ਕੈਲਗਰੀ ਦੀ ਝੀਲ ਵਿਚ ਡੁੱਬੇ 2 ਨੌਜਵਾਨ
ਕੈਲਗਰੀ ਦੀ ਝੀਲ ਵਿਚ ਡੁੱਬਣ ਕਾਰਨ 2 ਨੌਜਵਾਨਾਂ ਦੀ ਮੌਤ ਹੋ ਗਈ। ਸ਼ਹਿਰ ਦੇ ਦੱਖਣ ਪੂਰਬ ਵੱਲ ਸਥਿਤ ਮਹੌਗਨੀ ਲੇਕ ਨੇੜਿਉਂ ਲੰਘ ਰਹੇ ਲੋਕਾਂ ਨੇ ਇਕ ਜਣੇ ਨੂੰ ਪਾਣੀ ਵਿਚ ਸੰਘਰਸ਼ ਕਰਦਿਆਂ ਦੇਖਿਆ
ਕੈਲਗਰੀ : ਕੈਲਗਰੀ ਦੀ ਝੀਲ ਵਿਚ ਡੁੱਬਣ ਕਾਰਨ 2 ਨੌਜਵਾਨਾਂ ਦੀ ਮੌਤ ਹੋ ਗਈ। ਸ਼ਹਿਰ ਦੇ ਦੱਖਣ ਪੂਰਬ ਵੱਲ ਸਥਿਤ ਮਹੌਗਨੀ ਲੇਕ ਨੇੜਿਉਂ ਲੰਘ ਰਹੇ ਲੋਕਾਂ ਨੇ ਇਕ ਜਣੇ ਨੂੰ ਪਾਣੀ ਵਿਚ ਸੰਘਰਸ਼ ਕਰਦਿਆਂ ਦੇਖਿਆ ਅਤੇ ਐਮਰਜੰਸੀ ਨੰਬਰ ’ਤੇ ਕਾਲ ਕਰ ਦਿਤੀ। ਕੈਲਗਰੀ ਫਾਇਰ ਡਿਪਾਰਟਮੈਂਟ ਦੀ ਐਕੁਐਟਿਕ ਰੈਸਕਿਊ ਟੀਮ ਵੱਲੋਂ ਰਾਹਤ ਕਾਰਜ ਆਰੰਭੇ ਗਏ ਅਤੇ ਦੱਖਣੀ ਐਲਬਰਟਾ ਦੀ ਅੰਡਰ ਵਾਟਰ ਸਰਚ ਟੀਮ ਵੀ ਮਦਦ ਵਾਸਤੇ ਪੁੱਜ ਗਈ। ਭਾਲ ਦੌਰਾਨ ਇਕ ਹੋਰ ਦਾ ਸਮਾਨ ਝੀਲ ਦੇ ਕੰਢੇ ਤੋਂ ਮਿਲਿਆ ਤਾਂ ਪਤਾ ਲੱਗਾ ਕਿ ਦੋ ਜਣੇ ਪਾਣੀ ਵਿਚ ਡੁੱਬੇ।
ਸਾਊਥ ਏਸ਼ੀਅਨ ਹੋਣ ਦਾ ਸ਼ੱਕ
ਆਖਰਕਾਰ ਗੋਤਾਖੋਰਾਂ ਨੇ ਦੋਵੇਂ ਲਾਸ਼ਾਂ ਪਾਣੀ ਵਿਚੋਂ ਬਾਹਰ ਕੱਢ ਲਈਆਂ। ਸੋਸ਼ਲ ਮੀਡੀਆ ’ਤੇ ਇਕ ਪੋਸਟ ਜਾਰੀ ਕਰਦਿਆਂ ਮਹੌਗਨੀ ਹੋਮਓਨਰਜ਼ ਐਸੋਸੀਏਸ਼ਨ ਨੇ ਕਿਹਾ ਕਿ ਦੋ ਜਣਿਆਂ ਦੀ ਮੌਤ ਬਾਰੇ ਪਤਾ ਲੱਗਣ ’ਤੇ ਵੱਡਾ ਝਟਕਾ ਲੱਗਾ। ਪੀੜਤ ਪਰਵਾਰਾਂ ਨਾਲ ਦੁੱਖ ਸਾਂਝਾ ਕਰਦਿਆਂ ਐਸੋਸੀਏਸ਼ਨ ਵੱਲੋਂ ਨਿਗਰਾਨੀ ਵਧਾਉਣ ’ਤੇ ਜ਼ੋਰ ਦਿਤਾ ਗਿਆ। ਕੈਲਗਰੀ ਫ਼ਾਇਰ ਡਿਪਾਰਟਮੈਂਟ ਨੇ ਘਟਨਾ ਬਾਰੇ ਟਿੱਪਣੀ ਕਰਨ ਤੋਂ ਨਾਂਹ ਕਰ ਦਿਤੀ ਅਤੇ ਪੁਲਿਸ ਨੇ ਵੀ ਯਕੀਨੀ ਤੌਰ ’ਤੇ ਨਹੀਂ ਦੱਸਿਆ ਕਿ ਦੋਹਾਂ ਜਣਿਆਂ ਨੇ ਲਾਈਫ਼ ਜੈਕਟ ਪਹਿਨੀ ਹੋਈ ਸੀ ਜਾਂ ਨਹੀਂ। ਮਹੌਗਨੀ ਝੀਲ ਵਿਚ ਡੁੱਬਣ ਦੀ ਇਹ ਦੂਜੀ ਘਟਨਾ ਦੱਸੀ ਜਾ ਰਹੀ ਹੈ। ਇਸ ਤੋਂਪਹਿਲਾਂ ਜੂਨ 2021 ਵਿਚ 11 ਸਾਲ ਦੀ ਕੁੜੀ ਡੁੱਬ ਗਈ ਸੀ।