ਕੈਨੇਡੀਅਨ ਬੈਂਕ ਦੀਵਾਲੀਆ ਹੋਣ ’ਤੇ ਨਹੀਂ ਡੁੱਬਣਗੇ 1.5 ਲੱਖ ਡਾਲਰ
ਅਮਰੀਕਾ ਵਿਚ ਤਿੰਨ ਬੈਂਕਾਂ ਦੇ ਦੀਵਾਲੀਆ ਹੋਣ ਤੋਂ ਦੋ ਵਰ੍ਹੇ ਬਾਅਦ ਕੈਨੇਡਾ ਸਰਕਾਰ ਵੱਲੋਂ ਲੋਕਾਂ ਦੀ ਵਾਧੂ ਰਕਮ ਸੁਰੱਖਿਅਤ ਰੱਖਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ
ਟੋਰਾਂਟੋ : ਅਮਰੀਕਾ ਵਿਚ ਤਿੰਨ ਬੈਂਕਾਂ ਦੇ ਦੀਵਾਲੀਆ ਹੋਣ ਤੋਂ ਦੋ ਵਰ੍ਹੇ ਬਾਅਦ ਕੈਨੇਡਾ ਸਰਕਾਰ ਵੱਲੋਂ ਲੋਕਾਂ ਦੀ ਵਾਧੂ ਰਕਮ ਸੁਰੱਖਿਅਤ ਰੱਖਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਜੀ ਹਾਂ, ਨੇੜ ਭਵਿੱਖ ਵਿਚ ਨਵਾਂ ਨਿਯਮ ਲਿਆਂਦਾ ਜਾ ਰਿਹਾ ਹੈ ਜਿਸ ਤਹਿਤ ਕਿਸੇ ਕੈਨੇਡੀਅਨ ਬੈਂਕ ਦੇ ਦੀਵਾਲੀਆ ਹੋਣ ’ਤੇ ਖਾਤੇ ਵਿਚ ਜਮ੍ਹਾਂ ਡੇਢ ਲੱਖ ਡਾਲਰ ਤੱਕ ਦੀ ਰਕਮ ਸੁਰੱਖਿਅਤ ਰਹੇਗੀ। ਦੱਸ ਦੇਈਏ ਕਿ ਕੈਨੇਡਾ ਡਿਪੌਜ਼ਿਟ ਇੰਸ਼ੋਰੈਂਸ਼ ਕਾਰਪੋਰੇਸ਼ਨ ਰਾਹੀਂ ਮੌਜੂਦਾ ਸਮੇਂ ਦੌਰਾਨ ਬੈਂਕ ਖਾਤਿਆਂ ਵਿਚ ਜਮ੍ਹਾਂ ਇਕ ਲੱਖ ਡਾਲਰ ਤੱਕੀ ਦੀ ਰਕਮ ਦੀ ਗਾਰੰਟੀ ਦਿਤੀ ਜਾਂਦੀ ਹੈ ਅਤੇ ਹੁਣ ਇਸ ਰਕਮ ਨੂੰ ਵਧਾਏ ਜਾਣ ਦੀ ਤਜਵੀਜ਼ ਸਾਹਮਣੇ ਆਈ ਹੈ।
ਬੀਮੇ ਅਧੀਨ ਰਕਮ ਦੀ ਹੱਦ ਵਧਾਉਣ ਦੀ ਤਿਆਰੀ ਵਿਚ ਫੈਡਰਲ ਸਰਕਾਰ
