ਕੈਨੇਡਾ ਵਿਚ 2 ਪੰਜਾਬੀਆਂ ਨੇ ਲੁੱਟਿਆ ਸਟੋਰ
ਕੈਨੇਡਾ ਵਿਚ 2 ਪੰਜਾਬੀ ਨੌਜਵਾਨਾਂ ਨੂੰ ਸਟੋਰ ਲੁੱਟਣ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ ਜਦਕਿ ਬੀ.ਸੀ. ਦੇ ਸਰੀ ਵਿਖੇ ਇਕ ਔਰਤ ਨਾਲ ਕਥਿਤ ਤੌਰ ’ਤੇ ਅਸ਼ਲੀਲ ਹਰਕਤ ਕਰ ਕੇ ਫਰਾਰ ਹੋਏ ਪੰਜਾਬੀ ਨੌਜਵਾਨ ਦੀ ਸ਼ਨਾਖਤ ਜਤਿੰਦਰ ਸਿੰਘ ਵਜੋਂ ਕੀਤੀ ਗਈ;
ਸਰੀ : ਕੈਨੇਡਾ ਵਿਚ 2 ਪੰਜਾਬੀ ਨੌਜਵਾਨਾਂ ਨੂੰ ਸਟੋਰ ਲੁੱਟਣ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ ਜਦਕਿ ਬੀ.ਸੀ. ਦੇ ਸਰੀ ਵਿਖੇ ਇਕ ਔਰਤ ਨਾਲ ਕਥਿਤ ਤੌਰ ’ਤੇ ਅਸ਼ਲੀਲ ਹਰਕਤ ਕਰ ਕੇ ਫਰਾਰ ਹੋਏ ਪੰਜਾਬੀ ਨੌਜਵਾਨ ਦੀ ਸ਼ਨਾਖਤ ਜਤਿੰਦਰ ਸਿੰਘ ਵਜੋਂ ਕੀਤੀ ਗਈ ਹੈ ਜਦਕਿ ਸਟੋਰ ਲੁੱਟਣ ਦੇ ਮਾਮਲੇ ਵਿਚ ਗ੍ਰਿਫ਼ਤਾਰ ਨੌਜਵਾਨਾਂ ਦੀ ਸ਼ਨਾਖਤ ਸੁਖਮਨਪ੍ਰੀਤ ਸਿੰਘ ਅਤੇ ਲਵਪ੍ਰੀਤ ਸਿੰਘ ਵਜੋਂ ਹੋਈ ਹੈ। ਸਰੀ ਆਰ.ਸੀ.ਐਮ.ਪੀ. ਨੇ ਦੱਸਿਆ ਕਿ ਸੈਕਸ਼ੁਅਲ ਅਸਾਲਟ ਦਾ ਮਾਮਲੇ 140 ਸਟ੍ਰੀਟ ਨੇੜੇ 91 ਐਵੇਨਿਊ ਵਿਖੇ ਸਾਹਮਣੇ ਆਇਆ ਜਿਥੇ ਇਕ ਘਰ ਵਿਚ ਦਾਖਲ ਹੋਏ ਸ਼ੱਕੀ ਨੇ 20-25 ਸਾਲ ਦੀ ਇਕ ਔਰਤ ਨੂੰ ਜ਼ਬਰਦਸਤੀ ਕਲਾਵੇ ਵਿਚ ਲੈ ਲਿਆ। ਔਰਤ ਨੇ ਚੀਕਾਂ ਮਾਰਨੀਆਂ ਸ਼ੁਰੂ ਕੀਤੀਆਂ ਤਾਂ ਸ਼ੱਕੀ ਮੌਕੇ ਤੋਂ ਫਰਾਰ ਹੋ ਗਿਆ। 20 ਜੁਲਾਈ ਨੂੰ ਵੱਡੇ ਤੜਕੇ ਤਕਰੀਬਨ ਸਵਾ ਤਿੰਨ ਵਜੇ ਵਾਪਰੀ ਵਾਰਦਾਤ ਦੇ ਸ਼ੱਕੀ ਦੀ ਸ਼ਨਾਖਤ ਜਤਿੰਦਰ ਸਿੰਘ ਵਜੋਂ ਕੀਤੀ ਗਈ। ਜਤਿੰਦਰ ਸਿੰਘ ਨੂੰ ਸ਼ਰਤਾਂ ਦੇ ਆਧਾਰ ’ਤੇ ਜ਼ਮਾਨਤ ਦੇ ਦਿਤੀ ਗਈ ਪਰ ਲੋਕਾਂ ਨੂੰ ਸੁਚੇਤ ਕਰਨ ਲਈ ਉਸ ਦੀਆਂ ਤਸਵੀਰਾਂ ਜਨਤਕ ਕਰ ਦਿਤੀਆਂ। ਜ਼ਮਾਨਤ ਸ਼ਰਤਾਂ ਮੁਤਾਬਕ ਉਹ ਪੀੜਤ ਨਾਲ ਕਿਸੇ ਕਿਸਮ ਦਾ ਸੰਪਰਕ ਨਹੀਂ ਕਰੇਗਾ ਅਤੇ ਪੀੜਤ ਦੀ ਰਿਹਾਇਸ਼, ਕੰਮ ਵਾਲੀ ਥਾਂ, ਸਕੂਲਾਂ ਅਤੇ ਧਾਰਮਿਕ ਥਾਵਾਂ ਦੇ 50 ਮੀਟਰ ਦੇ ਦਾਇਰੇ ਵਿਚ ਦਾਖਲ ਨਹੀਂ ਹੋਵੇਗਾ।
ਔਰਤ ਨਾਲ ਅਸ਼ਲੀਲ ਹਰਕਤ ਕਰਨ ਵਾਲਾ ਪੰਜਾਬੀ ਗ੍ਰਿਫਤਾਰ
