ਕੈਨੇਡਾ ਵਿਚ 2 ਪੰਜਾਬੀਆਂ ਦੀ ਗੋਲੀਆਂ ਮਾਰ ਕੇ ਹੱਤਿਆ

ਕੈਨੇਡਾ ਵਿਚ ਪੰਜਾਬੀ ਗੈਂਗਸਟਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਗਿਆ ਜਿਸ ਦੀ ਸ਼ਨਾਖ਼ਤ 24 ਸਾਲ ਦੇ ਤਰਨ ਪੰਧੇਰ ਵਜੋਂ ਕੀਤੀ ਗਈ ਹੈ

Update: 2025-09-12 12:41 GMT

ਵੈਨਕੂਵਰ : ਕੈਨੇਡਾ ਵਿਚ ਪੰਜਾਬੀ ਗੈਂਗਸਟਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਗਿਆ ਜਿਸ ਦੀ ਸ਼ਨਾਖ਼ਤ 24 ਸਾਲ ਦੇ ਤਰਨ ਪੰਧੇਰ ਵਜੋਂ ਕੀਤੀ ਗਈ ਹੈ। ਤਰਨ ਪੰਧੇਰ ਨੂੰ ਬੀ.ਸੀ. ਦੇ ਲੈਂਗਲੀ ਵਿਖੇ ਨਿਸ਼ਾਨਾ ਬਣਾਇਆ ਗਿਆ ਜਦੋਂ ਉਹ ਇਕ ਟੈਕਸੀ ਵਿਚ ਜਾ ਰਿਹਾ ਸੀ। ਲੈਂਗਲੀ ਆਰ.ਸੀ.ਐਮ.ਪੀ. ਨੇ ਦੱਸਿਆ ਕਿ ਗੋਲੀਆਂ ਚੱਲਣ ਦੀ ਇਤਲਾਹ ਮਿਲਣ ਮਗਰੋਂ ਮੌਕੇ ’ਤੇ ਪੁੱਜੇ ਅਫ਼ਸਰਾਂ ਨੂੰ ਇਕ ਸ਼ਖਸ ਗੰਭੀਰ ਜ਼ਖਮੀ ਹਾਲਤ ਵਿਚ ਮਿਲਿਆ ਜਿਸ ਨੂੰ ਮੁਢਲੀ ਸਹਾਇਤਾ ਦੇਣ ਦੇ ਯਤਨ ਕੀਤੇ ਗਏ ਪਰ ਉਹ ਮੌਕੇ ’ਤੇ ਹੀ ਦਮ ਤੋੜ ਗਿਆ। 5 ਸਤੰਬਰ ਨੂੰ ਰਾਤ ਤਕਰੀਬਨ 10.30 ਵਜੇ ਵਾਪਰੀ ਵਾਰਦਾਤ ਦੀ ਪੜਤਾਲ ਇੰਟੈਗਰੇਟਿਡ ਗੈਂਗ ਹੌਮੀਸਾਈਡ ਟੀਮ ਵੱਲੋਂ ਕੀਤੀ ਜਾ ਰਹੀ ਹੈ।

