ਗਰੇਟਰ ਟੋਰਾਂਟੋ ਏਰੀਆ ਦੇ ਘਰਾਂ ਵਿਚ ਚੋਰੀਆਂ ਕਰਨ ਵਾਲੇ 20 ਕਾਬੂ

ਗਰੇਟਰ ਟੋਰਾਂਟੋ ਏਰੀਆ ਦੇ ਘਰਾਂ ਵਿਚ ਚੋਰੀ ਦੀਆਂ ਵਾਰਦਾਤਾਂ ਦੀ ਪੜਤਾਲ ਕਰ ਰਹੀ ਯਾਰਕ ਰੀਜਨਲ ਪੁਲਿਸ ਵੱਲੋਂ 20 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।;

Update: 2025-02-21 13:17 GMT

ਵੌਅਨ : ਗਰੇਟਰ ਟੋਰਾਂਟੋ ਏਰੀਆ ਦੇ ਘਰਾਂ ਵਿਚ ਚੋਰੀ ਦੀਆਂ ਵਾਰਦਾਤਾਂ ਦੀ ਪੜਤਾਲ ਕਰ ਰਹੀ ਯਾਰਕ ਰੀਜਨਲ ਪੁਲਿਸ ਵੱਲੋਂ 20 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਡਿਟੈਕਟਿਵ ਸਾਰਜੈਂਟ ਪੈਟ੍ਰਿਕ ਸਮਿੱਥ ਨੇ ਦੱਸਿਆ ਕਿ ਲੈਟਿਨ ਅਮਰੀਕਾ ਅਤੇ ਪੂਰਬੀ ਯੂਰਪ ਨਾਲ ਸਬੰਧਤ ਚੋਰਾਂ ਦੇ ਗਿਰੋਹ ਸਿਆਲ ਦੌਰਾਨ ਕੈਨੇਡਾ ਵਿਚ ਦਾਖਲ ਹੁੰਦੇ ਅਤੇ ਦਿਨ ਦਿਹਾੜੇ ਵੀ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿਤਾ ਜਾਂਦਾ। ਇਸ ਮਗਰੋਂ ਬਸੰਤ ਰੁੱਤ ਸ਼ੁਰੂ ਹੁੰਦਿਆਂ ਹੀ ਇਹ ਆਪੋ ਆਪਣੇ ਮੁਲਕਾਂ ਨੂੰ ਰਵਾਨਾ ਹੋ ਜਾਂਦੇ।

ਯਾਰਕ ਰੀਜਨਲ ਪੁਲਿਸ ਨੇ ਲੰਮੀ ਪੜਤਾਲ ਮਗਰੋਂ ਕੀਤੀ ਕਾਰਵਾਈ

ਵਾਰਦਾਤਾਂ ਲਈ ਸਿਆਲ ਦਾ ਸਮਾਂ ਚੁਣਿਆ ਜਾਂਦਾ ਕਿਉਂਕਿ ਇਸ ਦੌਰਾਨ ਲੋਕ ਘਰਾਂ ਵਿਚੋਂ ਬਹੁਤ ਘੱਟ ਬਾਹਰ ਨਿਕਲਦੇ ਹਨ ਅਤੇ ਫੜੇ ਜਾਣ ਦਾ ਖਤਰਾ ਵੀ ਬਹੁਤ ਘੱਟ ਹੁੰਦਾ ਹੈ। ਚੋਰਾਂ ਵੱਲੋਂ ਕੀਮਤੀ ਗਹਿਣੇ, ਹੈਂਡਬੈਗ, ਨਕਦੀ, ਕੱਪੜੇ ਅਤੇ ਇਲੈਕਟ੍ਰਾਨਿਕ ਵਸਤਾਂ ਨੂੰ ਤਰਜੀਹ ਦਿਤੀ ਜਾਂਦੀ। ਪੁਲਿਸ ਮੁਤਾਬਕ ਅਕਤੂਬਰ 2024 ਤੋਂ ਜਨਵਰੀ ਦੇ ਅੰਤ ਤੱਕ ਘਰਾਂ ਵਿਚ ਚੋਰੀ ਦੀਆਂ 47 ਵਾਰਦਾਤਾਂ ਸਾਹਮਣੇ ਆਈਆਂ ਅਤੇ ਗ੍ਰਿਫ਼ਤਾਰ ਕੀਤੇ ਗਏ ਸ਼ੱਕੀਆਂ ਵਿਰੁੱਘ 235 ਦੋਸ਼ ਆਇਦ ਕੀਤੇ ਗਏ ਹਨ। ਕੈਨੇਡਾ ਤੋਂ ਫਰਾਰ ਇਕ ਸ਼ੱਕੀ ਵਿਰੁੱਧ ਗ੍ਰਿਫ਼ਤਾਰੀ ਵਾਰੰਟ ਵੀ ਜਾਰੀ ਕੀਤੇ ਜਾ ਰਹੇ ਹਨ। ਇਕ ਅੰਦਾਜ਼ੇ ਮੁਤਾਬਕ ਚੋਰੀ ਦੀਆਂ ਵਾਰਦਾਤਾਂ ਦੌਰਾਨ 20 ਲੱਖ ਡਾਲਰ ਤੋਂ ਵੱਧ ਮੁੱਲ ਦੀ ਪ੍ਰੌਪਰਟੀ ਚੋਰੀ ਕੀਤੀ ਗਈ।

Tags:    

Similar News