ਟੋਰਾਂਟੋ ਅਤੇ ਮਿਸੀਸਾਗਾ ਵਿਚ 2 ਵੱਡੇ ਹਾਦਸੇ
ਟੋਰਾਂਟੋ ਪੁਲਿਸ ਵੱਲੋਂ ਇਕ ਡਰਾਈਵਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਸ ਨੇ ਕਥਿਤ ਤੌਰ ’ਤੇ ਸ਼ਰਾਬੀ ਹਾਲਤ ਵਿਚ ਗੱਡੀ ਚਲਾਉਂਦਿਆਂ ਘੱਟੋ ਘੱਟ 10 ਗੱਡੀਆਂ ਨੂੰ ਟੱਕਰ ਮਾਰ ਦਿਤੀ
ਟੋਰਾਂਟੋ : ਟੋਰਾਂਟੋ ਪੁਲਿਸ ਵੱਲੋਂ ਇਕ ਡਰਾਈਵਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਸ ਨੇ ਕਥਿਤ ਤੌਰ ’ਤੇ ਸ਼ਰਾਬੀ ਹਾਲਤ ਵਿਚ ਗੱਡੀ ਚਲਾਉਂਦਿਆਂ ਘੱਟੋ ਘੱਟ 10 ਗੱਡੀਆਂ ਨੂੰ ਟੱਕਰ ਮਾਰ ਦਿਤੀ ਅਤੇ 5 ਜਣਿਆਂ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ। ਪੁਲਿਸ ਨੇ ਦੱਸਿਆ ਕਿ ਪਾਸਮੌਰ ਐਵੇਨਿਊ ਅਤੇ ਮਿਡਲਫੀਲਡ ਰੋਡ ਇਲਾਕੇ ਵਿਚ ਐਤਵਾਰ ਰਾਤ ਤਕਰੀਬਨ 9.30 ਵਜੇ ਇਕ ਬੇਕਾਬੂ ਗੱਡੀ ਨੇ ਕਈ ਖੜ੍ਹੀਆਂ ਗੱਡੀਆਂ ਨੂੰ ਟੱਕਰ ਮਾਰ ਦਿਤੀ। ਪਾਰਕਿੰਗ ਵਿਚ ਖੜ੍ਹੀਆਂ ਗੱਡੀਆਂ ਵਿਚੋਂ ਕੁਝ ਵਿਚ ਲੋਕ ਮੌਜੂਦ ਸਨ ਜੋ ਜ਼ਖਮੀ ਹੋ ਗਏ ਜਦਕਿ ਇਕ ਪੈਦਲ ਮਹਿਲਾ ਵੀ ਲਪੇਟ ਵਿਚ ਆ ਗਈ।
ਸ਼ਰਾਬੀ ਡਰਾਈਵਰ ਨੇ 10 ਗੱਡੀਆਂ ਨੂੰ ਮਾਰੀ ਟੱਕਰ!
ਪੁਲਿਸ ਮੁਤਾਬਕ ਹਾਦਸੇ ਮਗਰੋਂ ਡਰਾਈਵਰ ਨੇ ਮੌਕੇ ਤੋਂ ਫਰਾਰ ਹੋਣ ਦਾ ਯਤਨ ਕੀਤਾ ਪਰ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਜਿਸ ਵਿਰੁੱਧ ਨਸ਼ਾ ਕਰ ਕੇ ਗੱਡੀ ਚਲਾਉਣ ਅਤੇ ਖਤਰਨਾਕ ਤਰੀਕੇ ਨਾਲ ਗੱਡੀ ਚਲਾਉਣ ਦੇ ਦੋਸ਼ ਆਇਦ ਕੀਤੇ ਗਏ ਹਨ। ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਇਹ ਜਾਣਬੁੱਝ ਕੇ ਕੀਤੀ ਗਈ ਹਰਕਤ ਨਹੀਂ ਸੀ ਪਰ ਇਸ ਨਜ਼ਰੀਏ ਨੂੰ ਵੀ ਪੜਤਾਲ ਦਾ ਹਿੱਸਾ ਬਣਾਇਆ ਗਿਆ ਹੈ। ਉਧਰ ਮਿਸੀਸਾਗਾ ਵਿਖੇ ਹਾਈਵੇਅ 401 ’ਤੇ ਕਈ ਗੱਡੀਆਂ ਦੀ ਟੱਕਰ ਦੌਰਾਨ 2 ਜਣੇ ਗੰਭੀਰ ਜ਼ਖਮੀ ਹੋ ਗਏ। ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਨੇ ਦੱਸਿਆ ਕਿ ਹਾਦਸਾ ਡਿਕਸੀ ਰੋਡ ਨੇੜੇ ਪੱਛਮ ਵੱਲ ਜਾ ਰਹੀਆਂ ਲੇਨਜ਼ ’ਤੇ ਵਾਪਰਿਆ। ਸਾਰਜੈਂਟ ਕੈਰੀ ਸ਼ਮਿਡ ਮੁਤਾਬਕ ਜ਼ਖਮੀਆਂ ਨੂੰ ਨਾਜ਼ੁਕ ਹਾਲਤ ਵਿਚ ਟਰੌਮਾ ਸੈਂਟਰ ਭਰਤੀ ਕਰਵਾਇਆ ਗਿਆ ਅਤੇ ਫਿਲਹਾਲ ਉਨ੍ਹਾਂ ਦੀ ਹਾਲਤ ਬਾਰੇ ਹੋਰ ਜਾਣਕਾਰੀ ਨਹੀਂ ਮਿਲ ਸਕੀ। ਹਾਦਸੇ ਦੇ ਮੱਦੇਨਜ਼ਰ ਹਾਈਵੇਅ 401 ਦੀਆਂ ਪੱਛਮ ਵੱਲ ਜਾ ਰਹੀਆਂ ਲੇਨਜ਼ ਨੂੰ ਵਿੰਸਟਨ ਚਰਚਿਲ ਬੁਲੇਵਾਰਡ ਤੋਂ ਰੈਨਫਰਥ ਡਰਾਈਵ ਦਰਮਿਆਨ ਬੰਦ ਰੱਖਿਆ ਗਿਆ।