14 ਭਾਰਤੀਆਂ ਨੇ ਉਡਾਈ ਕੈਨੇਡਾ ਦੇ ਬਾਰਡਰ ਅਫ਼ਸਰਾਂ ਦੀ ਨੀਂਦ
14 ਭਾਰਤੀ ਨਾਗਰਿਕਾਂ ਨੂੰ ਕੈਨੇਡਾ ਤੋਂ ਡਿਪੋਰਟ ਕਰਨ ਦੀ ਵਿਉਂਤਬੰਦੀ ਠੁੱਸ ਹੋ ਗਈ ਜਦੋਂ ਸ਼ਾਤਰ ਅਪਰਾਧੀਆਂ ਨੇ ਬਾਰਡਰ ਅਫ਼ਸਰਾਂ ਦੀ ਕਾਰਵਾਈ ਤੋਂ ਪਹਿਲਾਂ ਹੀ ਪਨਾਹ ਦੇ ਦਾਅਵੇ ਦਾਖ਼ਲ ਕਰ ਦਿਤੇ
ਵੈਨਕੂਵਰ : 14 ਭਾਰਤੀ ਨਾਗਰਿਕਾਂ ਨੂੰ ਕੈਨੇਡਾ ਤੋਂ ਡਿਪੋਰਟ ਕਰਨ ਦੀ ਵਿਉਂਤਬੰਦੀ ਠੁੱਸ ਹੋ ਗਈ ਜਦੋਂ ਸ਼ਾਤਰ ਅਪਰਾਧੀਆਂ ਨੇ ਬਾਰਡਰ ਅਫ਼ਸਰਾਂ ਦੀ ਕਾਰਵਾਈ ਤੋਂ ਪਹਿਲਾਂ ਹੀ ਪਨਾਹ ਦੇ ਦਾਅਵੇ ਦਾਖ਼ਲ ਕਰ ਦਿਤੇ। ਜੀ ਹਾਂ, ਪੰਜਾਬੀਆਂ ਦੇ ਘਰਾਂ ਅਤੇ ਕਾਰੋਬਾਰੀ ਟਿਕਾਣਿਆਂ ’ਤੇ ਗੋਲੀਆਂ ਚਲਾਉਣ ਦੇ ਮਾਮਲੇ ਵਿਚ ਬੀ.ਸੀ. ਐਕਸਟੌਰਸ਼ਨ ਟਾਸਕ ਫ਼ੋਰਸ ਵੱਲੋਂ ਤਕਰੀਬਨ 100 ਜਣਿਆਂ ਦੀ ਸ਼ਨਾਖ਼ਤ ਕੀਤੀ ਗਈ ਹੈ ਜਿਨ੍ਹਾਂ ਵਿਚੋਂ 11 ਡਿਪੋਰਟ ਕੀਤੇ ਜਾ ਚੁੱਕੇ ਹਨ ਜਾਂ ਕੀਤੇ ਜਾ ਰਹੇ ਹਨ ਪਰ 14 ਹੋਰਨਾਂ ਨੂੰ ਜਦੋਂ ਕੈਨੇਡਾ ਬਾਰਡਰ ਅਫ਼ਸਰਾਂ ਦੀ ਸੰਭਾਵਤ ਕਾਰਵਾਈ ਬਾਰੇ ਪਤਾ ਲੱਗਾ ਤਾਂ ਇਹ ਇੰਮੀਗ੍ਰੇਸ਼ਨ ਐਂਡ ਰਫ਼ਿਊਜੀ ਬੋਰਡ ਕੋਲ ਪੁੱਜੇ ਅਤੇ ਅਸਾਇਲਮ ਕਲੇਮ ਕਰ ਦਿਤਾ। ‘ਗਲੋਬਲ ਨਿਊਜ਼’ ਦੀ ਰਿਪੋਰਟ ਮੁਤਾਬਕ ਸੀ.ਬੀ.ਐਸ.ਏ. ਨੇ ਦੱਸਿਆ ਕਿ 14 ਜਣਿਆਂ ਦੇ ਕੇਸ ਆਈ.ਆਰ.ਬੀ. ਦੀ ਰਫ਼ਿਊਜੀ ਪ੍ਰੋਟੈਕਸ਼ਨ ਡਵੀਜ਼ਨ ਨੂੰ ਭੇਜੇ ਗਏ ਹਨ।