ਜਤਿੰਦਰ ਸਿੰਘ ਨੂੰ ਕਿਸੇ ਵੀ ਕਿਸਮ ਦਾ ਹਥਿਆਰ ਰੱਖਣ ਤੋਂ ਸਖ਼ਤੀ ਨਾਲ ਵਰਜਿਆ ਗਿਆ ਹੈ। ਪੁਲਿਸ ਦਾ ਮੰਨਣਾ ਹੈ ਕਿ ਜਤਿੰਦਰ ਸਿੰਘ ਬਾਰੇ ਕਮਿਊਨਿਟੀ ਦੇ ਲੋਕਾਂ ਤੋਂ ਹੋਰ ਜਾਣਕਾਰੀ ਮਿਲ ਸਕਦੀ ਹੈ ਜਿਸ ਦੇ ਮੱਦੇਨਜ਼ਰ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਕੋਲ ਵਧੇਰੇ ਜਾਣਕਾਰੀ ਹੋਵੇ ਤਾਂ ਉਹ ਸਰੀ. ਆਰ.ਸੀ.ਐਮ.ਪੀ. ਦੇ ਵਿਸ਼ੇਸ਼ ਦਸਤੇ ਨਾਲ 604 599 0502 ’ਤੇ ਸੰਪਰਕ ਕਰੇ। ਦੂਜੇ ਪਾਸੇ ਬੈਰੀ ਨੇੜੇ ਐਲਮਵੇਲ ਵਿਖੇ ਬੀ.ਐਮ.ਆਰ. ਸਟੋਰ ਲੁੱਟਣ ਦੇ ਮਾਮਲੇ ਵਿਚ ਸੁਖਮਨਪ੍ਰੀਤ ਸਿੰਘ ਅਤੇ ਲਵਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਵੌਅਨ ਵਿਖੇ ਕਈ ਵੇਅਰ ਹਾਊਸ ਲੁੱਟਣ ਦੇ ਮਾਮਲੇ ਵਿਚ ਦੋਹਾਂ ਵਿਰੁੱਧ ਵੱਖ ਵੱਖ ਦੋਸ਼ ਲੱਗੇ ਚੁੱਕੇ ਹਨ। ਯਾਰਕ ਰੀਜਨਲ ਪੁਲਿਸ ਨੇ ਬਰੈਂਪਟਨ ਨਾਲ ਸਬੰਧਤ ਦੋਹਾਂ ਪੰਜਾਬੀਆਂ ਵਿਰੁੱਧ ਕਾਰਵਾਈ ਕਰਦਿਆਂ 10 ਲੱਖ ਡਾਲਰ ਮੁੱਲ ਦਾ ਕੰਸਟ੍ਰਕਸ਼ਨ ਵਾਲਾ ਸਾਜੋ ਸਮਾਨ ਬਰਾਮਦ ਕਰਨ ਦਾ ਦਾਅਵਾ ਕੀਤਾ ਸੀ। 26 ਸਾਲ ਦੇ ਸੁਖਮਨਪ੍ਰੀਤ ਸਿੰਘ ਵਿਰੁੱਧ ਅਪਰਾਧ ਰਾਹੀਂ ਹਾਸਲ 5 ਹਜ਼ਾਰ ਡਾਲਰ ਤੋਂ ਵੱਧ ਮੁੱਲ ਦੀ ਪ੍ਰਾਪਰਟੀ ਰੱਖਣ, ਚੋਰੀ ਦੇ ਮਕਸਦ ਨਾਲ ਵੇਅਰਹਾਊਸ ਦੇ ਜਿੰਦੇ ਤੋੜਨ, ਭੇਖ ਬਦਲਣ ਅਤੇ 5 ਹਜ਼ਾਰ ਡਾਲਰ ਤੋਂ ਘੱਟ ਮੁੱਲ ਦੀ ਮਿਸਚਫ਼ ਦੇ ਦੋਸ਼ ਆਇਦ ਕੀਤੇ ਗਏ। ਇਸੇ ਤਰ੍ਹਾਂ ਲਵਪ੍ਰੀਤ ਸਿੰਘ ਵਿਰੁੱਧ ਵੀ ਅਪਰਾਧ ਰਾਹੀਂ ਹਾਸਲ 5 ਹਜ਼ਾਰ ਡਾਲਰ ਤੋਂ ਵੱਧ ਮੁੱਲ ਦੀ ਪ੍ਰਾਪਰਟੀ ਰੱਖਣ, ਚੋਰੀ ਦੇ ਮਕਸਦ ਨਾਲ ਵੇਅਰਹਾਊਸ ਦੇ ਜਿੰਦੇ ਤੋੜਨ, ਭੇਖ ਬਦਲਣ ਅਤੇ 5 ਹਜ਼ਾਰ ਡਾਲਰ ਤੋਂ ਘੱਟ ਮੁੱਲ ਦੀ ਮਿਸਚਫ਼ ਦੇ ਦੋਸ਼ ਆਇਦ ਕੀਤੇ ਗਏ। ਇਨ੍ਹਾਂ ਦੋਹਾਂ ਨਾਲ ਤੀਜਾ ਸ਼ੱਕੀ ਵੀ ਕਾਬੂ ਕੀਤਾ ਗਿਆ ਜਦਕਿ ਨਵੇਂ ਮਾਡਲ ਵਾਲੀ ਡੌਜ ਡਰੈਂਗੋ ਗੱਡੀ ਵਿਚ ਫਰਾਰ 2 ਸ਼ੱਕੀਆਂ ਦੀ ਭਾਲ ਕੀਤੇ ਜਾਣ ਦਾ ਜ਼ਿਕਰ ਵੀ ਕੀਤਾ ਗਿਆ।