ਕੈਨੇਡਾ ਵਿਚ 20,245 ਵਿਦਿਆਰਥੀਆਂ ਨੇ ਮੰਗੀ ਪਨਾਹ
ਕੈਨੇਡਾ ਪੜ੍ਹਨ ਆਏ ਹਜ਼ਾਰਾਂ ਪੰਜਾਬੀ ਮੁੰਡੇ-ਕੁੜੀਆਂ ਦਾ ਰੱਬ ਹੀ ਰਾਖਾ ਹੈ ਜਿਨ੍ਹਾਂ ਨੇ ਪਰਮਾਨੈਂਟ ਰੈਜ਼ੀਡੈਂਸੀ ਮਿਲਣ ਦੀ ਆਖਰੀ ਉਮੀਦ ਖਤਮ ਹੋਣ ਮਗਰੋਂ ਅਸਾਇਲਮ ਦੇ ਦਾਅਵੇ ਕਰ ਦਿਤੇ।
ਟੋਰਾਂਟੋ : ਕੈਨੇਡਾ ਪੜ੍ਹਨ ਆਏ ਹਜ਼ਾਰਾਂ ਪੰਜਾਬੀ ਮੁੰਡੇ-ਕੁੜੀਆਂ ਦਾ ਰੱਬ ਹੀ ਰਾਖਾ ਹੈ ਜਿਨ੍ਹਾਂ ਨੇ ਪਰਮਾਨੈਂਟ ਰੈਜ਼ੀਡੈਂਸੀ ਮਿਲਣ ਦੀ ਆਖਰੀ ਉਮੀਦ ਖਤਮ ਹੋਣ ਮਗਰੋਂ ਅਸਾਇਲਮ ਦੇ ਦਾਅਵੇ ਕਰ ਦਿਤੇ। ਜੀ ਹਾਂ, ਕੌਮਾਂਤਰੀ ਵਿਦਿਆਰਥੀਆਂ ਨੇ ਸਾਰੇ ਰਿਕਾਰਡ ਤੋੜਦਿਆਂ 2024 ਦੌਰਾਨ ਕੈਨੇਡਾ ਵਿਚ ਪਨਾਹ ਦੇ 20,245 ਦਾਅਵੇ ਦਾਖਲ ਕੀਤੇ ਅਤੇ ਇਨ੍ਹਾਂ ਵਿਚੋਂ ਵੱਡੀ ਗਿਣਤੀ ਪੰਜਾਬੀਆਂ ਦੀ ਹੈ। ਕੈਨੇਡਾ ਸਰਕਾਰ ਵੱਲੋਂ ਸਟੱਡੀ ਵੀਜ਼ਿਆਂ ਦੀ ਗਿਣਤੀ ਘਟਾਏ ਜਾਣ ਦੇ ਬਾਵਜੂਦ ਪਨਾਹ ਮੰਗਣ ਵਾਲਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ ਅਤੇ ਇੰਮੀਗ੍ਰੇਸ਼ਨ ਮਾਹਰਾਂ ਮੁਤਾਬਕ ਮੌਜੂਦਾ ਵਰ੍ਹੇ ਦੌਰਾਨ ਇਹ ਅੰਕੜਾ 30 ਹਜ਼ਾਰ ਤੋਂ ਟੱਪ ਸਕਦਾ ਹੈ। 2025 ਦੇ ਪਹਿਲੇ ਤਿੰਨੇ ਮਹੀਨੇ ਦੌਰਾਨ ਸਾਢੇ ਪੰਜ ਹਜ਼ਾਰ ਤੋਂ ਵੱਧ ਕੌਮਾਂਤਰੀ ਵਿਦਿਆਰਥੀ ਅਸਾਲਿਮ ਦਾ ਦਾਅਵਾ ਦਾਖਲ ਕਰ ਚੁੱਕੇ ਹਨ ਅਤੇ 2024 ਦੇ ਪਹਿਲੇ ਤਿੰਨ ਮਹੀਨਿਆਂ ਦੇ ਮੁਕਾਬਲੇ ਇਹ ਗਿਣਤੀ 22 ਫੀ ਸਦੀ ਵੱਧ ਬਣਦੀ ਹੈ।
2023 ਦੇ ਮੁਕਾਬਲੇ ਵਿਚ 2024 ਵਿਚ ਦੁੱਗਣੀ ਹੋਈ ਗਿਣਤੀ
ਇੰਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਮੰਤਰਾਲੇ ਦੇ ਅੰਕੜਿਆਂ ਨੂੰ ਡੂੰਘਾਈ ਨੇ ਦੇਖਿਆ ਜਾਵੇ ਤਾਂ 2023 ਦੇ ਮੁਕਾਬਲੇ 2024 ਦੌਰਾਨ ਪਨਾਹ ਮੰਗਣ ਵਾਲਿਆਂ ਦੀ ਗਿਣਤੀ ਦੁੱਗਣੀ ਹੋ ਗਈ ਜਦਕਿ 2019 ਦੇ ਮੁਕਾਬਲੇ ਇਹ ਅੰਕੜਾ ਛੇ ਗੁਣਾ ਵੱਧ ਬਣਦਾ ਹੈ। ਇੰਮੀਗ੍ਰੇਸ਼ਨ ਵਕੀਲਾਂ ਦਾ ਕਹਿਣਾ ਹੈ ਕਿ ਪੀ.ਆਰ. ਮਿਲਣ ਦਾ ਰਾਹ ਬੇਹੱਦ ਔਖਾ ਹੋ ਚੁੱਕਾ ਹੈ ਜਿਸ ਦੇ ਮੱਦੇਨਜ਼ਰ ਕੌਮਾਂਤਰੀ ਵਿਦਿਆਰਥੀ ਬਦਲਵੇਂ ਤਰੀਕਿਆਂ ਵੱਲ ਦੌੜ ਰਹੇ ਹਨ। ਚੋਣਾਂ ਵਿਚ ਜਿੱਤ ਮਗਰੋਂ ਪਹਿਲੀ ਪ੍ਰੈਸ ਕਾਨਫਰੰਸ ਦੌਰਾਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਆਪਣਾ ਵਾਅਦਾ ਦੁਹਰਾਇਆ ਕਿ ਆਰਜ਼ੀ ਕਾਮਿਆਂ ਅਤੇ ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਕੈਨੇਡਾ ਦੀ ਕੁਲ ਵਸੋਂ ਦਾ ਪੰਜ ਫ਼ੀ ਸਦੀ ’ਤੇ ਲਿਆਂਦੀ ਜਾਵੇਗੀ ਜੋ ਇਸ ਵੇਲੇ 7 ਫ਼ੀ ਸਦੀ ਦੇ ਨੇੜੇ ਚੱਲ ਰਹੀ ਹੈ। ਮਾਰਕ ਕਾਰਨੀ ਅੱਜ ਆਪਣੇ ਮੰਤਰੀ ਮੰਡਲ ਦਾ ਐਲਾਨ ਕਰ ਰਹੇ ਹਨ ਅਤੇ ਕੈਨੇਡਾ ਨੂੰ ਨਵਾਂ ਇੰਮੀਗ੍ਰੇਸ਼ਨ ਮੰਤਰੀ ਵੀ ਮਿਲੇਗਾ। ਔਟਵਾ ਦੇ ਇੰਮੀਗ੍ਰੇਸ਼ਨ ਵਕੀਲ ਵੌਰਨ ਕ੍ਰੀਏਟਸ ਦਾ ਮੰਨਣਾ ਹੈ ਕਿ ਮਾਰਕ ਕਾਰਨੀ ਇੰਮੀਗ੍ਰੇਸ਼ਨ ਅੰਕੜੇ ਘਟਾਉਣ ਦੇ ਭਾਰੀ ਭਰਕਮ ਦਬਾਅ ਵਿਚੋਂ ਲੰਘ ਰਹੇ ਹਨ ਅਤੇ ਇਸ ਤੋਂ ਬਗੈਰ ਉਨ੍ਹਾਂ ਦੀ ਸਰਕਾਰ ਦਾ ਗੁਜ਼ਾਰਾ ਨਹੀਂ ਹੋਣਾ।
ਅਸਾਇਲਮ ਕਲੇਮ ਕਰਨ ਵਾਲਿਆਂ ਵਿਚ ਹਜ਼ਾਰਾਂ ਪੰਜਾਬੀ