ਡਿਪੋਰਟ ਕਰਨ ਤੋਂ ਪਹਿਲਾਂ ਦਾਖਲ ਕਰ ਦਿਤੇ ਪਨਾਹ ਦੇ ਦਾਅਵੇ
ਹੁਣ ਵੱਡਾ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੈਨੇਡਾ ਵਿਚ ਰਹਿੰਦਿਆਂ ਇਨ੍ਹਾਂ ਸ਼ੱਕੀਆਂ ਨੂੰ ਮੁੜ ਵਾਰਦਾਤਾਂ ਕਰਨ ਤੋਂ ਕਿਵੇਂ ਰੋਕਿਆ ਜਾਵੇਗਾ ਕਿਉਂਕਿ ਵੀਰਵਾਰ ਵੱਡੇ ਤੜਕੇ ਸਰੀ ਦੇ ਨਿਊਟਨ ਇਲਾਕੇ ਵਿਚ ਸਟਾਰ ਆਟੋਬੌਡੀ ਉਤੇ ਮੁੜ ਗੋਲੀਆਂ ਚੱਲ ਗਈਆਂ। ਸੀ.ਸੀ.ਟੀ.ਵੀ. ਕੈਮਰੇ ਦੀ ਫੁਟੇਜ ਵਿਚ ਦੇਖਿਆ ਜਾ ਸਕਦਾ ਹੈ ਕਿ ਗੂੜ੍ਹੇ ਰੰਗ ਦੀ ਗੱਡੀ ਵਿਚ ਆਇਆ ਇਕ ਸ਼ੱਕੀ ਗੋਲੀਆਂ ਚਲਾਉਣ ਮਗਰੋਂ ਫ਼ਰਾਰ ਹੋ ਜਾਂਦਾ ਹੈ। ਗਨੀਮਤ ਇਹ ਰਹੀ ਕਿ 124 ਸਟ੍ਰੀਟ ਅਤੇ 82 ਐਵੇਨਿਊ ਇਲਾਕੇ ਵਿਚ ਗੋਲੀਬਾਰੀ ਦੀ ਵਾਰਦਾਤ ਵੇਲੇ ਕਾਰੋਬਾਰੀ ਅਦਾਰੇ ਅੰਦਰ ਕੋਈ ਮੌਜੂਦ ਨਹੀਂ ਸੀ। ਉਧਰ, ਕੈਨੇਡੀਅਨ ਬਾਰ ਐਸੋਸੀਏਸ਼ਨ ਦੀ ਬੀ.ਸੀ. ਬਰਾਂਚ ਵਿਚ ਇੰਮੀਗ੍ਰੇਸ਼ਨ ਮਾਮਲਿਆਂ ਦੇ ਵਾਇਸ ਚੇਅਰ ਅਮਨਦੀਪ ਹੇਅਰ ਨੇ ਕਿਹਾ ਕਿ ਅਪਰਾਧਕ ਵਾਰਦਾਤਾਂ ਵਿਚ ਸ਼ੱਕੀਆਂ ਦੀ ਸ਼ਮੂਲੀਅਤ ਦਾ ਮੁੱਦਾ ਹੁਣ ਵੀ ਰਫ਼ਿਊਜੀ ਬੋਰਡ ਕੋਲ ਉਠਾਇਆ ਜਾ ਸਕਦਾ ਹੈ ਅਤੇ ਅਸਾਇਲਮ ਕਲੇਮ ਰੱਦ ਹੋ ਸਕਦਾ ਹੈ।
ਪੰਜਾਬੀ ਕਾਰੋਬਾਰੀਆਂ ’ਤੇ ਗੋਲੀਆਂ ਚਲਾਉਣ ਦੇ ਮਾਮਲੇ ’ਚ ਹੋਈ ਸੀ ਸ਼ਨਾਖ਼ਤ
