ਕੈਨੇਡਾ ਵਿਚ 20 ਪੰਜਾਬੀਆਂ ਨੇ ਝੁਲਾਇਆ ਜਿੱਤ ਦਾ ਝੰਡਾ

ਕੈਨੇਡਾ ਦੇ ਇਤਿਹਾਸਕ ਚੋਣ ਨਤੀਜਿਆਂ ਮਗਰੋਂ ਲਿਬਰਲ ਪਾਰਟੀ ਲਗਾਤਾਰ ਚੌਥੀ ਵਾਰ ਸੱਤਾ ਸੰਭਾਲਣ ਲਈ ਤਿਆਰ ਬਰ ਤਿਆਰ ਹੈ ਅਤੇ ਮਾਰਕ ਕਾਰਨੀ ਵੱਲੋਂ ਸਭਨਾਂ ਨੂੰ ਨਾਲ ਲੈ ਕੇ ਤੁਰਨ ਦਾ ਐਲਾਨ ਕੀਤਾ ਗਿਆ ਹੈ।

Update: 2025-04-29 12:39 GMT

ਔਟਵਾ : ਕੈਨੇਡਾ ਦੇ ਇਤਿਹਾਸਕ ਚੋਣ ਨਤੀਜਿਆਂ ਮਗਰੋਂ ਲਿਬਰਲ ਪਾਰਟੀ ਲਗਾਤਾਰ ਚੌਥੀ ਵਾਰ ਸੱਤਾ ਸੰਭਾਲਣ ਲਈ ਤਿਆਰ ਬਰ ਤਿਆਰ ਹੈ ਅਤੇ ਮਾਰਕ ਕਾਰਨੀ ਵੱਲੋਂ ਸਭਨਾਂ ਨੂੰ ਨਾਲ ਲੈ ਕੇ ਤੁਰਨ ਦਾ ਐਲਾਨ ਕੀਤਾ ਗਿਆ ਹੈ। ਕੈਨੇਡੀਅਨ ਚੋਣਾਂ ਵਿਚ ਪਹਿਲੀ ਵਾਰ ਹੋਇਆ ਹੈ ਜਦੋਂ ਵਿਰੋਧੀ ਧਿਰ ਵਜੋਂ ਚੋਣ ਲੜ ਰਹੀਆਂ ਦੋ ਪ੍ਰਮੁੱਖ ਪਾਰਟੀਆਂ ਦੇ ਆਗੂ ਚੋਣ ਹਾਰ ਗਏ। ਦੂਜੇ ਪਾਸੇ 45ਵੀਆਂ ਫੈਡਰਲ ਚੋਣਾਂ ਦੌਰਾਨ 20 ਪੰਜਾਬੀ ਜੇਤੂ ਰਹੇ ਅਤੇ ਬਰੈਂਪਟਨ ਸਣੇ ਕਈ ਰਾਈਡਿੰਗਜ਼ ਵਿਚ ਜਿੱਤ-ਹਾਰ ਦਾ ਫ਼ਰਕ ਬੇਹੱਦ ਮਾਮੂਲੀ ਰਿਹਾ। 343 ਸੀਟਾਂ ਵਾਲੇ ਹਾਊਸ ਆਫ਼ ਕਾਮਨਜ਼ ਵਿਚ ਲਿਬਰਲ ਪਾਰਟੀ ਨੂੰ 168 ਸੀਟਾਂ ਮਿਲੀਆਂ ਜਦਕਿ ਸਾਧਾਰਣ ਬਹੁਮਤ ਵਾਸਤੇ 172 ਸੀਟਾਂ ਲੋੜੀਂਦੀਆਂ ਸਨ। ਘੱਟ ਗਿਣਤੀ ਸਰਕਾਰ ਨੂੰ ਆਪਣਾ ਗੱਡਾ ਰੁੜਦਾ ਰੱਖਣ ਲਈ ਬਲੌਕ ਕਿਊਬੈਕਵਾ ਜਾਂ ਐਨ.ਡੀ.ਪੀ. ਦੇ ਸਾਥ ਦੀ ਜ਼ਰੂਰਤ ਹੋਵੇਗੀ। ਉਧਰ ਪਿਅਰੇ ਪੌਇਲੀਐਵ ਜਿਥੇ ਆਪਣੀ ਸੀਟ ਬਚਾਉਣ ਵਿਚ ਨਾਕਾਮ ਰਹੇ, ਉਥੇ ਹੀ ਪਾਰਟੀ ਨੂੰ ਵੀ ਜਿੱਤ ਦੇ ਕੰਢੇ ਤੱਕ ਨਾ ਪਹੰਚਾ ਸਕੇ। ਕੰਜ਼ਰਵੇਟਿਵ ਪਾਰਟੀ ਨੂੰ 144 ਸੀਟਾਂ ਨਾਲ ਵਿਰੋਧੀ ਧਿਰ ਦੇ ਬੈਂਚਾਂ ’ਤੇ ਬੈਠਣਾ ਹੋਵੇਗਾ।