ਉਨ੍ਹਾਂ ਕਿਹਾ ਕਿ ਕੈਨੇਡਾ ਦੇ ਹੈਲਥ ਕੇਅਰ ਸੈਕਟਰ ਵਿਚ ਸੰਕਟ ਹੈ, ਹਾਊਸਿੰਗ ਸੈਕਟਰ ਵੀ ਮਾਰ ਹੇਠ ਹੈ ਅਤੇ ਹੋਰ ਕਈ ਸਮੱਸਿਆਵਾਂ ਦਾ ਟਾਕਰਾ ਕਰਨਾ ਪੈ ਰਿਹਾ ਹੈ। ਇਥੇ ਦਸਣਾ ਬਣਦਾ ਹੈ ਕਿ ਕੈਨੇਡਾ ਸਰਕਾਰ ਵੱਲੋਂ ਪਿਛਲੇ ਸਾਲ ਸਟੱਡੀ ਵੀਜ਼ਿਆਂ ਵਿਚ 40 ਫੀ ਸਦੀ ਕਟੌਤੀ ਕਰਦਿਆਂ ਇਨ੍ਹਾਂ ਨੂੰ 3 ਲੱਖ 60 ਹਜ਼ਾਰ ਸਾਲਾਨਾ ਦੇ ਨੇੜੇ ਲਿਆਂਦਾ ਗਿਆ। ਸਿਰਫ਼ ਐਨਾ ਹੀ ਨਹੀਂ ਸਟੱਡੀ ਵੀਜ਼ੇ ’ਤੇ ਆਉਣ ਵਾਲਿਆਂ ਦੇ ਜੀਵਨ ਸਾਥੀ ਨੂੰ ਵਰਕ ਪਰਮਿਟ ਤੋਂ ਵਾਂਝਾ ਕਰ ਦਿਤਾ ਗਿਆ। ਉਸ ਵੇਲੇ ਕਈ ਕੈਨੇਡੀਅਨ ਵਿਦਿਅਕ ਅਦਾਰਿਆਂ ਨੂੰ ਡਿਪਲੋਮਾ ਮਿਲਜ਼ ਦਾ ਨਾਂ ਵੀ ਦਿਤਾ ਗਿਆ ਜੋ ਸਿਰਫ਼ ਅਤੇ ਸਿਰਫ਼ ਕਾਗਜ਼ ਦੇ ਸਰਟੀਫ਼ਿਕੇਟ ਮੁਹੱਈਆ ਕਰਵਾ ਰਹੇ ਸਨ। 2024 ਦੌਰਾਨ ਸਭ ਤੋਂ ਵੱਧ ਅਸਾਇਲਮ ਕਲੇਮ ਕੌਨੈਸਟੋਗਾ ਕਾਲਜ ਵੱਲੋਂ ਆਏ ਅਤੇ 720 ਵਿਦਿਆਰਥੀਆਂ ਨੇ ਕੈਨੇਡਾ ਵਿਚ ਪਨਾਹ ਮੰਗੀ। ਸੈਨੇਕਾ ਕਾਲਜ ਆਫ਼ ਅਪਲਾਈਡ ਆਰਟਸ ਐਂਡ ਟੈਕਨਾਲੋਜੀ ਦੇ 60 ਵਿਦਿਆਰਥੀਆਂ ਨੇ ਅਸਾਇਲਮ ਕਲੇਮ ਦਾਖਲ ਕੀਤੇ ਜਦਕਿ ਯੂਨੀਵਰਸਿਟੀ ਆਫ਼ ਕਿਊਬੈਕ ਤੋਂ 500 ਦਾਅਵੇ ਆਏ। ਇਸੇ ਤਰ੍ਹਾਂ ਨਿਆਗਰਾ ਕਾਲਜ ਦੇ 495 ਵਿਦਿਆਰਥੀਆਂ ਨੇ ਅਸਾਇਲਮ ਕਲੇਮ ਕੀਤਾ ਜਦਕਿ ਕਾਲਜ ਐਲਿਸ ਦੇ 475 ਵਿਦਿਆਰਥੀ ਨੇ ਕੈਨੇਡਾ ਵਿਚ ਪਨਾਹ ਮੰਗੀ। ਉਧਰ ਇੰਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਮੰਤਰਾਲੇ ਦੇ ਇਕ ਬੁਲਾਰੇ ਨੇ ਕਿਹਾ ਕਿ ਕੌਮਾਂਤਰੀ ਦਾਖਲਿਆਂ ਵਿਚ ਕਟੌਤੀ ਦਾ ਮੁਕੰਮਲ ਅਸਰ ਹਾਲੇ ਨਜ਼ਰ ਆਉਣਾ ਬਾਕੀ ਹੈ।