ਕੈਨੇਡਾ ਵਿਚ ਟੌਂਸਲ ਦੀ ਸਰਜਰੀ ਮਗਰੋਂ 2 ਬੱਚਿਆਂ ਦੀ ਮੌਤ, ਹਸਪਤਾਲ ਨੇ ਸਰਜਰੀ ’ਤੇ ਲਾਈ ਰੋਕ

ਕੈਨੇਡਾ ਦੇ ਇਕ ਹਸਪਤਾਲ ਵਿਚ ਟੌਂਸਲ ਅਤੇ ਐਡੇਨੌਇਡ ਦੀ ਸਰਜਰੀ ਮਗਰੋਂ ਦੋ ਬੱਚਿਆਂ ਦੀ ਮੌਤ ਨੇ ਹਾਲਾਤ ਗੰਭੀਰ ਬਣਾ ਦਿਤੇ ਅਤੇ ਹੁਣ ਦੋਵੇਂ ਕਿਸਮ ਦੀ ਸਰਜਰੀ ਰੋਕ ਦਿਤੀ ਗਈ ਹੈ। ਹੈਮਿਲਟਨ ਹੈਲਥ ਸਾਇੰਸਿਜ਼ ਦੀ ਸਪੋਕਸਪਰਸਨ ਵੈਂਡੀ ਸਟੀਵਰਟ ਨੇ ਦੱਸਿਆ ਕਿ ਇਕ ਬੱਚੇ ਦੀ ਮੌਤ ਆਪ੍ਰੇਸ਼ਨ ਤੋਂ ਇਕ ਦਿਨ ਬਾਅਦ ਹੋਈ ਜਦਕਿ ਦੂਜਾ 9 ਦਿਨ ਬਾਅਦ ਦਮ ਤੋੜ ਗਿਆ।;

Update: 2024-06-06 11:36 GMT

ਹੈਮਿਲਟਨ : ਕੈਨੇਡਾ ਦੇ ਇਕ ਹਸਪਤਾਲ ਵਿਚ ਟੌਂਸਲ ਅਤੇ ਐਡੇਨੌਇਡ ਦੀ ਸਰਜਰੀ ਮਗਰੋਂ ਦੋ ਬੱਚਿਆਂ ਦੀ ਮੌਤ ਨੇ ਹਾਲਾਤ ਗੰਭੀਰ ਬਣਾ ਦਿਤੇ ਅਤੇ ਹੁਣ ਦੋਵੇਂ ਕਿਸਮ ਦੀ ਸਰਜਰੀ ਰੋਕ ਦਿਤੀ ਗਈ ਹੈ। ਹੈਮਿਲਟਨ ਹੈਲਥ ਸਾਇੰਸਿਜ਼ ਦੀ ਸਪੋਕਸਪਰਸਨ ਵੈਂਡੀ ਸਟੀਵਰਟ ਨੇ ਦੱਸਿਆ ਕਿ ਇਕ ਬੱਚੇ ਦੀ ਮੌਤ ਆਪ੍ਰੇਸ਼ਨ ਤੋਂ ਇਕ ਦਿਨ ਬਾਅਦ ਹੋਈ ਜਦਕਿ ਦੂਜਾ 9 ਦਿਨ ਬਾਅਦ ਦਮ ਤੋੜ ਗਿਆ। ਦੋਵੇਂ ਮਾਮਲੇ ਮੈਕਮਾਸਟਰ ਚਿਲਡ੍ਰਨਜ਼ ਹੌਸਪੀਟਲ ਨਾਲ ਸਬੰਧਤ ਹਨ।