ਇਤਿਹਾਸ ਵਿਚ ਪਹਿਲੀ ਵਾਰ ਵਿਰੋਧੀ ਪਾਰਟੀਆਂ ਦੇ ਆਗੂ ਹਾਰੇ

ਆਪਣੇ ਜੇਤੂ ਭਾਸ਼ਣ ਦੌਰਾਨ ਮਾਰਕ ਕਾਰਨੀ ਨੇ ਕਿਹਾ ਕਿ ਅਮਰੀਕਾ ਸਾਡੀ ਧਰਤੀ ’ਤੇ ਕਾਬਜ਼ ਹੋਣਾ ਚਾਹੰਦਾ ਹੈ, ਉਹ ਕੁਦਰਤੀ ਵਸੀਲਿਆਂ ਦਾ ਮਾਲਕ ਬਣਨਾ ਚਾਹੁੰਦਾ ਪਰ ਇਹ ਮਨਸੂਬੇ ਕਦੇ ਪੂਰੇ ਨਹੀਂ ਹੋਣਗੇ। ਮਾਰਕ ਕਾਰਨੀ ਨੇ ਚਿਤਾਵਨੀ ਦਿਤੀ ਕਿ ਆਉਣ ਵਾਲੇ ਦਿਨ ਚੁਣੌਤੀਆਂ ਭਰੇ ਹੋ ਸਕਦੇ ਹਨ ਪਰ ਉਨ੍ਹਾਂ ਦੀ ਸਰਕਾਰ ਮੁਲਕ ਨੂੰ ਆਰਥਿਕ ਤੌਰ ’ਤੇ ਮਜ਼ਬੂਤ ਬਣਾਉਣ ਵੱਲ ਕੇਂਦਰਤ ਰਹੇਗੀ। ਉਨ੍ਹਾਂ ਅੱਗੇ ਕਿਹਾ ਕਿ ਜਦੋਂ ਉਹ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨਾਲ ਆਹਮੋ ਸਾਹਮਣੀ ਗੱਲਬਾਤ ਕਰਨਗੇ ਤਾਂ ਦੋ ਖੁਦਮੁਖਤਿਆਰ ਮੁਲਕਾਂ ਵੱਲੋਂ ਭਵਿੱਖ ਦੇ ਆਰਥਿਕ ਅਤੇ ਸੁਰੱਖਿਆ ਸਬੰਧਾਂ ਨੂੰ ਖਾਸ ਤੌਰ ’ਤੇ ਵਿਚਾਰਿਆ ਜਾਵੇਗਾ। ਇਸੇ ਦੌਰਾਨ ਕੰਜ਼ਰਵੇਟਿਵ ਪਾਰਟੀ ਦੇ ਆਗੂ ਪਿਅਰੇ ਪੌਇਲੀਐਵ ਨੇ ਮਾਰਕ ਕਾਰਨੀ ਨੂੰ ਜਿੱਤ ਦੀ ਵਧਾਈ ਦਿਤੀ। ਉਨ੍ਹਾਂ ਕਿਹਾ ਕਿ, ‘‘ਕੰਜ਼ਰਵੇਟਿਵ ਪਾਰਟੀ ਪ੍ਰਧਾਨ ਮੰਤਰੀ ਅਤੇ ਸਾਰੀਆਂ ਧਿਰਾਂ ਨਾਲ ਤਾਲਮੇਲ ਤਹਿਤ ਕੰਮ ਕਰਦਿਆ ਕੈਨੇਡਾ ਦੇ ਹਿੱਤਾਂ ਵਾਸਤੇ ਕੰਮ ਕਰਨਾ ਜਾਰੀ ਰੱਖੇਗੀ।’’ ਉਧਰ ਐਨ.ਡੀ.ਪੀ. ਦੇ ਆਗੂ ਜਗਮੀਤ ਸਿੰਘ ਨੇ ਬਰਨਬੀ ਸੈਂਟਰਲ ਪਾਰਲੀਮਾਨੀ ਹਲਕੇ ਤੋਂ ਹਾਰ ਕਬੂਲ ਕਰਦਿਆਂ ਪਾਰਟੀ ਆਗੂ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਐਲਾਨ ਕਰ ਦਿਤਾ। ਦੱਸ ਦੇਈਏ ਕਿ ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਬਰੈਂਪਟਨ ਸ਼ਹਿਰ ਦੀ ਰਾਈਡਿੰਗਜ਼ ਵਿਚ ਲਿਬਰਲ ਅਤੇ ਕੰਜ਼ਰਵੇਟਿਵ ਉਮੀਦਵਾਰਾਂ ਦਰਮਿਆਲ ਗਹਿਗੱਚ ਮੁਕਾਬਲੇ ਦੇਖਣ ਨੂੰ ਮਿਲੇ। ਬਰੈਂਪਟਨ ਸਾਊਥ ਹਲਕੇ ਤੋਂ ਲਿਬਰਲ ਉਮੀਦਵਾਰ ਸੋਨੀਆ ਸਿੱਧੂ ਜੇਤੂ ਰਹੇ ਜਿਨ੍ਹਾਂ ਨੇ ਕੰਜ਼ਰਵੇਟਿਵ ਪਾਰਟੀ ਦੀ ਸੁਖਦੀਪ ਕੌਰ ਕੰਗ ਨੂੰ ਹਰਾਇਆ। ਬਰੈਂਪਟਨ ਨੌਰਥ-ਕੈਲੇਡਨ ਤੋਂ ਰੂਬੀ ਸਹੋਤਾ ਜੇਤੂ ਰਹੇ ਜਿਨ੍ਹਾਂ ਨੇ ਕੰਜ਼ਰਵੇਟਿਵ ਪਾਰਟੀ ਦੇ ਅਮਨਦੀਪ ਜੱਜ ਨੂੰ ਹਰਾਇਆ। ਬਰੈਂਪਟਨ ਈਸਟ ਤੋਂ ਲਿਬਰਲ ਪਾਰਟੀ ਦੇ ਮਨਿੰਦਰ ਸਿੱਧੂ ਨੇ ਕੰਜ਼ਰਵੇਟਿਵ ਪਾਰਟੀ ਦੇ ਬੌਬ ਦੁਸਾਂਝ ਨੂੰ ਹਰਾਉਂਦਿਆਂ ਜਿੱਤ ਦਰਜ ਕੀਤੀ ਜਦਕਿ ਬਰੈਂਪਟਨ ਸੈਂਟਰ ਤੋਂ ਅਮਨਦੀਪ ਕੌਰ ਸੋਢੀ ਨੇ ਕੰਜ਼ਰਵੇਟਿਵ ਪਾਰਟੀ ਦੇ ਤਰਨ ਚਹਿਲ ਨੂੰ ਫਸਵੇਂ ਮੁਕਾਬਲੇ ਦੌਰਾਨ ਹਰਾਇਆ।

ਮਾਰਕ ਕਾਰਨੀ ਵੱਲੋਂ ਸਭਨਾਂ ਨੂੰ ਨਾਲ ਲੈ ਕੇ ਤੁਰਨ ਦਾ ਐਲਾਨ

ਬਰੈਂਪਟਨ ਵੈਸਟ ਤੋਂ ਕੰਜ਼ਰਵੇਟਿਵ ਪਾਰਟੀ ਦੇ ਅਮਰਜੀਤ ਗਿੱਲ ਨੇ ਲਿਬਰਲ ਪਾਰਟੀ ਦੀ ਕਮਲ ਖਹਿਰਾ ਨੂੰ ਹਰਾ ਦਿਤਾ। ਬਰੈਂਪਟਨ ਚਿੰਗੁਅਕਜ਼ੀ ਪਾਰਕਰ ਹਲਕੇ ਵਿਚ ਲਿਬਰਲ ਪਾਰਟੀ ਦੇ ਸਫ਼ਕਤ ਅਲੀ ਜੇਤੂ ਰਹੇ ਜਿਨ੍ਹਾਂ ਨੇ ਕੰਜ਼ਰਵੇਟਿ ਪਾਰਟੀ ਦੇ ਟਿਮ ਇਕਬਾਲ ਨੂੰ ਹਰਾਇਆ। ਮਿਸੀਸਾਗਾ ਮਾਲਟਨ ਰਾਈਡਿੰਗ ਵਿਚ ਲਿਬਰਲ ਪਾਰਟੀ ਦੇ ਇਕਵਿੰਦਰ ਸਿੰਘ ਗਹੀਰ ਜੇਤੂ ਰਹੇ ਜਿਨ੍ਹਾਂ ਨੇ ਕੰਜ਼ਰਵੇਟਿਵ ਪਾਰਟੀ ਦੀ ਜਸਪ੍ਰੀਤ ਕੌਰ ਸੰਧੂ ਨੂੰ ਹਰਾਇਆ। ਮਿਲਟਨ ਈਸਟ-ਹਾਲਟਨ ਹਿਲਜ਼ ਸਾਊਥ ਤੋਂ ਕੰਜ਼ਰਵੇਟਿਵ ਪਾਰਟੀ ਦੇ ਪਰਮ ਗਿੱਲ ਜੇਤੂ ਰਹੇ ਜਦਕਿ ਰਿਚਮੰਡ ਈਸਟ-ਸਟੀਵਸਟਨ ਹਲਕੇ ਤੋਂ ਲਿਬਰਲ ਪਾਰਟੀ ਦੇ ਪਰਮ ਬੈਂਸ ਨੇ ਜਿੱਤ ਦਰਜ ਕੀਤੀ। ਵਾਟਰਲੂ ਤੋਂ ਲਿਬਰਲ ਪਾਰਟੀ ਦੀ ਬਰਦੀਸ਼ ਚੱਗੜ ਜੇਤੂ ਰਹੇ ਜਿਨ੍ਹਾਂ ਨੇ ਕੰਜ਼ਰਵੇਟਿਵ ਪਾਰਟੀ ਦੇ ਵਸੀਮ ਬੋਟਰੋਜ਼ ਨੂੰ ਹਰਾਇਆ ਜਦਕਿ ਆਕਸਫੋਰਡ ਤੋਂ ਕੰਜ਼ਰਵੇਟਿਵ ਪਾਰਟੀ ਦੇ ਅਰਪਣ ਖੰਨਾ ਜੇਤੂ ਰਹੇ ਜਿਨ੍ਹਾਂ ਨੇ ਡੇਵਿਡ ਹਿਲਡਰਲੀ ਨੂੰ ਹਰਾਇਆ। ਕੈਲਗਰੀ ਮੈਕਨਾਈਟ ਹਲਕੇ ਤੋਂ ਕੰਜ਼ਰਵੇਟਿਵ ਪਾਰਟੀ ਦੇ ਦਲਵਿੰਦਰ ਗਿੱਲ ਨੇ ਲਿਬਰਲ ਪਾਰਟੀ ਦੇ ਜਾਰਜ ਚਹਿਲ ਨੂੰ ਹਰਾ ਦਿਤਾ ਜਦਕਿ ਕੈਲਗਰੀ ਸਕਾਈਵਿਊ ਹਲਕੇ ਤੋਂ ਕੰਜ਼ਰਵੇਟਿਵ ਪਾਰਟੀ ਦੇ ਅਮਨਪ੍ਰੀਤ ਗਿੱਲ ਜੇਤੂ ਰਹੇ ਜਿਨ੍ਹਾਂ ਨੇ ਲਿਬਰਲ ਪਾਰਟੀ ਦੇ ਹਫ਼ੀਜ਼ ਮਲਿਕ ਨੂੰ ਹਰਾਇਆ। ਇਸੇ ਤਰ੍ਹਾਂ ਸਰੀ ਸੈਂਟਰ ਤੋਂ ਲਿਬਰਲ ਪਾਰਟੀ ਦੇ ਰਣਦੀਪ ਸਿੰਘ ਸਰਾਏ ਜੇਤੂ ਰਹੇ ਜਿਨ੍ਹਾਂ ਨੇ ਕੰਜ਼ਰਵੇਟਿਵ ਪਾਰਟੀ ਦੇ ਰਾਜਵੀਰ ਢਿੱਲੋਂ ਨੂੰ ਹਰਾਇਆ। ਸਰੀ ਨਿਊਟਨ ਤੋਂ ਲਿਬਰਲ ਪਾਰਟੀ ਦੇ ਸੁਖ ਧਾਲੀਵਾਲ ਜੇਤੂ ਰਹੇ ਜਿਨ੍ਹਾਂ ਨੇ ਕੰਜ਼ਰਵੇਟਿਵ ਪਾਰਟੀ ਦੇ ਹਰਜੀਤ ਸਿੰਘ ਗਿੱਲ ਨੂੰ ਹਰਾਇਆ। ਐਡਮਿੰਟਨ ਸਾਊਥ ਈਸਟ ਹਲਕੇ ਤੋਂ ਕੰਜ਼ਰਵੇਟਿਵ ਪਾਰਟੀ ਦੇ ਜਗਸ਼ਰਨ ਸਿੰਘ ਮਾਹਲ ਜੇਤੂ ਰਹੇ ਜਿਨ੍ਹਾਂ ਨੇ ਲਿਬਰਲ ਉਮੀਦਵਾਰ ਅਮਰਜੀਤ ਸੋਹੀ ਨੂੰ ਹਰਾਇਆ। ਐਲਬਰਟਾ ਦੇ ਕੈਲਗਰੀ ਈਸਟ ਹਲਕੇ ਤੋਂ ਕੰਜ਼ਰਵੇਟਿਵ ਪਾਰਟੀ ਦੇ ਜਸਰਾਜ ਹੱਲਣ ਨੇ ਜਿੱਤ ਹਾਸਲ ਕੀਤੀ ਅਤੇ ਲਿਬਰਲ ਪਾਰਟੀ ਦੀ ਪ੍ਰੀਤੀ ਓਬਰਾਏ ਨੂੰ ਹਰਾਇਆ। ਐਡਮਿੰਟਨ ਗੇਟਵੇਅ ਹਲਕੇ ਵਿਚ ਟਿਮ ਉਪਲ ਜੇਤੂ ਰਹੇ ਜਿਨ੍ਹਾਂ ਨੇ ਲਿਬਰਲ ਪਾਰਟੀ ਦੇ ਜੈਰੇਮ ਹੌਫਸਲੂਟ ਨੂੰ ਹਰਾਇਆ। ਕਿਊਬੈਕ ਦੇ ਡੌਰਵਲ ਲਾਚੀਨ ਲਾਸਾਲ ਪਾਰਲੀਮਾਨੀ ਹਲਕੇ ਤੋਂ ਲਿਬਰਲ ਪਾਰਟੀ ਦੀ ਅੰਜੂ ਢਿੱਲੋਂ ਨੇ 20 ਹਜ਼ਾਰ ਵੋਟਾਂ ਦੇ ਫਰਕ ਨਾਲ ਜਿੱਤ ਦਰਜ ਕੀਤੀ। ਐਬਟਸਫੋਰਡ ਸਾਊਥ ਲੈਂਗਲੀ ਪਾਰਲੀਮਾਨੀ ਸੀਟ ਤੋਂ ਕੰਜ਼ਰਵੇਟਿਵ ਪਾਰਟੀ ਦੇ ਸੁਖਮਨ ਗਿੱਲ ਜੇਤੂ ਰਹੇ ਜਿਨ੍ਹਾਂ ਨੇ ਲਿਬਰਲ ਪਾਰਟੀ ਦੇ ਕੈਵਿਨ ਜਿਲੀਜ਼ ਨੂੰ ਹਰਾਇਆ। ਵੈਨਕੂਵਰ ਕਿੰਗਜ਼ਵੇਅ ਤੋਂ ਲਿਬਰਲ ਪਾਰਟੀ ਦੀ ਐਮੀ ਗਿੱਲ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ, ਉਨ੍ਹਾਂ ਨੂੰ ਐਨ.ਡੀ.ਪੀ. ਦੇ ਡੌਨ ਡੇਵੀਜ਼ ਨੇ ਹਰਾਇਆ। ਫਲੀਟਵੁੱਡ ਪੋਰਟ ਕੈਲਜ਼ ਹਲਕੇ ਤੋਂ ਲਿਬਰਲ ਪਾਰਟੀ ਦੇ ਗੁਰਬਖਸ਼ ਸੈਣੀ ਜੇਤੂ ਰਹੇ ਜਿਨ੍ਹਾਂ ਨੇ ਕੰਜ਼ਰਵੇਟਿਵ ਪਾਰਟੀ ਦੇ ਸੁਖ ਪੰਧੇਰ ਨੂੰ ਹਰਾਇਆ। ਬੀ.ਸੀ. ਦੇ ਹੀ ਡੈਲਟਾ ਹਲਕੇ ਵਿਚ ਕੰਜ਼ਰਵੇਟਿਵ ਪਾਰਟੀ ਦੇ ਜੈਜ਼ੀ ਸਹੋਤਾ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਜਿਥੇ ਲਿਬਰਲ ਪਾਰਟੀ ਦੀ ਜਿਲ ਮੈਕਨਾਈਟ ਜੇਤੂ ਰਹੀ।

Tags:    

Similar News