ਕੈਨੇਡਾ ਵਿਚ ਭਾਰਤੀ ਕੁੜੀ-ਮੁੰਡੇ ਨਾਲ ਵਰਤਿਆ ਭਾਣਾ
ਕੈਨੇਡਾ ਵਿਚ ਭਾਰਤੀ ਨੌਜਵਾਨਾਂ ਨਾਲ ਅਣਹੋਣੀ ਦੀਆਂ ਘਟਨਾਵਾਂ ਬਾਦਸਤੂਰ ਜਾਰੀ ਹਨ ਅਤੇ 2 ਹੋਰਨਾਂ ਦੇ ਅਕਾਲ ਚਲਾਣੇ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ।
ਬਰੈਂਪਟਨ : ਕੈਨੇਡਾ ਵਿਚ ਭਾਰਤੀ ਨੌਜਵਾਨਾਂ ਨਾਲ ਅਣਹੋਣੀ ਦੀਆਂ ਘਟਨਾਵਾਂ ਬਾਦਸਤੂਰ ਜਾਰੀ ਹਨ ਅਤੇ 2 ਹੋਰਨਾਂ ਦੇ ਅਕਾਲ ਚਲਾਣੇ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ। 24 ਸਾਲ ਦਾ ਵਿਨੇ ਆਪਣੇ ਦੋਸਤਾਂ ਨਾਲ ਸੈਰ ਸਪਾਟਾ ਕਰਨ ਸਡਬਰੀ ਦੇ ਮੂਨਲਾਈਨ ਬੀਚ ’ਤੇ ਪੁੱਜਾ ਅਤੇ ਕਿਸ਼ਤੀ ਰਾਹੀਂ ਝੀਲ ਦਾ ਗੇੜਾ ਲਾਉਣ ਦਾ ਮਨ ਬਣਾਇਆ। ਵਿਨੇ ਅਤੇ ਉਸ ਦਾ ਇਕ ਦੋਸਤ ਹਵਾ ਨਾਲ ਫੁਲਾਈ ਜਾਣ ਵਾਲੀ ਕਿਸ਼ਤੀ ਲੈ ਕੇ ਝੀਲ ਵਿਚ ਚਲੇ ਗਏ ਜਿਥੇ ਅਚਨਚੇਤ ਕਿਸ਼ਤੀ ਦੀ ਫੂਕ ਨਿਕਲ ਗਈ ਅਤੇ ਦੋਵੇਂ ਜਣੇ ਪਾਣੀ ਵਿਚ ਗੋਤੇ ਖਾਣ ਲੱਗੇ। ਮੀਡੀਆ ਰਿਪੋਰਟਾਂ ਮੁਤਾਬਕ ਮੌਕੇ ’ਤੇ ਮੌਜੂਦ ਰੈਸਕਿਊ ਟੀਮ ਵੱਲੋਂ ਦੋਹਾਂ ਨੂੰ ਪਾਣੀ ਵਿਚੋਂ ਕੱਢ ਕੇ ਕੰਢੇ ’ਤੇ ਲਿਆਂਦਾ ਗਿਆ ਅਤੇ ਇਸ ਦੌਰਾਨ 24 ਸਾਲ ਦਾ ਨੌਜਵਾਨ ਕੋਈ ਹੁੰਗਾਰਾ ਨਹੀਂ ਸੀ ਦੇ ਰਿਹਾ।
ਸਡਬਰੀ ਦੀ ਝੀਲ ਵਿਚ ਡੁੱਬਿਆ ਨੌਜਵਾਨ