ਦੂਜੇ ਪਾਸੇ ਵੈਨਕੂਵਰ ਦੇ ਇੰਮੀਗ੍ਰੇਸ਼ਨ ਵਕੀਲ ਰਿਚਰਡ ਕਰਲੈਂਡ ਦਾ ਕਹਿਣਾ ਹੈ ਕਿ ਪਨਾਹ ਦੇ ਦਾਅਵੇ ਨਾਲ ਸ਼ੱਕੀਆਂ ਨੂੰ ਕੈਨੇਡਾ ਵਿਚੋਂ ਕੱਢਣ ਦੀ ਕਾਰਵਾਈ ਕਈ ਸਾਲ ਤੱਕ ਲਟਕ ਸਕਦੀ ਹੈ। ਕਰਲੈਂਡ ਨੇ ਰਫ਼ਿਊਜੀ ਕੇਸਾਂ ਦੇ ਲੰਮੇ-ਚੌੜੇ ਬੈਕਲਾਗ ਦੀ ਮਿਸਾਲ ਦਿੰਦਿਆਂ ਕਿਹਾ ਕਿ ਉਡੀਕ ਸਮਾਂ ਤਕਰੀਬਨ ਚਾਰ ਸਾਲ ਤੱਕ ਪੁੱਜ ਚੁੱਕਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪਨਾਹ ਮੰਗਣ ਵਾਲੇ 14 ਜਣਿਆਂ ਵਿਚੋਂ ਇਕ ਰਾਏਕੋਟ ਨੇੜਲੇ ਪਿੰਡ ਬ੍ਰਹਮਪੁਰ ਨਾਲ ਸਬੰਧਤ ਸੁਖਵਿੰਦਰ ਸੀਪੂ ਹੈ ਜਿਸ ਨੇ ਸ਼ੈਰੀ ਅਤੇ ਦਿਲਜੋਤ ਨਾਲ ਰਲ ਕੇ ਕਪਿਲ ਸ਼ਰਮਾ ਦੇ ਸਰੀ ਵਾਲੇ ਕੈਫ਼ੇ ’ਤੇ ਗੋਲੀਆਂ ਚਲਾਈਆਂ। ਭਾਰਤੀ ਏਜੰਸੀਆਂ ਵੱਲੋਂ ਗ੍ਰਿਫ਼ਤਾਰ ਬੰਧੂ ਮਾਨ ਸਿੰਘ ਸੇਖੋਂ ਦਾ ਪਿੰਡ ਜਵੱਦੀ ਕਲਾਂ ਦੱਸਿਆ ਜਾ ਰਿਹਾ ਹੈ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਸੁਖਵਿੰਦਰ ਸੀਪੂ ਵਿਰੁੱਧ ਮਲੇਰਕੋਟਲਾ ਜ਼ਿਲ੍ਹੇ ਦੇ ਅਹਿਮਦਗੜ੍ਹ ਪੁਲਿਸ ਥਾਣੇ ਵਿਚ ਪਹਿਲਾਂ ਹੀ ਮਾਮਲਾ ਦਰਜ ਹੈ। ਕਪਿਲ ਸ਼ਰਮਾ ਦੇ ਕੈਫੇ ਉਤੇ ਗੋਲੀਬਾਰੀ ਦੇ ਮਾਮਲੇ ਵਿਚ ਸੀਪੂ ਦਾ ਨਾਂ ਉਭਰਨ ਮਗਰੋਂ ਮਲੇਰਕੋਟਲਾ ਪੁਲਿਸ ਵੱਲੋਂ ਮਾਮਲੇ ਦੀ ਨਵੇਂ ਸਿਰੇ ਤੋਂ ਪੜਤਾਲ ਆਰੰਭੀ ਜਾ ਰਹੀ ਹੈ।