ਕੈਨੇਡਾ ’ਚ 2 ਭਾਰਤੀਆਂ ’ਤੇ ਲੱਗੇ ਇਰਾਦਾ ਕਤਲ ਦੇ ਦੋਸ਼
ਬਰੈਂਪਟਨ ਵਿਖੇ ਹਥਿਆਰ ਦੀ ਨੋਕ ’ਤੇ ਕਾਰ ਖੋਹਣ ਦੇ ਮਾਮਲੇ ਵਿਚ ਪੀਲ ਰੀਜਨਲ ਪੁਲਿਸ ਵੱਲੋਂ ਵਿੰਡਸਰ ਪੁਲਿਸ ਦੇ ਸਹਿਯੋਗ ਨਾਲ ਸਿਮਰਨਜੀਤ ਸਿੰਘ ਅਤੇ ਪ੍ਰਤੀਕ ਇਹੀਤਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ
ਬਰੈਂਪਟਨ : ਬਰੈਂਪਟਨ ਵਿਖੇ ਹਥਿਆਰ ਦੀ ਨੋਕ ’ਤੇ ਕਾਰ ਖੋਹਣ ਦੇ ਮਾਮਲੇ ਵਿਚ ਪੀਲ ਰੀਜਨਲ ਪੁਲਿਸ ਵੱਲੋਂ ਵਿੰਡਸਰ ਪੁਲਿਸ ਦੇ ਸਹਿਯੋਗ ਨਾਲ 22 ਸਾਲ ਦੇ ਸਿਮਰਨਜੀਤ ਸਿੰਘ ਅਤੇ 20 ਸਾਲ ਦੇ ਪ੍ਰਤੀਕ ਇਹੀਤਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੀਲ ਪੁਲਿਸ ਦੇ ਸੈਂਟਰਲ ਰੌਬਰੀ ਬਿਊਰੋ ਨੇ ਦੱਸਿਆ ਕਿ 10 ਮਈ ਨੂੰ ਵਾਪਰੀ ਵਾਰਦਾਤ ਦੌਰਾਨ ਬਰੈਂਪਟਨ ਦੇ ਇਕ ਸ਼ਖਸ ਨੂੰ ਛੁਰਾ ਮਾਰ ਕੇ ਜ਼ਖਮੀ ਕਰ ਦਿਤਾ ਗਿਆ ਜੋ ਫੇਸਬੁਕ ਮਾਰਕਿਟ ਪਲੇਸ ਰਾਹੀਂ ਆਪਣੀ ਡੌਜ ਚੈਲੈਂਜਰ ਗੱਡੀ ਵੇਚਣ ਦਾ ਯਤਨ ਕਰ ਰਿਹਾ ਸੀ।
ਹਥਿਆਰ ਦੀ ਨੋਕ ’ਤੇ ਕਾਰ ਖੋਹਣ ਦੌਰਾਨ ਕੀਤਾ ਹਮਲਾ
ਗੱਡੀ ਦੀ ਟੈਸਟ ਡਰਾਈਵ ਦੌਰਾਨ ਦੋ ਸ਼ੱਕੀਆਂ ਵਿਚੋਂ ਇਕ ਨੇ ਤੇਜ਼ਧਾਰ ਹਥਿਆਰ ਕੱਢ ਲਿਆ ਅਤੇ ਗੱਡੀ ਦੇ ਮਾਲਕ ਨੂੰ ਹੇਠਾਂ ਉਤਰਨ ਲਈ ਧਮਕਾਇਆ ਪਰ ਜਦੋਂ ਮਾਲਕ ਨੇ ਗੱਡੀ ਵਿਚੋਂ ਬਾਹਰ ਨਿਕਲਣ ਤੋਂ ਨਾਂਹ ਕਰ ਦਿਤੀ ਤਾਂ ਸ਼ੱਕੀ ਨੇ ਛੁਰਾ ਚਲਾ ਦਿਤਾ। ਸ਼ੱਕੀ ਮੌਕੇ ਤੋਂ ਫਰਾਰ ਹੋ ਗਏ ਜਦਕਿ ਪੀੜਤ ਨੂੰ ਗੰਭੀਰ ਹਾਲਤ ਵਿਚ ਟਰੌਮਾ ਸੈਂਟਰ ਲਿਜਾਇਆ ਗਿਆ ਜਿਸ ਦੀ ਗਰਦਨ ’ਤੇ ਛੁਰਾ ਵੱਜਿਆ ਸੀ। 