ਬੀ.ਸੀ. ਵਿਚ ਨਸ਼ਿਆਂ ਦੀ ਓਵਰਡੋਜ਼ ਕਾਰਨ 2024 ਚ ਗਈ 1,925 ਦੀ ਜਾਨ

ਬੀ.ਸੀ. ਵਿਚ ਪਿਛਲੇ ਚਾਰ ਸਾਲ ਦੌਰਾਨ ਪਹਿਲੀ ਵਾਰ ਨਸ਼ਿਆਂ ਦੀ ਓਵਰਡੋਜ਼ ਕਾਰਨ ਮਰਨ ਵਾਲਿਆਂ ਦਾ ਅੰਕੜਾ ਹੇਠਾਂ ਆਇਆ ਹੈ

Update: 2024-12-10 12:26 GMT

ਵੈਨਕੂਵਰ : ਬੀ.ਸੀ. ਵਿਚ ਪਿਛਲੇ ਚਾਰ ਸਾਲ ਦੌਰਾਨ ਪਹਿਲੀ ਵਾਰ ਨਸ਼ਿਆਂ ਦੀ ਓਵਰਡੋਜ਼ ਕਾਰਨ ਮਰਨ ਵਾਲਿਆਂ ਦਾ ਅੰਕੜਾ ਹੇਠਾਂ ਆਇਆ ਹੈ ਅਤੇ ਜਨਵਰੀ ਤੋਂ ਅਕਤੂਬਰ ਤੱਕ 1,925 ਜਣਿਆਂ ਨੇ ਜਾਨ ਗਵਾਈ। 2023 ਦੇ ਮੁਕਾਬਲੇ ਪਹਿਲੇ 10 ਮਹੀਨੇ ਦਾ ਅੰਕੜਾ 10 ਫੀ ਸਦੀ ਘੱਟ ਬਣਦਾ ਹੈ ਅਤੇ ਬੀ.ਸੀ. ਕੌਰੋਨਰਜ਼ ਸਰਵਿਸ ਵੱਲੋਂ ਭਵਿੱਖ ਵਿਚ ਜਾਨੀ ਨੁਕਸਾਨ ਦੇ ਅੰਕੜੇ ਹੋਰ ਹੇਠਾਂ ਆਉਣ ਦੀ ਉਮੀਦ ਜ਼ਾਹਰ ਕੀਤੀ ਗਈ ਹੈ। ਜਾਨੀ ਨੁਕਸਾਨ ਵਿਚ ਕਮੀ ਆਉਣ ਦੇ ਬਾਵਜੂਦ ਨਸ਼ੀਲੇ ਪਦਾਰਥ ਬੀ.ਸੀ. ਵਿਚ ਗੈਰਕੁਦਰਤੀ ਮੌਤਾਂ ਦਾ ਸਭ ਤੋਂ ਵੱਡਾ ਕਾਰਨ ਬਣੇ ਹੋਏ ਹਨ।

