ਕੰਜ਼ਰਵੇਟਿਵ ਪਾਰਟੀ ਦੇ 2 ਹੋਰ ਐਮ.ਪੀ. ਬਦਲਣਗੇ ਪਾਲਾ
ਕੈਨੇਡਾ ਦੀ ਮੁੱਖ ਵਿਰੋਧੀ ਧਿਰ ਕੰਜ਼ਰਵੇਟਿਵ ਪਾਰਟੀ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ ਅਤੇ ਆਉਣ ਵਾਲੇ ਦਿਨਾਂ ਵਿਚ ਦੋ ਜਾਂ ਤਿੰਨ ਐਮ.ਪੀ. ਪਾਲਾ ਬਦਲ ਕੇ ਸੱਤਾਧਾਰੀ ਲਿਬਰਲ ਪਾਰਟੀ ਵੱਲ ਜਾ ਸਕਦੇ
ਔਟਵਾ : ਕੈਨੇਡਾ ਦੀ ਮੁੱਖ ਵਿਰੋਧੀ ਧਿਰ ਕੰਜ਼ਰਵੇਟਿਵ ਪਾਰਟੀ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ ਅਤੇ ਆਉਣ ਵਾਲੇ ਦਿਨਾਂ ਵਿਚ ਦੋ ਜਾਂ ਤਿੰਨ ਐਮ.ਪੀ. ਪਾਲਾ ਬਦਲ ਕੇ ਸੱਤਾਧਾਰੀ ਲਿਬਰਲ ਪਾਰਟੀ ਵੱਲ ਜਾ ਸਕਦੇ ਹਨ। ਜੀ ਹਾਂ, ਸੀ.ਬੀ.ਸੀ. ਦੀ ਰਿਪੋਰਟ ਮੁਤਾਬਕ ਨੋਵਾ ਸਕੋਸ਼ੀਆ ਤੋਂ ਐਮ.ਪੀ. ਕ੍ਰਿਸ ਡੌਂਟ੍ਰੇਮੌਂਅ ਨੇ ਦਾਅਵਾ ਕੀਤਾ ਹੈ ਕਿ ਜਦੋਂ ਉਹ ਕੰਜ਼ਰਵੇਟਿਵ ਪਾਰਟੀ ਛੱਡਣ ਬਾਰੇ ਵਿਚਾਰ ਕਰ ਰਹੇ ਸਨ ਤਾਂ ਤਿੰਨ ਜਾਂ ਚਾਰ ਐਮ.ਪੀਜ਼ ਵੱਲੋਂ ਇਹ ਰਾਹ ਅਖਤਿਆਰ ਕਰਨ ਦੀ ਸੰਭਾਵਨਾ ਬਾਰੇ ਪਤਾ ਲੱਗਾ। ਸਿਆਸੀ ਮਾਹਰਾਂ ਦਾ ਕਹਿਣਾ ਹੈ ਕਿ ਡੌਂਟ੍ਰੇਮੌਂਅ ਤੋਂ ਬਾਅਦ ਮੈਟ ਜੈਨਰੋ ਦੇ ਰੂਪ ਵਿਚ ਦੂਜਾ ਐਮ.ਪੀ. ਕੰਜ਼ਰਵੇਟਿਵ ਪਾਰਟੀ ਛੱਡ ਚੁੱਕਾ ਹੈ ਅਤੇ ਤੀਜੇ ਜਾਂ ਚੌਥੇ ਐਮ.ਪੀ. ਦੇ ਸਾਹਮਣੇ ਆਉਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਦੂਜੇ ਪਾਸੇ ਪਹਿਲੀ ਬਗਾਵਤ ਕਰਨ ਵਾਲੇ ਕ੍ਰਿਸ ਡੌਂਟ੍ਰੇਮੌਂਅ ਵੱਲੋਂ ਕੰਜ਼ਰਵੇਟਿਵ ਪਾਰਟੀ ਦੇ ਆਗੂਆਂ ’ਤੇ ਦਫ਼ਤਰ ਵਿਚ ਆ ਕੇ ਖੱਪ-ਖਾਨਾ ਪਾਉਣ ਅਤੇ ‘ਸੱਪ’ ਲਫ਼ਜ਼ ਦੀ ਵਰਤੋਂ ਕਰਨ ਦੇ ਦੋਸ਼ ਲਾਏ ਗਏ ਹਨ। ਉਧਰ, ਵਿਰੋਧੀ ਧਿਰ ਦੇ ਆਗੂ ਦੇ ਦਫ਼ਤਰ ਨੇ ਇਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿਤਾ ਹੈ।
