ਉਨਟਾਰੀਓ ਵਿਚ ਘਰ ’ਤੇ ਹਮਲਾ ਕਰਨ ਵਾਲੇ 2 ਸਾਊਥ ਏਸ਼ੀਅਨ ਕਾਬੂ
ਉਨਟਾਰੀਓ ਦੇ ਮਾਰਖਮ ਵਿਖੇ ਇਕ ਘਰ ’ਤੇ ਹਮਲਾ ਕਰਦਿਆਂ ਗੋਲੀਆਂ ਚਲਾਉਣ ਅਤੇ ਔਰਤ ਨੂੰ ਅਗਵਾ ਕਰਨ ਦੇ ਮਾਮਲੇ ਤਹਿਤ ਪੁਲਿਸ ਵੱਲੋਂ ਦੋ ਹੋਰ ਸ਼ੱਕੀਆਂ ਗ੍ਰਿਫ਼ਤਾਰ ਕੀਤਾ ਗਿਆ ਹੈ
ਟੋਰਾਂਟੋ : ਉਨਟਾਰੀਓ ਦੇ ਮਾਰਖਮ ਵਿਖੇ ਇਕ ਘਰ ’ਤੇ ਹਮਲਾ ਕਰਦਿਆਂ ਗੋਲੀਆਂ ਚਲਾਉਣ ਅਤੇ ਔਰਤ ਨੂੰ ਅਗਵਾ ਕਰਨ ਦੇ ਮਾਮਲੇ ਤਹਿਤ ਪੁਲਿਸ ਵੱਲੋਂ ਦੋ ਹੋਰ ਸ਼ੱਕੀਆਂ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਨ੍ਹਾਂ ਦੀ ਸ਼ਨਾਖਤ 21 ਸਾਲ ਦੇ ਬਰੈਂਡਨ ਘੋਤਰਾ ਅਤੇ 26 ਸਾਲ ਦੇ ਮਸੀਹ ਮੁਹੰਮਦ ਵਜੋਂ ਕੀਤੀ ਗਈ ਹੈ। ਪੁਲਿਸ ਨੇ ਦੋਹਾਂ ਦੀਆਂ ਤਸਵੀਰਾਂ ਜਾਰੀ ਕਰਦਿਆਂ ਦੱਸਿਆ ਕਿ ਬਰੈਂਪਟਨ ਦੇ ਬਰੈਂਡਨ ਘੋਤਰਾ ਵਿਰੁੱਧ ਇਰਾਦਾ ਕਤਲ, ਅਗਵਾ ਦੀ ਸਾਜ਼ਿਸ਼ ਘੜਨ, ਹਥਿਆਰਾਂ ਰਾਹੀਂ ਲੁੱਟ, ਨਾਜਾਇਜ਼ ਹਥਿਆਰ ਰੱਖਣ ਅਤੇ ਅਪਰਾਧ ਰਾਹੀਂ ਹਾਸਲ ਪੰਜ ਹਜ਼ਾਰ ਡਾਲਰ ਤੋਂ ਵੱਧ ਮੁੱਲ ਦੀ ਪ੍ਰੌਪਰਟੀ ਰੱਖਣ ਦੇ ਦੋਸ਼ ਆਇਦ ਕੀਤੇ ਗਏ ਹਨ।
ਯਾਰਕ ਰੀਜਨਲ ਪੁਲਿਸ 4 ਜਣਿਆਂ ਨੂੰ ਪਹਿਲਾਂ ਕਰ ਚੁੱਕੀ ਹੈ ਗ੍ਰਿਫ਼ਤਾਰ
ਦੂਜੇ ਪਾਸੇ ਅਜੈਕਸ ਦੇ ਮਸੀਹ ਮੁਹੰਮਦ ਵਿਰੁੱਧ ਹਥਿਆਰ ਨਾਲ ਲੁੱਟ ਅਤੇ ਅਗਵਾ ਦੀ ਸਾਜ਼ਿਸ਼ ਤੋਂ ਇਲਾਵਾ ਮਾਸਟਰ ਕੀਅ ਰੱਖਣ ਅਤੇ ਰਿਹਾਈ ਸ਼ਰਤਾਂ ਦੀ ਉਲੰਘਣਾ ਕਰਨ ਦੇ ਦੋਸ਼ ਆਇਦ ਕੀਤੇ ਗਏ ਹਨ। ਪੁਲਿਸ ਨੇ ਅਤੀਤ ਵਿਚ ਗ੍ਰਿਫਤਾਰ ਕੀਤੇ ਗਏ 21 ਸਾਲ ਦੇ ਸ਼ਕੀਰ ਭੱਟੀ ਅਤੇ 20 ਸਾਲ ਦੇ ਪਰਕਰਨ ਪਾਂਗਲੀਆ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਜਿਨ੍ਹਾਂ ਵਿਚੋਂ ਸ਼ਾਕਿਰ ਭੱਟੀ ਨੂੰ 3 ਸਤੰਬਰ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿਤਾ ਗਿਆ। ਇਥੇ ਦਸਣਾ ਬਣਦਾ ਹੈ ਕਿ ਯਾਰਕ ਰੀਜਨਲ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਕਈ ਸ਼ੱਕੀਆਂ ਵੱਲੋਂ ਘਰ ’ਤੇ ਹਮਲਾ ਕੀਤਾ ਗਿਆ ਹੈ ਅਤੇ ਇਕ ਜਣੇ ਨੂੰ ਗੋਲੀ ਮਾਰਨ ਮਗਰੋਂ ਔਰਤ ਨੂੰ ਅਗਵਾ ਕਰ ਕੇ ਲੈ ਗਏ। ਅਗਵਾ ਔਰਤ ਬਾਅਦ ਵਿਚ ਟੋਰਾਂਟੋ ਤੋਂ ਮਿਲੀ ਗਈ ਅਤੇ ਪੁਲਿਸ ਨੇ 2 ਨਾਬਾਲਗਾਂ ਸਣੇ ਚਾਰ ਸ਼ੱਕੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਜਾਂਚਕਰਤਾਵਾਂ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਕੋਲ ਇਸ ਮਾਮਲੇ ਨਾਲ ਸਬੰਧਤ ਕੋਈ ਜਾਣਕਾਰੀ ਹੋਵੇ ਤਾਂ ਯਾਰਕ ਰੀਜਨਲ ਪੁਲਿਸ ਦੇ ਹੋਲਡ ਅੱਪ ਯੂਨਿਟ ਨਾਲ ਸੰਪਰਕ ਕੀਤਾ ਜਾਵੇ।