ਲੈਂਗਲੀ ਅਤੇ ਬਰਨਬੀ ਵਿਖੇ ਵਾਪਰੀਆਂ ਵਾਰਦਾਤਾਂ

ਵਾਰਦਾਤ ਤੋਂ ਅੱਧੇ ਘੰਟੇ ਬਾਅਦ ਸਰੀ ਦੇ 13250 ਬਲਾਕ ਅਤੇ 64 ਏ ਐਵੇਨਿਊ ਵਿਖੇ ਇਕ ਗੱਡੀ ਸੜਦੀ ਹੋਈ ਮਿਲੀ ਜੋ ਤਰਨ ਪੰਧੇਰ ਦੇ ਕਾਤਲਾਂ ਨਾਲ ਸਬੰਧਤ ਮੰਨੀ ਜਾ ਰਹੀ ਹੈ। ਆਈ ਹਿਟ ਦੇ ਕਾਰਪੋਰਲ ਸੁੱਖੀ ਢੇਸੀ ਦਾ ਕਹਿਣਾ ਸੀ ਕਿ ਗਿਰੋਹਾਂ ਦੇ ਟਕਰਾਅ ਦਾ ਮਸਲਾ ਬੇਹੱਦ ਗੁੰਝਲਦਾਰ ਹੈ ਪਰ ਤਰਨ ਪੰਧੇਰ ਦੇ ਕਾਤਲਾਂ ਨੂੰ ਇਨਸਾਫ਼ ਦੇ ਕਟਹਿਰੇ ਵਿਚ ਲਿਆਉਣ ਦਾ ਹਰ ਸੰਭਵ ਯਤਨ ਕੀਤਾ ਜਾਵੇਗਾ। ਇੰਟੈਗਰੇਟਿਡ ਗੈਂਗ ਹੌਮੀਸਾਈਡ ਟੀਮ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਕੋਲ ਵਾਰਦਾਤ ਨਾਲ ਸਬੰਧਤ ਕੋਈ ਜਾਣਕਾਰੀ ਹੋਵੇ ਤਾਂ 1877 551 ਆਈ ਹਿਟ 4448 ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਦੂਜੇ ਪਾਸੇ ਬਰਨਬੀ ਵਿਖੇ ਗੋਲੀਆਂ ਮਾਰ ਕੇ ਹਲਾਕ ਕੀਤੇ ਨੌਜਵਾਨ ਦੀ ਸ਼ਨਾਖਤ 34 ਸਾਲ ਦੇ ਸ਼ਾਹੇਬ ਅਬਾਸੀ ਵਜੋਂ ਕੀਤੀ ਗਈ ਹੈ ਅਤੇ ਇਹ ਮਾਮਲਾ ਵੀ ਬੀ.ਸੀ. ਵਿਚ ਗਿਰੋਹਾਂ ਦਰਮਿਆਨ ਚੱਲ ਰਹੇ ਟਕਰਾਅ ਦਾ ਨਤੀਜਾ ਹੋ ਸਕਦਾ ਹੈ। ਬਰਨਬੀ ਆਰ.ਸੀ.ਐਮ.ਪੀ. ਨੇ ਦੱਸਿਆ ਕਿ 10 ਸਤੰਬਰ ਨੂੰ ਸ਼ਾਮ ਤਕਰੀਬਨ 5.30 ਵਜੇ ਸਟਿੱਲ ਕ੍ਰੀਕ ਐਵੇਨਿਊ ਅਤੇ ਸਟਿੱਲ ਕ੍ਰੀਕ ਡਰਾਈਵ ਨੇੜੇ ਗੋਲੀਆਂ ਚੱਲਣ ਦੀ ਇਤਲਾਹ ਮਿਲੀ। ਮੌਕੇ ’ਤੇ ਪੁੱਜੇ ਅਫ਼ਸਰਾਂ ਨੂੰ ਇਕ ਲਾਸ਼ ਬਰਾਮਦ ਹੋਈ ਜਦਕਿ 15 ਮਿੰਟ ਬਾਅਦ ਨਰਸਰੀ ਸਟ੍ਰੀਟ ਅਤੇ ਲੇਕਫੀਲਡ ਡਰਾਈਵ ਇਲਾਕੇ ਵਿਚ ਇਕ ਗੱਡੀ ਸੜਦੀ ਹੋਈ ਮਿਲੀ। ਆਈ ਹਿਟ ਨੇ ਪੜਤਾਲ ਆਪਣੇ ਹੱਥਾਂ ਵਿਚ ਲੈਂਦਿਆਂ ਦੱਸਿਆ ਕਿ ਸੜ ਰਹੀ ਗੱਡੀ ਚਿੱਟੇ ਰੰਗ ਦੀ ਮਿਤਸੂਬਿਸ਼ੀ ਆਰ.ਵੀ.ਆਰ. ਸੀ ਅਤੇ ਜੇ ਕਿਸੇ ਕੋਲ ਇਸ ਗੱਡੀ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ ਜਾਂਚਕਰਤਾਵਾਂ ਨਾਲ ਸੰਪਰਕ ਕਰੇ।

ਵੈਸਟਮਿੰਸਟਰ ਵਿਖੇ ਛੁਰੇਬਾਜ਼ੀ ਕਰਨ ਵਾਲਾ ਕਾਬੂ

ਇਸੇ ਦੌਰਾਨ ਨਿਊ ਵੈਸਟਮਿੰਸਟਰ ਵਿਖੇ 9 ਸਤੰਬਰ ਨੂੰ ਹੋਈ ਛੁਰੇਬਾਜ਼ੀ ਦੇ ਮਾਮਲੇ ਵਿਚ ਪੁਲਿਸ ਨੇ ਸ਼ੱਕੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਦੱਸਿਆ ਕਿ ਫਰੰਟ ਸਟ੍ਰੀਟ ਅਤੇ ਸਿਕਸਥ ਸਟ੍ਰੀਟ ਇਲਾਕੇ ਵਿਚ ਧੂੰਆਂ ਉਠਣ ਦੀ ਇਤਲਾਹ ਮਿਲਣ ਮਗਰੋਂ ਮੌਕੇ ’ਤੇ ਪੁੱਜੇ ਅਫ਼ਸਰਾਂ ਨੂੰ ਇਕ ਸ਼ਖਸ ਜ਼ਖਮੀ ਹਾਲਤ ਵਿਚ ਮਿਲਿਆ ਜਿਸ ਪੈਰਾਮੈਡਿਕਸ ਵੱਲੋਂ ਹਸਪਤਾਲ ਲਿਜਾਇਆ ਗਿਆ। ਸਾਰਜੈਂਟ ਐਂਡਰਿਊ ਲੀਵਰ ਨੇ ਦੱਸਿਆ ਕਿ ਪੀੜਤ ਨੂੰ ਹਸਪਤਾਲ ਭੇਜਣ ਮਗਰੋਂ ਸ਼ੱਕੀ ਦੀ ਭਾਲ ਆਰੰਭੀ ਗਈ ਅਤੇ ਇਹ ਵੀ ਪਤਾ ਕਰਨ ਦੇ ਯਤਨ ਕੀਤੇ ਜਾ ਰਹੇ ਹਨ ਕਿ ਕੀ ਅੱਗ ਲੱਗਣ ਅਤੇ ਛੁਰੇਬਾਜ਼ੀ ਦੀਆਂ ਘਟਨਾਵਾਂ ਆਪਸ ਵਿਚ ਸਬੰਧਤ ਹਨ। ਨਿਊ ਵੈਸਟਮਿੰਸਟਰ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਵਾਰਦਾਤਾਂ ਬਾਰੇ ਕੋਈ ਜਾਣਕਾਰੀ ਹੋਵੇ ਤਾਂ 604 525 5411 ’ਤੇ ਸੰਪਰਕ ਕੀਤਾ ਜਾਵੇ।

Tags:    

Similar News