11 ਮਈ ਨੂੰ ਵਿੰਡਸਰ ਪੁਲਿਸ ਨੇ ਗੱਡੀ ਬਰਾਮਦ ਕਰ ਲਈ ਅਤੇ ਸ਼ੱਕੀਆਂ ਦੀ ਭਾਲ ਆਰੰਭ ਦਿਤੀ। ਬੀਤੇ ਦਿਨੀਂ ਵਿੰਡਸਰ ਵਿਚ ਰਹਿੰਦੇ ਦੋਹਾਂ ਸ਼ੱਕੀਆਂ ਵਿਰੁੱਧ ਇਰਾਦਾ ਕਤਲ, ਲੁੱਟ ਅਤੇ ਹਮਲਾ ਕਰਨ ਦੇ ਦੋਸ਼ ਆਇਦ ਕੀਤੇ ਗਏ। ਪੁਲਿਸ ਨੇਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਸ ਵਾਰਦਾਤ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ ਸੈਂਟਰਲ ਰੌਬਰੀ ਬਿਊਰੋ ਦੇ ਜਾਂਚਕਰਤਾਵਾਂ ਨਾਲ 905 453 2121 ਐਕਸਟੈਨਸ਼ਨ 3410 ’ਤੇ ਸੰਪਰਕ ਕੀਤਾ ਜਾਵੇ। ਦੂਜੇ ਪਾਸੇ ਐਲਬਰਟਾ ਵਿਚ 15 ਮਿਲੀਅਨ ਡਾਲਰ ਮੁੱਲ ਦੀ ਕੋਕੀਨ ਜ਼ਬਤ ਕਰਦਿਆਂ ਛੇ ਜਣਿਆਂ ਵਿਰੁੱਧ ਦੋਸ਼ ਆਇਦ ਕੀਤੇ ਗਏ ਹਨ।
ਐਲਬਰਟਾ ਵਿਚ 15 ਮਿਲੀਅਨ ਡਾਲਰ ਮੁੱਲ ਦੀ ਕੋਕੀਨ ਸਣੇ 5 ਕਾਬੂ
ਪ੍ਰੌਜੈਕਟ ਸਰਬ੍ਰਸ ਤਹਿਤ ਕੀਤੀ ਗਈ ਕਾਰਵਾਈ ਦੌਰਾਨ 157 ਕਿਲੋ ਕੋਕੀਨ ਬਰਾਮਦ ਕੀਤੀ ਜੋ 98 ਫ਼ੀ ਸਦੀ ਤੱਕ ਖਰੀ ਮੰਨੀ ਜਾ ਰਹੀ ਹੈ। ਐਲਬਰਟਾ ਦੇ ਇਤਿਹਾਸ ਵਿਚ ਇਹ ਸਭ ਤੋਂ ਵੱਡੀਆਂ ਨਸ਼ਾ ਬਰਾਮਦਗੀਆਂ ਵਿਚੋਂ ਇਕ ਹੈ ਜਿਸ ਨੂੰ ਵੱਖ ਵੱਖ ਲਾਅ ਐਨਫੋਰਸਮੈਂਟ ਟੀਮਾਂ ਵੱਲੋਂ ਤਾਲਮੇਲ ਤਹਿਤ ਅੰਜਾਮ ਦਿਤਾ ਗਿਆ। ਜਾਂਚਕਰਤਾਵਾਂ ਨੇ ਦੱਸਿਆ ਕਿ ਕੈਲਗਰੀ ਦੇ 26 ਸਾਲਾ ਰਜ਼ਾ ਮੁਹੰਮਦ, ਸਪਰੂਸ ਗਰੋਵ ਦੇ 40 ਸਾਲਾ ਜੌਰਡਨ ਪਲੈਮੈਂਡਨ, ਕੈਲਗਰੀ ਦੇ 34 ਸਾਲਾ ਜੀ ਹਵਾਨ ਕਿਮ, ਐਡਮਿੰਟਨ ਦੇ 33 ਸਾਲਾ ਜੇਮਜ਼ ਅਤੇ ਐਡਮਿੰਟਨ ਦੇ ਹੀ ਐਲਨ ਲਿਊਂਗ ਨੂੰ ਗ੍ਰਿਫ਼ਤਾਰ ਕਰਦਿਆਂ ਕੁਲ 31 ਦੋਸ਼ ਆਇਦ ਕੀਤੇ ਗਏ ਹਨ। ਸ਼ੱਕੀਆਂ ਦੀ ਅਦਾਲਤ ਵਿਚ ਪੇਸ਼ੀ 26 ਸਤੰਬਰ ਤੋਂ 3 ਅਕਤੂਬਰ ਦਰਮਿਆਨ ਹੋਵੇਗੀ।