ਲਿਬਰਲ ਪਾਰਟੀ ਨੂੰ ਸੰਸਦ ਵਿਚ ਪੂਰਨ ਬਹੁਮਤ ਮਿਲਣ ਦੇ ਆਸਾਰ
ਦਫ਼ਤਰ ਦੇ ਬੁਲਾਰੇ ਨੇ ਡੌਂਟ੍ਰੇਮੌਂਅ ਨੂੰ ਗੱਪੀ ਕਰਾਰ ਦਿੰਦਿਆਂ ਕਿਹਾ ਕਿ ਉਹ ਲਿਬਰਲ ਪਾਰਟੀ ਵਿਚ ਜ਼ਿਆਦਾ ਠੀਕ ਰਹਿਣਗੇ। ਬੁਲਾਰੇ ਨੇ ਮੰਨਿਆ ਕਿ ਕੰਜ਼ਰਵੇਟਿਵ ਪਾਰਟੀ ਦੇ ਹਾਊਸ ਲੀਡਰ ਐਂਡਰਿਊ ਸ਼ੀਅਰ ਅਤੇ ਪਾਰਟੀ ਵਿ੍ਹਪ ਕ੍ਰਿਸ ਵੌਰਕੈਨਟਿਨ ਬੀਤੇ ਮੰਗਲਵਾਰ ਨੂੰ ਡੌਂਟ੍ਰੇਮੌਂਅ ਦੇ ਦਫ਼ਤਰ ਗਏ ਸਨ ਪਰ ਸਭ ਕੁਝ ਸ਼ਾਂਤਮਈ ਤਰੀਕੇ ਨਾਲ ਹੋਇਆ। ਦੋਹਾਂ ਆਗੂਆਂ ਦੇ ਪੁੱਜਣ ’ਤੇ ਡੈਂਟ੍ਰੇਮੌਂਟ ਦੇ ਸਹਾਇਕ ਨੇ ਦਰਵਾਜ਼ਾ ਖੋਲਿ੍ਹਆ ਅਤੇ ਐਂਡਰਿਊ ਸ਼ੀਅਰ ਨੇ ਬੇਹੱਦ ਸ਼ਾਂਤਮਈ ਲਹਿਜ਼ੇ ਵਿਚ ਗੱਲ ਸ਼ੁਰੂ ਕੀਤੀ। ਇਸ ਮਗਰੋਂ ਐਂਡਰਿਊ ਸ਼ੀਅਰ ਦਫ਼ਤਰ ਵਿਚੋਂ ਬਾਹਰ ਆ ਗਏ ਪਰ ਵੌਰਕੈਨਟਿਨ ਅੰਦਰ ਹੀ ਸਨ। ਡੌਂਟ੍ਰੇਮੌਂਅ ਦੇ ਹੱਥ ਨੂੰ ਝੰਜੋੜਨ ਅਤੇ ਕੁਝ ਸ਼ਬਦ ਬੋਲਣ ਮਗਰੋਂ ਉਹ ਵੀ ਬਾਹਰ ਆ ਗਏ। ਇਸੇ ਦੌਰਾਨ ਡੌਂਟ੍ਰੇਮੌਂਅ ਨੇ ਦੱਸਿਆ ਕਿ ਉਨ੍ਹਾਂ ਨੇ ਪਾਰਟੀ ਛੱਡਣ ਦਾ ਫੈਸਲਾ ਇਕ ਦਿਨ ਵਿਚ ਨਹੀਂ ਲਿਆ ਅਤੇ ਚੋਣਾਂ ਵੇਲੇ ਤੋਂ ਹੀ ਇਸ ਬਾਰੇ ਸੋਚ ਰਹੇ ਸਨ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਲਿਬਰਲ ਪਾਰਟੀ ਨੇ ਮੰਤਰੀ ਬਣਾਉਣ ਦਾ ਵਾਅਦਾ ਕੀਤਾ ਹੈ ਤਾਂ ਡੌਂਟ੍ਰੇਮੌਂਅ ਨੇ ਨਾਂਹ ਵਿਚ ਸਿਰ ਹਿਲਾ ਦਿਤਾ।
ਪਹਿਲੀ ਬਗਾਵਤ ਕਰਨ ਵਾਲੇ ਡੌਂਟ੍ਰੇਮੌਂਅ ਨੇ ਖੋਲ੍ਹੇ ਟੋਰੀਆਂ ਦੇ ਗੁੱਝੇ ਭੇਤ