ਪੈਰਾਮੈਡਿਕਸ ਵੱਲੋਂ ਉਸ ਨੂੰ ਹੋਸ਼ ਵਿਚ ਲਿਆਉਣ ਦੇ ਯਤਨ ਕੀਤੇ ਪਰ ਕੋਈ ਫਾਇਦਾ ਨਾ ਹੋਇਆ ਅਤੇ ਆਖਰਕਾਰ ਉਸ ਨੂੰ ਮ੍ਰਿਤਕ ਕਰਾਰ ਦੇ ਦਿਤਾ ਗਿਆ। ਵਿਨੇ ਦੇ ਦੋਸਤ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਜਿਥੇ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਉਧਰ ਵਿਨੇ ਦੇ ਦੋਸਤਾਂ ਵੱਲੋਂ ਉਸ ਦੀ ਦੇਹ ਭਾਰਤ ਭੇਜਣ ਲਈ ਗੋਫੰਡਮੀ ਪੇਜ ਸਥਾਪਤ ਕੀਤਾ ਗਿਆ ਹੈ। ਗੋਫੰਡਮੀ ਪੇਜ ਸਥਾਪਤ ਕਰਨ ਵਾਲੇ ਰਾਹੁਲ ਮਾਥੁਰ ਮੁਤਾਬਕ ਮੂਨਲਾਈਟ ਬੀਚ ’ਤੇ ਵਾਪਰੇ ਹਾਦਸੇ ਦੌਰਾਨ ਕਿਸ਼ਤੀ ਅਚਾਨਕ ਡੁੱਬ ਗਈ ਅਤੇ ਆਪਣੇ ਦੋਸਤ ਨੂੰ ਡੁੱਬਦਾ ਵੇਖ ਵਿਨੇ ਉਸ ਨੂੰ ਬਚਾਉਣ ਦੇ ਯਤਨ ਕਰਨ ਲੱਗਾ ਪਰ ਆਣੀ ਜਾਨ ਨਾ ਬਚਾ ਸਕਿਆ। ਦੂਜੇ ਪਾਸੇ ਟੋਰਾਂਟੋ ਦੇ ਇਕ ਘਰ ਵਿਚੋਂ 25 ਸਾਲਾ ਭਾਰਤੀ ਮੁਟਿਆਰ ਦੀ ਲਾਸ਼ ਮਿਲਣ ਮਗਰੋਂ ਸਨਸਨੀ ਫੈਲ ਗਈ।
ਟੋਰਾਂਟੋ ਦੇ ਮਕਾਨ ਵਿਚੋਂ ਮਿਲੀ ਮੁਟਿਆਰ ਦੀ ਲਾਸ਼
ਭਾਰਤੀ ਮੁਟਿਆਰ ਦੀ ਸ਼ਨਾਖਤ 25 ਸਾਲ ਦੀ ਅਨੀਤਾ ਵਜੋਂ ਕੀਤੀ ਗਈ ਹੈ ਜੋ ਕੇਰਲ ਦੇ ਕੋਲਮ ਜ਼ਿਲ੍ਹੇ ਨਾਲ ਸਬੰਧਤ ਸੀ। ਪ੍ਰਾਪਤ ਜਾਣਕਾਰੀ ਮੁਤਾਬਕ ਅਨੀਤਾ ਦੇ ਹਾਊਸ ਮੇਟਸ ਨੂੰ ਉਸ ਦੀ ਲਾਸ਼ ਬਾਥਰੂਮ ਵਿਚ ਮਿਲੀ ਅਤੇ ਟੋਰਾਂਟੋ ਪੁਲਿਸ ਵੱਲੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਸਟੱਡੀ ਵੀਜ਼ਾ ’ਤੇ ਕੈਨੇਡਾ ਪੁੱਜੀ ਅਨੀਤਾ ਨੇ ਬਿਜ਼ਨਸ ਮੈਨੇਜਮੈਂਟ ਦਾ ਕੋਰਸ ਮੁਕੰਮਲ ਕਰਨ ਮਗਰੋਂ ਇਕ ਬੈਂਕ ਵਿਚ ਨੌਕਰੀ ਸ਼ੁਰੂ ਕਰ ਦਿਤੀ ਅਤੇ ਉਸ ਦੀਆਂ ਸਹੇਲੀਆਂ ਮੁਤਾਬਕ ਸਭ ਕੁਝ ਠੀਕ ਚੱਲ ਰਿਹਾ ਸੀ। ਇਸੇ ਦੌਰਾਨ ਬਰੈਂਪਟਨ ਦੇ 33 ਸਾਲਾ ਜਗਪ੍ਰੀਤ ਸਿੰਘ ਦੀ ਭਾਲ ਵਿਚ ਜੁਟੀ ਪੀਲ ਰੀਜਨਲ ਪੁਲਿਸ ਵੱਲੋਂ ਲੋਕਾਂ ਤੋਂ ਮਦਦ ਮੰਗੀ ਗਈ ਹੈ। ਜਗਪ੍ਰੀਤ ਸਿੰਘ ਨੂੰ ਆਖਰੀ ਵਾਰ 19 ਜੁਲਾਈ ਨੂੰ ਮੌਰਨਿੰਗਮਿਸਟ ਸਟ੍ਰੀਟ ਅਤੇ ਲੂਨਜ਼ ਕਾਲ ਕ੍ਰੈਸੈਂਟ ਇਲਾਕੇ ਵਿਚ ਦੇਖਿਆ ਗਿਆ। ਉਸ ਦੀ ਗੱਡੀ 21 ਜੁਲਾਈ ਨੂੰ ਬੋਲਟਨ ਦੇ ਹੰਬਰ ਸਟੇਸ਼ਨ ਰੋਡ ਅਤੇ ਕੈਸਲਡਰਗ ਰੋਡ ਇਲਾਕੇ ਵਿਚੋਂ ਮਿਲੀ। ਪੀਲ ਪੁਲਿਸ ਨੇ ਜਗਪ੍ਰੀਤ ਦਾ ਹੁਲੀਆ ਜਾਰੀ ਕਰਦਿਆਂ ਕਿਹਾ ਕਿ ਉਸ ਦਾ ਕੱਦ 6 ਫੁੱਟ, ਵਜ਼ਨ 65 ਕਿਲੋ, ਸਰੀਰ ਪਤਲਾ ਅਤੇ ਵਾਲ ਕਾਲੇ ਹਨ। ਆਖਰੀ ਵਾਰ ਦੇਖੇ ਜਾਣ ਵੇਲੇ ਉਸ ਨੇ ਕਾਲੀ ਟੀ-ਸ਼ਰਟ, ਕਾਲੀ ਜੌਗਿੰਗ ਪੈਂਟ ਅਤੇ ਕਾਲੇ ਸਲਿਪਰਜ਼ ਪਾਏ ਹੋਏ ਸਨ। ਜਗਪ੍ਰੀਤ ਦਾ ਪਰਵਾਰ ਅਤੇ ਪੁਲਿਸ ਉਸ ਦੀ ਸੁੱਖ-ਸਾਂਦ ਪ੍ਰਤੀ ਬੇਹੱਦ ਚਿੰਤਤ ਹਨ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਜਗਪ੍ਰੀਤ ਦੇ ਪਤੇ-ਟਿਕਾਣੇ ਬਾਰੇ ਕੋਈ ਜਾਣਕਾਰੀ ਹੋਵੇ ਤਾਂ 21 ਡਵੀਜ਼ਨ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਦੇ ਜਾਂਚਕਰਤਾਵਾਂ ਨਾਲ 905 453 2121 ਐਕਸਟੈਨਸ਼ਨ 2133 ’ਤੇ ਸੰਪਰਕ ਕੀਤਾ ਜਾਵੇ। ਗੁਪਤ ਤਰੀਕੇ ਨਾਲ ਜਾਣਕਾਰੀ ਦੇਣ ਲਈ ਕ੍ਰਾਈਮ ਸਟੌਪਰਜ਼ ਨਾਲ 1800 222 ਟਿਪਸ 8477 ’ਤੇ ਕਾਲ ਕੀਤੀ ਜਾਵੇ।