ਬਰੈਂਪਟਨ ਵਿਚ 2 ਸਾਊਥ ਏਸ਼ੀਅਨ ਠੱਗ ਸਰਗਰਮ
ਬਰੈਂਪਟਨ ਵਿਖੇ ਠੱਗੀ ਦੇ ਮਾਮਲਿਆਂ ਦੀ ਪੜਤਾਲ ਕਰ ਰਹੀ ਪੀਲ ਰੀਜਨਲ ਪੁਲਿਸ ਵੱਲੋਂ 2 ਸਾਊਥ ਏਸ਼ੀਅਨਜ਼ ਦੀ ਪੈੜ ਨੱਪਣ ਖਾਤਰ ਲੋਕਾਂ ਤੋਂ ਮਦਦ ਮੰਗੀ ਗਈ ਹੈ।
ਬਰੈਂਪਟਨ : ਬਰੈਂਪਟਨ ਵਿਖੇ ਠੱਗੀ ਦੇ ਮਾਮਲਿਆਂ ਦੀ ਪੜਤਾਲ ਕਰ ਰਹੀ ਪੀਲ ਰੀਜਨਲ ਪੁਲਿਸ ਵੱਲੋਂ 2 ਸਾਊਥ ਏਸ਼ੀਅਨਜ਼ ਦੀ ਪੈੜ ਨੱਪਣ ਖਾਤਰ ਲੋਕਾਂ ਤੋਂ ਮਦਦ ਮੰਗੀ ਗਈ ਹੈ। ਪੁਲਿਸ ਮੁਤਾਬਕ 13 ਮਈ ਤੋਂ 5 ਜੂਨ ਦਰਮਿਆਨ ਦੋ ਸ਼ੱਕੀਆਂ ਨੇ ਬਰੈਂਪਟਨ ਦੇ ਕੁਈਨ ਸਟ੍ਰੀਟ ਅਤੇ ਡੈਲਟਾ ਪਾਰਕ ਬੁਲੇਵਾਰਡ ਇਲਾਕੇ ਵਿਚ ਚੋਰੀ ਕੀਤੇ ਕ੍ਰੈਡਿਟ ਕਾਰਡ ਦੀ ਵਰਤੋਂ ਕੀਤੀ ਅਤੇ ਪੀੜਤ ਦਾ 12 ਹਜ਼ਾਰ ਡਾਲਰ ਤੋਂ ਵੱਧ ਨੁਕਸਾਨ ਹੋਇਆ। ਕ੍ਰੈਡਿਟ ਕਾਰਡ ਦੀ ਚੋਰੀ ਕੀਤੀ ਜਾਣਕਾਰੀ ਰਾਹੀਂ ਟਰੱਕਾਂ ਵਿਚ ਤੇਲ ਭਰਿਆ ਗਿਆ ਅਤੇ ਇਹ ਘਟਨਾਕ੍ਰਮ 19 ਵੱਖ ਵੱਖ ਮੌਕਿਆਂ ’ਤੇ ਵਾਪਰਿਆ।
ਪੀਲ ਪੁਲਿਸ ਨੇ ਪੈੜ ਨੱਪਣ ਲਈ ਮੰਗੀ ਲੋਕਾਂ ਤੋਂ ਮਦਦ
ਪੀਲ ਪੁਲਿਸ ਦੇ 21 ਡਵੀਜ਼ਨ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਨੇ ਦੱਸਿਆ ਕਿ ਇਕ ਸਾਊਥ ਏਸ਼ੀਅਨ ਦੀ ਉਮਰ 35 ਤੋਂ 40 ਸਾਲ ਦਰਮਿਆਨ ਹੈ ਜਿਸ ਦਾ ਸਰੀਰ ਭਾਰਾ, ਕਾਲੀ ਦਾੜੀ ਅਤੇ ਮੁੱਛਾਂ ਅਤੇ ਠੱਗੀ ਵਾਲੇ ਦਿਨ ਰਿਫੈਕਲਟਰ ਵੈਸਟ, ਐਡੀਡਾਜ਼ ਸ਼ਰਟ, ਬ੍ਰਾਊਨ ਕਾਰਗੋ ਪੈਂਟ ਅਤੇ ਗਰੀਨ ਰਨਿੰਗ ਸ਼ੂਜ਼ ਪਾਏ ਹੋਏ ਸਨ। ਦੂਜੇ ਸ਼ੱਕੀ ਦੀ ਉਮਰ 25 ਤੋਂ 30 ਸਾਲ ਦਰਮਿਆਨ ਦੱਸੀ ਜਾ ਰਹੀ ਹੈ ਜਿਸ ਦਾ ਸਰੀਰ ਦਰਮਿਆਨਾ, ਕਾਲੀ ਦਾੜੀ ਅਤੇ ਮੁੱਛਾਂ ਅਤੇ ਠੱਗੀ ਵਾਲੇ ਦਿਨ ਉਸ ਨੇ ਕਾਲੀ ਜੈਕਟ, ਗਰੇਟ ਸਵੈਟਪੈਂਟ ਅਤੇ ਗਰੇਅ ਫਿਲਾ ਸਵੈਟਰ ਪਾਇਆ ਹੋਇਆ ਸੀ।
ਪੀੜਤ ਦੇ ਕ੍ਰੈਡਿਟ ਕਾਰਡ ਵਿਚੋਂ 12 ਹਜ਼ਾਰ ਡਾਲਰ ਦੀ ਖਰੀਦਾਰੀ
ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਦੋਹਾਂ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਜਾਂਚਕਰਤਾਵਾਂ ਨਾਲ 905 453 2121 ਐਕਸਟੈਨਸ਼ਨ 2133 ’ਤੇ ਸੰਪਰਕ ਕੀਤਾ ਜਾਵੇ। ਗੁਪਤ ਤਰੀਕੇ ਨਾਲ ਜਾਣਕਾਰੀ ਦੇਣ ਲਈ ਪੀਲ ਕ੍ਰਾਈਮ ਸਟੌਪਰਜ਼ ਨੂੰ 1800 22 ਟਿਪਸ 8477 ’ਤੇ ਕਾਲ ਕੀਤੀ ਜਾ ਸਕਦੀ ਹੈ।