ਬਰੈਂਪਟਨ ’ਚ 2 ਭਾਰਤੀ ਰੈਸਟੋਰੈਂਟਾਂ ਨੂੰ ਮਿਲੀ ਚਿਤਾਵਨੀ
ਰੈਂਪਟਨ ਵਿਚ ਭਾਰਤੀ ਖਾਣਾ ਪਰੋਸਣ ਵਾਲੇ ਦੋ ਹੋਰ ਰੈਸਟੋਰੈਂਟਸ ਨੂੰ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਪੀਲ ਪਬਲਿਕ ਹੈਲਥ ਵੱਲੋਂ ਚਿਤਾਵਨੀ ਦਿਤੀ ਗਈ ਹੈ।;
ਬਰੈਂਪਟਨ : ਬਰੈਂਪਟਨ ਵਿਚ ਭਾਰਤੀ ਖਾਣਾ ਪਰੋਸਣ ਵਾਲੇ ਦੋ ਹੋਰ ਰੈਸਟੋਰੈਂਟਸ ਨੂੰ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਪੀਲ ਪਬਲਿਕ ਹੈਲਥ ਵੱਲੋਂ ਚਿਤਾਵਨੀ ਦਿਤੀ ਗਈ ਹੈ। ਬਰੈਂਪਟਨ ਗਾਰਡੀਅਨ ਦੀ ਰਿਪੋਰਟ ਮੁਤਾਬਕ 2 ਜੁਲਾਈ ਨੂੰ ਹੋਈ ਪੜਤਾਲ ਦੌਰਾਨ ਕਾਊਂਟੀ ਕੋਰਟ ਬੁਲੇਵਾਰਡ ਵਿਖੇ ਸਥਿਤ ਜੰਕਸ਼ਨ ਪਾਨ ਐਂਡ ਰੈਸਟੋਰੈਂਟ ਅਤੇ ਰੇਅ ਲਾਅਸਨ ਬੁਲੇਵਾਰਡ ’ਤੇ ਸਥਿਤ ਲਾਲੀਜ਼ ਇੰਡੀਅਨ ਰੈਸਟੋਰੈਂਟ ਨੂੰ ਯੈਲੋ ਕੰਡੀਸ਼ਨਲ ਪਾਸ ਦਿਤੇ ਗਏ।
ਫੂਡ ਸੇਫ਼ਟੀ ਨਾਲ ਸਬੰਧਤ ਨਿਯਮਾਂ ਦੀ ਉਲੰਘਣਾ ਆਈ ਸਾਹਮਣੇ
ਪੀਲ ਪਬਲਿਕ ਹੈਲਥ ਵੱਲੋਂ ਜਾਰੀ ਬਿਆਨ ਮੁਤਾਬਕ ਇੰਸਪੈਕਟਰਜ਼ ਵੱਲੋਂ ਰੈਸਟੋਰੈਂਟਸ, ਕੌਕਟੇਲ ਬਾਰਜ਼, ਬੇਕਰੀਜ਼ ਅਤੇ ਖਾਣ-ਪੀਣ ਵਾਲੀਆਂ ਚੀਜ਼ਾਂ ਤਿਆਰ ਕਰਨ ਵਾਲੇ ਹੋਰ ਅਦਾਰਿਆਂ ਦੀ ਲਗਾਤਾਰ ਚੈਕਿੰਗ ਕੀਤੀ ਜਾਂਦੀ ਹੈ। ਜਿਹੜੇ ਰੈਸਟੋਰੈਂਟਸ ਵੱਲੋਂ ਸਾਫ ਸਫਾਈ ਅਤੇ ਖਾਣ-ਪੀਣ ਵਾਲੀਆਂ ਵਸਤਾਂ ਦੇ ਮਿਆਰ ਵਿਚ ਢਿੱਲ ਵਰਤੀ ਜਾਂਦੀ ਹੈ, ਉਨ੍ਹਾਂ ਨੂੰ ਪਹਿਲਾਂ ਚਿਤਾਵਨੀ ਅਤੇ ਫਿਰ ਕਾਰਵਾਈ ਦਾ ਸਾਹਮਣਾ ਕਰਨਾ ਪੈਂਦਾ ਹੈ। ਦੱਸ ਦੇਈਏ ਕਿ ਜੰਕਸ਼ਨ ਪਾਨ ਅਤੇ ਰੈਸਟੋਰੈਂਟ ਦੀ ਗੂਗਲ ਰੇਟਿੰਗ 4.2 ਨਜ਼ਰ ਆਉਂਦੀ ਹੈ ਅਤੇ ਇਕ ਹਜ਼ਾਰ ਤੋਂ ਵੱਧ ਲੋਕਾਂ ਵੱਲੋਂ ਰੈਸਟੋਰੈਂਟ ਬਾਰੇ ਟਿੱਪਣੀਆਂ ਵੀ ਦੇਖੀਆਂ ਜਾ ਸਕਦੀਆਂ ਹਨ। ਇਕ ਟਿੱਪਣੀ ਵਿਚ ਵਿਸ਼ਾਲ ਸ਼ਾਹ ਨੇ ਲਿਖਿਆ ਕਿ ਜੇ ਤੁਸੀਂ ਬਰੈਂਪਟਨ ਵਿਖੇ ਲਜ਼ੀਜ਼ ਖਾਣੇ ਬਾਰੇ ਸੋਚ ਰਹੇ ਹੋ ਤਾਂ ਜੰਕਸ਼ਨ ’ਤੇ ਜ਼ਰੂਰ ਜਾਉ। ਪੀਲ ਪਬਲਿਕ ਹੈਲਥ ਵੱਲੋਂ ਕੀਤੀ ਜਾਣ ਵਾਲੀ ਚੈਕਿੰਗ ਦੌਰਾਨ ਗਰਮ ਅਤੇ ਠੰਢੇ ਪਾਣੀ ਦੀ ਸਹੂਲਤ ਅਤੇ ਹੱਥ ਧੋਣ ਲਈ ਸਹੂਲਤ ਵਰਗੀਆਂ ਚੀਜ਼ਾਂ ਨੂੰ ਵੀ ਧਿਆਨ ਨਾਲ ਵੇਖਿਆ ਜਾਂਦਾ ਹੈ। ਖਾਣਾ ਤਿਆਰ ਕਰਨ ਜਾਂ ਪਰੋਸਣ ਵਾਲਿਆਂ ਦੇ ਹੱਥਾਂ ਦੀ ਸਫਾਈ ਵੱਲ ਵੀ ਖਾਸ ਧਿਆਨ ਦਿਤਾ ਜਾਂਦਾ ਹੈ।
ਪੀਲ ਪਬਲਿਕ ਹੈਲਥ ਵੱਲੋਂ ਕੀਤੀ ਗਈ ਚੈਕਿੰਗ
ਦੂਜੇ ਪਾਸੇ ਲਾਲੀਜ਼ ਇੰਡੀਅਨ ਰੈਸਟੋਰੈਂਟ ਦੀ ਗੂਗਲ ਰੇਟਿੰਗ 3.3 ਦੱਸੀ ਜਾ ਰਹੀ ਹੈ ਅਤੇ ਟਿੱਪਣੀ ਕਰਨ ਵਾਲਿਆਂ ਵੱਲੋਂ ਸ਼ਾਨਦਾਰ ਖਾਣਾ ਮਿਲਣ ਦਾ ਜ਼ਿਕਰ ਕੀਤਾ ਗਿਆ ਹੈ। ਪੀਲ ਪਬਲਿਕ ਹੈਲਥ ਵੱਲੋਂ ਗਰੀਨ ਪਾਸ ਸਾਈਨ ਦਿਤਾ ਜਾਂਦਾ ਹੈ ਤਾਂ ਇਸ ਦਾ ਮਤਲਬ ਹੈ ਕਿ ਰੈਸਟੋਰੈਂਟ ਵੱਲੋਂ ਸਾਰੀਆਂ ਸ਼ਰਤਾਂ ਦੀ ਸਖਤੀ ਨਾਲ ਪਾਲਣਾ ਕੀਤੀ ਜਾ ਰਹੀ ਹੈ। ਰੈਡ ਸਾਈਨ ਦਾ ਮਤਲਬ ਸਬੰਧਤ ਜਗ੍ਹਾ ਲੋਕਾਂ ਦੀ ਸਿਹਤ ਵਾਸਤੇ ਖਤਰਾ ਪੈਦਾ ਕਰ ਰਹੀ ਹੈ ਅਤੇ ਖਤਰਾ ਹਟਾਏ ਜਾਣ ਤੱਕ ਰੈਸਟੋਰੈਂਟ ਬੰਦ ਕਰਵਾ ਦਿਤਾ ਜਾਂਦਾ ਹੈ। ਇਥੇ ਦਸਣਾ ਬਣਦਾ ਹੈ ਕਿ ਪਿਛਲੇ ਦਿਨੀਂ ਕੀਤੀ ਗਈ ਚੈਕਿੰਗ ਦੌਰਾਨ ਵੜੈਚ ਮੀਟ ਸ਼ੌਪ ਨੂੰ ਯੈਲੋ ਕੰਡੀਸ਼ਨਲ ਪਾਸ ਦਿਤਾ ਗਿਆ ਸੀ। ਇਸੇ ਦੌਰਾਨ ਰੈਸਟੋਰੈਂਟਸ ਕੈਨੇਡਾ ਵੱਲੋਂ ਜਾਰੀ ਦੂਜੀ ਤਿਮਾਹੀ ਦੀ ਰਿਪੋਰਟ ਕਹਿੰਦੀ ਹੈ ਕਿ ਖਰਚੇ ਜ਼ਿਆਦਾ ਹੋਣ ਅਤੇ ਗਾਹਕਾਂ ਦੀ ਕਮੀ ਕਾਰਨ ਸੰਘਰਸ਼ ਕਰਨਾ ਪੈ ਰਿਹਾ ਹੈ।