ਮੈਕਮਾਸਟਰ ਚਿਲਡ੍ਰਨਜ਼ ਹੌਸਪੀਟਲ ਨੇ ਕਿਹਾ ਕਿ ਦੋਹਾਂ ਮਾਮਲਿਆਂ ਦੀ ਡੂੰਘਾਈ ਨਾਲ ਸਮੀਖਿਆ ਕੀਤੀ ਜਾ ਰਹੀ ਹੈ ਅਤੇ ਫਿਲਹਾਲ ਦੋਹਾਂ ਮਾਮਲਿਆਂ ਦੇ ਇਕ-ਦੂਜੇ ਨਾਲ ਸਬੰਧਤ ਹੋਣ ਦੀ ਤਸਦੀਕ ਨਹੀਂ ਕੀਤੀ ਗਈ। ਪਹਿਲੀ ਮੌਤ ਮਈ ਵਿਚ ਸਾਹਮਣੇ ਆਈ ਅਤੇ ਦੂਜੀ ਜੂਨ ਮਹੀਨੇ ਦੌਰਾਨ ਜਿਸ ਦੇ ਮੱਦੇਨਜ਼ਰ ਅਹਿਤਿਆਤ ਵਜੋਂ ਟੌਂਸਲਜ਼ ਤੇ ਐਡੇਨੌਇਡ ਦੀ ਸਰਜਰੀ ਬੰਦ ਕਰ ਦਿਤੀ ਗਈ ਹੈ। ਉਨਟਾਰੀਓ ਦੀ ਸਿਹਤ ਮੰਤਰੀ ਸਿਲਵੀਆ ਜੋਨਜ਼ ਨੇ ਕਿਹਾ ਕਿ ਮੈਕਮਾਸਟਰ ਚਿਲਡ੍ਰਨਜ਼ ਹੌਸਪੀਟਲ ਵੱਲੋਂ ਕੀਤੀ ਜਾ ਰਹੀ ਸਮੀਖਿਆ ਦੇ ਨਤੀਜਿਆਂ ਤੋਂ ਮਾਪਿਆਂ ਨੂੰ ਜਾਣੂ ਕਰਵਾਇਆ ਜਾਵੇਗਾ। ਉਧਰ ਲਿਬਰਲ ਪਾਰਟੀ ਦੇ ਵਿਧਾਇਕ ਅਤੇ ਡਾਕਟਰ ਹੋਣ ਦੇ ਨਾਤੇ ਪਾਰਟੀ ਵੱਲੋਂ ਸਿਹਤ ਮਾਮਲਿਆਂ ਦੇ ਆਲੋਚਕ ਆਦਿਲ ਸ਼ਾਮਜੀ ਨੇ ਕਿਹਾ ਕਿ ਹਸਪਤਾਲ ਵਿਚ ਕੋਈ ਕਮੀ ਨਹੀਂ।

ਸਭ ਤੋਂ ਪਹਿਲਾਂ ਹਸਪਤਾਲ ਪ੍ਰਬੰਧਕਾਂ ਨੂੰ ਆਪਣੇ ਪੱਧਰ ’ਤੇ ਪੜਤਾਲ ਕਰਨੀ ਚਾਹੀਦੀ ਹੈ ਅਤੇ ਇਸ ਤੋਂ ਬਾਅਦ ਸਿਹਤ ਮੰਤਰੀ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਮਿਆਰੀ ਸਿਹਤ ਸਹੂਲਤਾਂ ਯਕੀਨੀ ਬਣਾਈਆਂ ਜਾਣ। ਉਨ੍ਹਾਂ ਕਿਹਾ ਕਿ ਟੌਂਸੇਲਾਈਟਸ ਦੀ ਸਰਜਰੀ ਵਿਚ ਬਹੁਤ ਘੱਟ ਖਤਰਾ ਹੁੰਦਾ ਹੈ ਅਤੇ ਹਸਪਤਾਲਾਂ ਵਿਚ ਅਜਿਹੇ ਆਪ੍ਰੇਸ਼ਨ ਆਮ ਹੁੰਦੇ ਹਨ। ਦੂਜੇ ਪਾਸੇ ਐਨ.ਡੀ.ਪੀ. ਦੀ ਆਗੂ ਮੈਰਿਟ ਸਟਾਈਲਜ਼ ਨੇ ਕਿਹਾ ਕਿ ਸੂਬਾ ਸਰਕਾਰ ਨੂੰ ਪੜਤਾਲ ਵਿਚ ਸ਼ਾਮਲ ਹੋਣਾ ਚਾਹੀਦਾ ਹੈ। ਦੋ ਬੱਚਿਆਂ ਦੀ ਮੌਤ ਚਿੰਤਾਵਾਂ ਪੈਦਾ ਕਰਦੀ ਹੈ ਅਤੇ ਹਰ ਪਹਿਲੂ ਨੂੰ ਬਾਰੀਕੀ ਨਾਲ ਘੋਖੇ ਜਾਣ ਦੀ ਜ਼ਰੂਰਤ ਹੈ। ਵਿਰੋਧੀ ਧਿਰ ਵੱਲੋਂ ਉਠਾਏ ਜਾ ਰਹੇ ਸਵਾਲਾਂ ਦੇ ਹੁੰਗਾਰੇ ਵਜੋਂ ਸਿਹਤ ਮੰਤਰੀ ਨੇ ਕਿਹਾ ਕਿ ਫਿਲਹਾਲ ਉਹ ਬੱਚਿਆਂ ਦੇ ਪਰਵਾਰਾਂ ਨੂੰ ਸਮਾਂ ਦੇਣਾ ਚਾਹੁੰਦੇ ਹਨ ਅਤੇ ਹਸਪਤਾਲ ਦੀ ਸਮੀਖਿਆ ਰਾਹੀਂ ਨਿਕਲਣ ਵਾਲਾ ਸਿੱਟਾ ਜ਼ਿਆਦਾ ਅਹਿਮ ਹੋਵੇਗਾ।