ਡੈਂਟ੍ਰੇਮੌਂਟ ਨੇ ਦਾਅਵਾ ਕੀਤਾ ਕਿ ਲਿਬਰਲ ਪਾਰਟੀ ਵਿਚ ਸ਼ਾਮਲ ਹੋਣ ਦੇ ਫੈਸਲੇ ਦੀ ਹਮਾਇਤ ਕਰਨ ਵਾਲਿਆਂ ਦੀ ਕੋਈ ਕਮੀ ਨਹੀਂ ਪਰ ਕੰਜ਼ਰਵੇਟਿਵ ਪਾਰਟੀ ਵਿਚਲੇ ਮਾਹੌਲ ਨੇ ਲੋਕਾਂ ਨੂੰ ਚੁੱਪ ਰਹਿਣ ਲਈ ਮਜਬੂਰ ਕਰ ਦਿਤਾ। ਟੋਰੀ ਆਗੂ ਪਿਅਰੇ ਪੌਇਲੀਐਵ ਦੇ ਲੀਡਰਸ਼ਿਪ ਅੰਦਾਜ਼ ’ਤੇ ਸਵਾਲ ਉਠਾਉਂਦਿਆਂ ਉਨ੍ਹਾਂ ਕਿਹਾ ਕਿ ਹਾਊਸ ਆਫ਼ ਕਾਮਨਜ਼ ਦਾ ਇਜਲਾਸ ਸ਼ੁਰੂ ਹੋਣ ਤੋਂ ਪਹਿਲਾਂ ਉਮੀਦ ਜਾਗੀ ਸੀ ਕਿ ਉਹ ਆਪਣੇ ਤੌਰ-ਤਰੀਕਿਆਂ ਵਿਚ ਤਬਦੀਲੀ ਲਿਆਉਣਗੇ ਪਰ ਅਫ਼ਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਕੋਈ ਬਦਲਾਅ ਨਜ਼ਰ ਨਾ ਆਇਆ ਜਿਸ ਮਗਰੋਂ ਪਾਰਟੀ ਛੱਡਣ ਤੋਂ ਸਿਵਾਏ ਕੋਈ ਚਾਰਾ ਹੀ ਨਹੀਂ ਸੀ ਰਹਿ ਗਿਆ। ਡੌਂਟ੍ਰੇਮੌਂਅ ਨੂੰ ਜਦੋਂ ਅਗਲੀਆਂ ਚੋਣਾਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਯਕੀਨੀ ਤੌਰ ’ਤੇ ਕੁਝ ਵੀ ਕਹਿਣ ਤੋਂ ਨਾਂਹ ਕਰ ਦਿਤੀ। ਉਨ੍ਹਾਂ ਕਿਹਾ ਕਿ ਇਸ ਵੇਲੇ ਉਹ 56 ਸਾਲ ਦੇ ਹੋ ਚੁੱਕੇ ਹਨ ਅਤੇ ਕੁਝ ਸਮਾਂ ਘਰ ਵਿਚ ਵੀ ਬਤੀਤ ਕਰਨਾ ਲਾਜ਼ਮੀ ਹੈ। ਜਦੋਂ ਚੋਣਾਂ ਦਾ ਸਮਾਂ ਆਵੇਗਾ ਤਾਂ ਪਰਵਾਰ ਨਾਲ ਵਿਚਾਰ ਵਟਾਂਦਰੇ ਦੇ ਆਧਾਰ ’ਤੇ ਫੈਸਲਾ ਲਿਆ ਜਾ ਸਕਦਾ ਹੈ। ਇਸੇ ਦੌਰਾਨ ਐਡਮਿੰਟਨ ਰਿਵਰਬੈਂਡ ਤੋਂ ਐਮ.ਪੀ. ਮੈਟ ਜੈਨਰੋ ਬਾਰੇ ਜਦੋਂ ਡੌਂਟ੍ਰੇਮੌਂਅ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਜੈਨੋਰ ਸਾਹਬ ਨੂੰ ਆਪਣੀ ਕਹਾਣੀ ਆਪਣੇ ਮੂੰਹੋਂ ਸੁਣਾਉਣ ਦਾ ਮੌਕਾ ਮਿਲਣਾ ਚਾਹੀਦਾ ਹੈ।