸੀ ਦੀਆਂ 8 ਲੱਖ 16 ਹਜ਼ਾਰ ਅਰਜ਼ੀਆਂ ਵਿਚੋਂ 5 ਲੱਖ 10 ਹਜ਼ਾਰ ਦਾ ਤੈਅਸ਼ੁਦਾ ਸਮਾਂ ਹੱਦ ਅੰਦਰ ਨਿਪਟਾਰਾ ਕੀਤਾ ਗਿਆ। ਇਸੇ ਤਰ੍ਹਾਂ ਕੈਨੇਡੀਅਨ ਸਿਟੀਜ਼ਨਸ਼ਿਪ ਲਈ ਆਈਆਂ 2 ਲੱਖ 23 ਹਜ਼ਾਰ ਅਰਜ਼ੀਆਂ ਵਿਚੋਂ ਇਕ ਲੱਖ 85 ਹਜ਼ਾਰ ਦੀ ਪ੍ਰੋਸੈਸਿੰਗ ਸਮੇਂ ਸਿਰ ਸੰਭਵ ਬਣਾਈ ਜਾ ਸਕੀ। ਵੱਖ ਵੱਖ ਰਿਪੋਰਟਾਂ ਮੁਤਾਬਕ ਐਕਸਪ੍ਰੈਸ ਐਂਟਰੀ ਨਾਲ ਸਬੰਧਤ ਪ੍ਰੋਵਿਨਸ਼ੀਅਲ ਨੌਮਿਨੀ ਪ੍ਰੋਗਰਾਮ ਵਿਚ ਅਰਜ਼ੀਆਂ ਦਾ ਬੈਕਲਾਗ 22 ਫੀ ਸਦੀ ਦੱਸਿਆ ਜਾ ਰਿਹਾ ਹੈ ਜਦਕਿ ਸਪਾਊਜ਼ ਵੀਜ਼ਾ ਦੇ ਮਾਮਲੇ ਵਿਚ ਸਭ ਤੋਂ ਘੱਟ 14 ਫੀ ਸਦੀ ਬੈਕਲਾਗ ਦੱਸਿਆ ਜਾ ਰਿਹਾ ਹੈ। ਇਥੇ ਦਸਣਾ ਬਣਦਾ ਹੈ ਕੈਨੇਡਾ ਸਰਕਾਰ ਵੱਲੋਂ ਪਿਛਲੇ ਦਿਨੀਂ ਵਿਜ਼ਟਰ ਵੀਜ਼ਾ ਅਧੀਨ ਮਲਟੀਪਲ ਐਂਟਰੀ ਵਾਲਾ ਰਾਹ ਪੂਰੀ ਤਰ੍ਹਾਂ ਬੰਦ ਕਰ ਦਿਤਾ ਗਿਆ ਅਤੇ ਹੁਣ ਜ਼ਿਆਦਾਤਰ ਵਿਜ਼ਟਰ ਵੀਜ਼ੇ ਸਿੰਗਲ ਐਂਟਰੀ ਵਾਲੇ ਹੀ ਜਾਰੀ ਕੀਤੇ ਜਾਣਗੇ। ਦੂਜੇ ਪਾਸੇ ਸਟੱਡੀ ਵੀਜ਼ਾ ਦਾ ਫਾਸਟ ਟ੍ਰੈਕ ਪ੍ਰੋਗਰਾਮ ‘ਸਟੂਡੈਂਟ ਡਾਇਰੈਕਟ ਸਟ੍ਰੀਮ’ ਵੀ ਬੰਦ ਕੀਤਾ ਜਾ ਚੁੱਕਾ ਹੈ ਜਿਸ ਦਾ ਸਿੱਧਾ ਅਸਰ ਭਾਰਤੀ ਵਿਦਿਆਰਥੀਆਂ ’ਤੇ ਪਵੇਗਾ।

Tags:    

Similar News