ਕੈਨੇਡਾ ਚੋਣਾਂ ’ਚ 2 ਪੰਜਾਬੀਆਂ ਨੇ ਬਣਾਇਆ ਰਿਕਾਰਡ
ਕੈਨੇਡੀਅਨ ਸਿਆਸਤ ਵਿਚ 21ਵੀਂ ਸਦੀ ਦੇ ਜੰਮਿਆਂ ਦਾ ਦਬਦਬਾ ਵਧਦਾ ਜਾ ਰਿਹਾ ਹੈ ਅਤੇ ਹਾਲ ਹੀ ਵਿਚ ਹੋਈਆਂ ਚੋਣਾਂ ਦੌਰਾਨ ਜਿਥੇ 112 ਐਮ.ਪੀ. ਪਹਿਲੀ ਵਾਰ ਜਿੱਤ ਕੇ ਆਏ ਹਨ
ਔਟਵਾ : ਕੈਨੇਡੀਅਨ ਸਿਆਸਤ ਵਿਚ 21ਵੀਂ ਸਦੀ ਦੇ ਜੰਮਿਆਂ ਦਾ ਦਬਦਬਾ ਵਧਦਾ ਜਾ ਰਿਹਾ ਹੈ ਅਤੇ ਹਾਲ ਹੀ ਵਿਚ ਹੋਈਆਂ ਚੋਣਾਂ ਦੌਰਾਨ ਜਿਥੇ 112 ਐਮ.ਪੀ. ਪਹਿਲੀ ਵਾਰ ਜਿੱਤ ਕੇ ਆਏ ਹਨ, ਉਥੇ ਹੀ 2 ਪੰਜਾਬੀਆਂ ਸਣੇ ਇਕ ਦਰਜਨ ਐਮ.ਪੀ. ਅਜਿਹੇ ਵੀ ਨੇ ਜਿਨ੍ਹਾਂ ਦਾ ਜਨਮ ਮੌਜੂਦਾ ਸਦੀ ਵਿਚ ਹੋਇਆ ਹੈ ਅਤੇ ਇਨ੍ਹਾਂ ਨੇ ਘਾਗ ਸਿਆਸਤਦਾਨਾਂ ਨੂੰ ਮਾਤ ਦਿਤੀ। ਬਰੈਂਪਟਨ ਸੈਂਟਰ ਤੋਂ ਜੇਤੂ ਅਮਨਦੀਪ ਕੌਰ ਸੋਢੀ ਅਤੇ ਐਬਸਫੋਰਡ-ਸਾਊਥ ਲੈਂਗਲੀ ਤੋਂ ਜਿੱਤੇ ਸੁਖਮਨ ਗਿੱਲ ਜੈਨੇਰੇਸ਼ਨ ‘ਜ਼ੈੱਡ’ ਦਾ ਹਿੱਸਾ ਹਨ। ਦੱਸ ਦੇਈਏ ਕਿ ਬੀ.ਸੀ. ਤੋਂ ਜੇਤੂ ਰਹੇ 25 ਸਾਲ ਦੇ ਜੇਕ ਸਵੈਟਜ਼ਕੀ ਨੇ ਐਨ.ਡੀ.ਪੀ. ਦੇ ਤਜਰਬੇਕਾਰ ਸਿਆਸਤਦਾਨ ਪੀਟਰ ਜੂਲੀਅਨ ਨੂੰ ਹਰਾਇਆ। ਹੈਰਾਨੀ ਇਸ ਗੱਲ ਦੀ ਹੈ ਕਿ ਸਵੈਟਜ਼ਕੀ ਉਸ ਵੇਲੇ ਸਿਰਫ਼ ਚਾਰ ਵਰਿ੍ਹਆਂ ਦਾ ਸੀ ਜਦੋਂ ਪੀਟਰ ਜੂਲੀਅਨ ਨੇ ਆਪਣੀ ਪਹਿਲੀ ਚੋਣ ਜਿੱਤੀ। ਪਹਿਲੀ ਵਾਰ ਚੁਣੇ ਗਏ ਐਮ.ਪੀਜ਼ ਦਾ ਜ਼ਿਕਰ ਕੀਤਾ ਜਾਵੇ ਤਾਂ ਲਿਬਰਲ ਅਤੇ ਕੰਜ਼ਰਵੇਟਿਵ ਦੋਹਾਂ ਪਾਰਟੀਆਂ ਵੱਲੋਂ ਇਹ ਜਿੱਤ ਕੇ ਆਏ ਹਨ ਅਤੇ ਮੁਲਕ ਨੂੰ ਨਵਾਂ ਰੂਪ ਦੇਣ ਦੀ ਚਾਹਤ ਇਨ੍ਹਾਂ ਦੇ ਮਨ ਵਿਚ ਹੈ।
ਮਾਰਕ ਕਾਰਨੀ 6 ਮਈ ਨੂੰ ਅਮਰੀਕਾ ਜਾਣਗੇ