ਦੂਜੇ ਪਾਸੇ ਹਸਪਤਾਲ ਵਿਚ ਐਮਰਜੰਸੀ ਅਪ੍ਰੇਸ਼ਨ ਜਾਰੀ ਰਹਿਣਗੇ ਅਤੇ ਕੰਨ, ਨੱਕ ਤੇ ਗਲਾ ਵਿਭਾਗ ਆਮ ਵਾਂਗ ਕੰਮ ਕਰ ਰਿਹਾ ਹੈ। ਇਸੇ ਦੌਰਾਨ ਹੈਮਿਲਟਨ ਪੁਲਿਸ ਦੇ ਬੁਲਾਰੇ ਨੇ ਕਿਹਾ ਕਿ ਦੋਹਾਂ ਬੱਚਿਆਂ ਦੀ ਮੌਤ ਨੂੰ ਸ਼ੱਕੀ ਨਹੀਂ ਮੰਨਿਆ ਜਾ ਰਿਹਾ ਅਤੇ ਮਾਮਲਾ ਕੌਰੋਨਰ ਦੇ ਸਪੁਰਦ ਕਰ ਦਿਤਾ ਗਿਆ ਹੈ। ਦੱਸ ਦੇਈਏ ਕਿ ਪਿਛਲੇ ਇਕ ਸਾਲ ਦੌਰਾਨ ਮੈਕਮਾਸਟਰ ਚਿਲਡ੍ਰਨਜ਼ ਹਸਪਤਾਲ ਵਿਚ 47 ਬੱਚਿਆਂ ਦੀ ਟੌਂਸਲ ਸਰਜਰੀ ਹੋ ਚੁੱਕੀ ਹੈ ਜਦਕਿ ਟੌਂਸਲ ਅਤੇ ਐਡੇਨੌਇਡ ਨਾਲ ਸਬੰਧਤ ਪ੍ਰਕਿਰਿਆ ਤਹਿਤ 537 ਬੱਚਿਆਂ ਦਾ ਇਲਾਜ ਕੀਤਾ ਗਿਆ। ਟੌਂਸਲ ਸਰਜਰੀ ਵਾਲੇ ਬੱਚਿਆਂ ਵਿਚੋਂ ਸਿਰਫ 11 ਫੀ ਸਦੀ ਨੂੰ ਹੀ ਖੂਨ ਵਗਣ ਦੀ ਸਮੱਸਿਆ ਕਾਰਨ ਮੁੜ ਐਮਰਜੰਸੀ ਵਿਚ ਆਉਣਾ ਪਿਆ।

Tags:    

Similar News