ਸਾਲ 2005 ਮਗਰੋਂ ਸੁਰੱਖਿਅਤ ਜਮ੍ਹਾਂ ਰਕਮ ਦੀ ਹੱਦ ਵਿਚ ਕੋਈ ਵਾਧਾ ਨਹੀਂ ਕੀਤਾ ਗਿਆ। ਫੈਡਰਲ ਸਰਕਾਰ ਦਾ ਮੰਨਣਾ ਹੈ ਕਿ ਕੈਨੇਡੀਅਨ ਲੋਕਾਂ ਵੱਲੋਂ ਬੱਚਤ ਦੇ ਤੌਰ ਤਰੀਕਿਆਂ ਵਿਚ ਤਬਦੀਲੀ ਆ ਰਹੀ ਹੈ ਅਤੇ ਖਾਤਿਆਂ ਵਿਚ ਜਮ੍ਹਾਂ ਰਕਮ ਇਕ ਲੱਖ ਡਾਲਰ ਤੋਂ ਟੱਪ ਜਾਂਦੀ ਹੈ। ਦੂਜੇ ਪਾਸੇ ਮੁਲਕ ਦੀਆਂ ਕਾਰਪੋਰੇਸ਼ਨਾਂ, ਮਿਊਂਸਪੈਲੀਟੀਜ਼, ਯੂਨੀਵਰਸਿਟੀਜ਼, ਸਕੂਲ ਅਤੇ ਹਸਪਤਾਲਾਂ ਵੱਲੋਂ ਬੈਂਕਾਂ ਵਿਚ ਜਮ੍ਹਾਂ ਰਕਮ ਦੀ ਹੱਦ 5 ਲੱਖ ਡਾਲਰ ਤੋਂ ਵਧਾਏ ਜਾਣ ਬਾਰੇ ਵੀ ਵਿਚਾਰ ਕੀਤਾ ਜਾ ਰਿਹਾ ਹੈ। ਆਰਜ਼ੀ ਤੌਰ ’ਤੇ ਜਮ੍ਹਾਂ ਕਰਵਾਈਆਂ ਜਾਣ ਵਾਲੀਆਂ ਮੋਟੀਆਂ ਰਕਮਾਂ ਦੇ ਮਾਮਲੇ ਵਿਚ ਇੰਸ਼ੋਰੈਂਸ ਹੱਦ ਵਿਚ ਆਉਣ ਵਾਲੀ ਰਕਮ ਨੂੰ 10 ਲੱਖ ਡਾਲਰ ਤੱਕ ਲਿਜਾਇਆ ਜਾ ਸਕਦਾ ਹੈ।
ਹੁਣ ਤੱਕ ਖਾਤਿਆਂ ਵਿਚ ਜਮ੍ਹਾਂ ਇਕ ਲੱਖ ਡਾਲਰ ਦੀ ਰਕਮ ਹੀ ਸੁਰੱਖਿਅਤ
ਅਜਿਹੀ ਰਕਮ ਵਿਰਾਸਤ ਵਿਚ ਮਿਲੇ ਪੈਸੇ, ਕਿਸੇ ਬੀਮੇ ਦੀ ਅਦਾਇਗੀ ਜਾਂ ਤਲਾਕ ਵਰਗੇ ਮਾਮਲਿਆਂ ਵਿਚ ਮਿਲੇ ਮੁਆਵਜ਼ੇ ਨਾਲ ਸਬੰਧਤ ਹੋ ਸਕਦੀ ਹੈ। ਸਰਕਾਰੀ ਦਸਤਾਵੇਜ਼ ਕਹਿੰਦੇ ਹਨ ਕਿ ਕੈਨੇਡਾ ਦੀ ਬਿਰਧ ਹੁੰਦੀ ਵਸੋਂ ਲਗਾਤਾਰ ਵਧ ਰਹੀ ਹੈ ਅਤੇ ਇਸ ਦੇ ਨਾਲ ਹੀ ਆਰਜ਼ੀ ਤੌਰ ’ਤੇ ਜਮ੍ਹਾਂ ਹੋਣ ਵਾਲੀਆਂ ਰਕਮਾਂ ਦੀ ਦਰ ਵਿਚ ਵੀ ਵਾਧਾ ਹੋ ਸਕਦਾ ਹੈ। ਨਵੀਂ ਤਜਵੀਜ਼ ਬਾਰੇ 26 ਸਤੰਬਰ ਤੱਕ ਸਲਾਹ ਮਸ਼ਵਰੇ ਦਾ ਦੌਰ ਜਾਰੀ ਰਹੇਗਾ ਅਤੇ ਹਰ ਖੇਤਰ ਦੇ ਲੋਕਾਂ ਦੀ ਰਾਏ ਦਰਜ ਕੀਤੀ ਜਾਵੇਗੀ।