ਦੂਜੇ ਪਾਸੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਚੋਣਾਂ ਵਿਚ ਜਿੱਤ ਮਗਰੋਂ ਪਹਿਲੀ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਕੈਨੇਡੀਅਨ ਅਰਥਚਾਰੇ ਵਿਚ ਦੂਜੀ ਆਲਮੀ ਜੰਗ ਮਗਰੋਂ ਸਭ ਤੋਂ ਵੱਡੀ ਤਬਦੀਲੀ ਸ਼ੁਰੂ ਹੋਣ ਵਾਲੀ ਹੈ। ਅਮਰੀਕਾ ਨਾਲ ਸਾਡੇ ਮਲਕ ਦੇ ਪੁਰਾਣੇ ਰਿਸ਼ਤੇ ਖਤਮ ਹੋ ਚੁੱਕੇ ਹਨ ਪਰ ਹੁਣ ਵੀ ਸਾਡਾ ਗੁਆਂਢੀ ਮੁਲਕ ਸਾਡਾ ਸਭ ਤੋਂ ਵੱਡਾ ਕਾਰੋਬਾਰੀ ਭਾਈਵਾਲ ਹੈ ਜਿਸ ਦੇ ਮੱਦੇਨਜ਼ਰ ਦੁਵੱਲੇ ਸਬੰਧਾਂ ਨੂੰ ਬਿਹਤਰ ਬਣਾਉਣਾ ਸਰਕਾਰ ਦੀ ਤਰਜੀਹ ਹੋਵੇਗੀ। ਉਨ੍ਹਾਂ ਦੱਸਿਆ ਕਿ ਉਹ 6 ਮਈ ਨੂੰ ਅਮਰੀਕਾ ਜਾ ਰਹੇ ਹਨ ਅਤੇ ਰਾਸ਼ਟਰਪਤੀ ਡੌਨਲਡ ਟਰੰਪ ਨਾਲ ਹਾਂਪੱਖੀ ਮੁਲਾਕਾਤ ਹੋਣ ਦੇ ਆਸਾਰ ਹਨ ਪਰ ਮੁਲਕ ਦੇ ਲੋਕ ਪਹਿਲੀ ਮੁਲਾਕਾਤ ਦੇ ਆਧਾਰ ’ਤੇ ਵੱਡੀ ਰਾਹਤ ਦੀਆਂ ਉਮੀਦਾਂ ਨਾ ਰੱਖਣ। ਹਾਊਸ ਆਫ ਕਾਮਨਜ਼ ਦੇ ਇਜਲਾਸ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਕੰਜ਼ਰਵੇਟਿਵ ਪਾਰਟੀ ਦੇ ਆਗੂ ਪਿਅਰੇ ਪੌਇਲੀਐਵ ਕਿਸੇ ਸੀਟ ’ਤੇ ਮੁੜ ਚੋਣ ਰਾਹੀਂ ਸਦਨ ਵਿਚ ਪਰਤਣਾ ਚਾਹੁੰਦੇ ਹਨ ਤਾਂ ਉਹ ਕੋਈ ਸਿਆਸੀ ਖੇਡ ਨਹੀਂ ਖੇਡਣਗੇ। ਇਥੇ ਦਸਣਾ ਬਣਦਾ ਹੈ ਕਿ ਨਵੀਂ ਚੁਣੀ ਗਈ ਕੈਨੇਡੀਅਨ ਸੰਸਦ ਦਾ ਇਜਲਾਸ ਕਿੰਗ ਚਾਰਲਸ ਦੇ ਭਾਸ਼ਣ ਨਾਲ ਸ਼ੁਰੂ ਹੋਵੇਗਾ। ਗਵਰਨਰ ਜਨਰਲ ਮੈਰੀ ਸਾਈਮਨ ਦੇ ਬਿਆਨ ਮੁਤਾਬਕ ਕਿੰਗ ਚਾਰਲਸ 26 ਅਤੇ 27 ਮਈ ਨੂੰ ਕੈਨੇਡਾ ਦੌਰੇ ’ਤੇ ਆ ਰਹੇ ਹਨ। ਹਾਊਸ ਆਫ਼ ਕਾਮਨਜ਼ ਦਾ ਹਰ ਨਵਾਂ ਇਜਲਾਸ ਤਖਤ ਦੇ ਭਾਸ਼ਣ ਨਾਲ ਸ਼ੁਰੂ ਹੁੰਦਾ ਹੈ ਅਤੇ ਗਵਰਨਰ ਜਨਰਲ ਵੱਲੋਂ ਇਹ ਜ਼ਿੰਮੇਵਾਰੀ ਨਿਭਾਈ ਜਾਂਦੀ ਹੈ ਜਿਸ ਵਿਚ ਸਰਕਾਰ ਦੇ ਟੀਚਿਆਂ ਅਤੇ ਯੋਜਨਾਵਾਂ ਦਾ ਖਾਸ ਤੌਰ ’ਤੇ ਜ਼ਿਕਰ ਕੀਤਾ ਜਾਂਦਾ ਹੈ।