ਅਕਤੂਬਰ ਮਹੀਨੇ ਦੌਰਾਨ ਮਰਨ ਵਾਲਿਆਂ ਦਾ ਅੰਕੜਾ ਚਾਰ ਸਾਲ ਦੇ ਹੇਠਲੇ ਪੱਧਰ ’ਤੇ

ਸੂਬੇ ਵਿਚ ਹੁੰਦੇ ਕਤਲਾਂ, ਖੁਦਕੁਸ਼ੀਆਂ, ਹਾਦਸਿਆਂ ਅਤੇ ਬਿਮਾਰੀਆਂ ਕਾਰਨ ਮਰਨ ਵਾਲਿਆਂ ਤੋਂ ਜ਼ਿਆਦਾ ਜਾਨੀ ਨੁਕਸਾਨ ਨਸ਼ਿਆਂ ਦੀ ਓਵਰਡੋਜ਼ ਕਾਰਨ ਹੋ ਰਿਹਾ ਹੈ। ਇਥੇ ਦਸਣਾ ਬਣਦਾ ਹੈ ਕਿ ਸਤੰਬਰ ਮਹੀਨੇ ਦੌਰਾਨ 183 ਜਣਿਆਂ ਦੀ ਜਾਨ ਗਈ ਸੀ। ਤਾਜ਼ਾ ਰਿਪੋਰਟ ਮੁਤਾਬਕ ਅਕਤੂਬਰ ਤੋਂ ਓਵਰਡੋਜ਼ ਕਾਰਨ ਜਾਨ ਗਵਾਉਣ ਵਾਲਿਆਂ ਵਿਚੋਂ 22 ਫੀ ਸਦੀ ਔਰਤਾਂ ਸਨ ਅਤੇ 2024 ਦੌਰਾਨ ਔਰਤਾਂ ਦੀ ਮੌਤ ਦਾ ਅੰਕੜਾ ਪੰਜ ਸਾਲ ਪਹਿਲਾਂ ਦੇ ਮੁਕਾਬਲੇ ਦੁੱਗਣਾ ਹੋ ਚੁੱਕਾ ਹੈ। ਬੀ.ਸੀ. ਦੀ ਸਿਹਤ ਮੰਤਰੀ ਜੋਜ਼ੀ ਔਸਬੌਰਨ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਨਸ਼ਿਆਂ ਦੀ ਸਪਲਾਈ ਲੋਕਾਂ ਦੀ ਸਿਹਤ ਵਾਸਤੇ ਸਭ ਤੋਂ ਗੰਭੀਰ ਖਤਰਿਆਂ ਵਿਚੋਂ ਇਕ ਹੈ। ਤਕਰੀਬਨ ਹਰ ਉਮਰ ਵਰਗੇ ਦੇ ਲੋਕ ਨਸ਼ਿਆਂ ਦੀ ਮਾਰ ਹੇਠ ਆ ਰਹੇ ਹਨ ਪਰ ਅਣਥੱਕ ਯਤਨਾਂ ਸਦਕਾ ਮੌਤਾਂ ਦੀ ਅੰਕੜਾ ਕਾਫ਼ੀ ਹੱਦ ਤੱਕ ਹੇਠਾਂ ਆਇਆ ਹੈ।

ਫੈਂਟਾਨਿਲ ਬਣੀ ਸਭ ਤੋਂ ਵੱਧ ਜਾਨੀ ਨੁਕਸਾਨ ਦਾ ਕਾਰਨ

ਇਸ ਨੂੰ ਹੋਰ ਹੇਠਾਂ ਲਿਆਉਣ ਲਈ ਹਾਲੇ ਬਹੁਤ ਕੁਝ ਕੀਤਾ ਜਾਣਾ ਬਾਕੀ ਹੈ। ਰਿਪੋਰਟ ਨੂੰ ਬਾਰੀਕੀ ਨਾਲ ਘੋਖਿਆ ਜਾਵੇ ਤਾਂ ਅਕਤੂਬਰ ਮਹੀਨੇ ਦੌਰਾਨ 19 ਸਾਲ ਤੋਂ ਘੱਟ ਉਮਰ ਵਾਲਾ ਕੋਈ ਸ਼ਖਸ ਓਵਰਡੋਜ਼ ਦਾ ਸ਼ਿਕਾਰ ਨਹੀਂ ਬਣਿਆ ਅਤੇ ਮਰਨ ਵਾਲਿਆਂ ਵਿਚੋਂ ਅੱਧੇ 30 ਸਾਲ ਤੋਂ 49 ਸਾਲ ਤੱਕ ਦੀ ਉਮਰ ਵਾਲੇ ਰਹੇ। ਸਭ ਤੋਂ ਜ਼ਿਆਦਾ ਮੌਤਾਂ ਦਾ ਕਾਰਨ ਫੈਂਟਾਨਿਲ ਰਹੀ ਅਤੇ 87 ਫੀ ਸਦੀ ਤੋਂ ਵੱਧ ਜਾਨਾਂ ਇਸ ਖਤਰਨਾਕ ਨਸ਼ੇ ਕਾਰਨ ਗਈਆਂ। ਬੀ.ਸੀ. ਵਿਚ ਖਿੱਤਿਆਂ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਵੈਨਕੂਵਰ ਕੋਸਟਲ ਰੀਜਨ ਵਿਚ 48 ਜਣਿਆਂ ਦੀ ਮੌਤ ਹੋਈ ਜਦਕਿ ਫਰੇਜ਼ਰ ਹੈਲਥ ਰੀਜਨ ਵਿਚ 43 ਜਣਿਆਂ ਨੇ ਜਾਨ ਗਵਾਈ। 

Tags:    

Similar News