ਕੈਨੇਡਾ ’ਚ ਕਤਲ ਅਤੇ ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦੇ 13 ਮੈਂਬਰ ਕਾਬੂ
ਉਨਟਾਰੀਓ ਦੇ ਘਰਾਂ ਵਿਚ ਡਾਕੇ ਮਾਰਨ, ਕਤਲ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ, ਹਥਿਆਰਾਂ ਦੀ ਨੋਕ ’ਤੇ ਕਾਰਾਂ ਖੋਹਣ ਅਤੇ ਗੋਲੀਬਾਰੀ ਦੀਆਂ ਵਾਰਦਾਤਾਂ ਵਿਚ ਸ਼ਾਮਲ ਇਕ ਗਿਰੋਹ ਦੇ 13 ਮੈਂਬਰਾਂ ਨੂੰ ਗ੍ਰਿਫ਼ਤਾਰ ਕਰਦਿਆਂ ਯਾਰਕ ਰੀਜਨਲ ਪੁਲਿਸ ਵੱਲੋਂ 150 ਤੋਂ ਵੱਧ ਦੋਸ਼ ਆਇਦ ਕੀਤੇ ਗਏ ਹਨ
ਵੌਅਨ : ਉਨਟਾਰੀਓ ਦੇ ਘਰਾਂ ਵਿਚ ਡਾਕੇ ਮਾਰਨ, ਕਤਲ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ, ਹਥਿਆਰਾਂ ਦੀ ਨੋਕ ’ਤੇ ਕਾਰਾਂ ਖੋਹਣ ਅਤੇ ਗੋਲੀਬਾਰੀ ਦੀਆਂ ਵਾਰਦਾਤਾਂ ਵਿਚ ਸ਼ਾਮਲ ਇਕ ਗਿਰੋਹ ਦੇ 13 ਮੈਂਬਰਾਂ ਨੂੰ ਗ੍ਰਿਫ਼ਤਾਰ ਕਰਦਿਆਂ ਯਾਰਕ ਰੀਜਨਲ ਪੁਲਿਸ ਵੱਲੋਂ 150 ਤੋਂ ਵੱਧ ਦੋਸ਼ ਆਇਦ ਕੀਤੇ ਗਏ ਹਨ। ਮੀਡੀਆ ਨਾਲ ਗੱਲਬਾਤ ਕਰਦਿਆਂ ਸੁਪਰਡੈਂਟ ਸਾਈਮਨ ਜੇਮਜ਼ ਨੇ ਦੱਸਿਆ ਕਿ ਪ੍ਰੌਜੈਕਟ ਰੈਂਗਲਰ ਤਹਿਤ ਇਕ ਸਾਲ ਤੱਕ ਚੱਲੀ ਪੜਤਾਲ ਦੇ ਆਧਾਰ ’ਤੇ ਇਹ ਕਾਰਵਾਈ ਕੀਤੀ ਗਈ। ਮੁਢਲੇ ਤੌਰ ’ਤੇ ਅਪਰਾਧਕ ਵਾਰਦਾਤਾਂ ਆਪਸ ਵਿਚ ਸਬੰਧਤ ਮਹਿਸੂਸ ਨਾ ਹੋਈਆਂ ਪਰ ਸੂਬੇ ਦੇ ਵੱਖ ਵੱਖ ਪੁਲਿਸ ਮਹਿਕਮਿਆਂ ਤੋਂ ਮਿਲੇ ਸਹਿਯੋਗ ਸਦਕਾ ਹੌਲੀ ਹੌਲੀ ਪਰਤਾਂ ਖੁੱਲ੍ਹਣ ਲੱਗੀਆਂ।
ਯਾਰਕ ਰੀਜਨਲ ਪੁਲਿਸ ਨੇ 150 ਤੋਂ ਵੱਧ ਦੋਸ਼ ਆਇਦ ਕੀਤੇ
ਅਪਰਾਧੀਆਂ ਵੱਲੋਂ ਵਰਤੇ ਜਾਂਦੇ ਢੰਗ-ਤਰੀਕਿਆਂ ਅਤੇ ਇਕ ਮਗਰੋਂ ਇਕ ਵਾਰਦਾਤਾਂ ਨੇ ਸ਼ੱਕੀਆਂ ਦੀ ਪੈੜ ਨੱਪਣ ਵਿਚ ਮਦਦ ਕੀਤੀ। ਲੰਡਨ ਪੁਲਿਸ, ਪੀਲ ਰੀਜਨਲ ਪੁਲਿਸ,ਟੋਰਾਂਟੋ ਪੁਲਿਸ, ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਅਤੇ ਕਿਊਬੈਕ ਦੇ ਲਾਅ ਐਨਫ਼ੋਰਸਮੈਂਟ ਅਫ਼ਸਰਾਂ ਵਿਚਾਲੇ ਤਾਲਮੇਲ ਰਾਹੀਂ ਸ਼ੱਕੀਆਂ ਦੀ ਪਛਾਣ ਸਾਹਮਣੇ ਆਉਣ ਲੱਗੀ ਅਤੇ ਕਈ ਕਤਲਾਂ, ਇਰਾਦਾ ਕਤਲਾਂ, ਹਥਿਆਰਬੰਦ ਲੁੱਟ ਦੀਆਂ ਵਾਰਦਾਤਾਂ ਨਾਲ ਸ਼ੱਕੀ ਜੁੜਨ ਲੱਗੇ। ਸਭ ਤੋਂ ਅਹਿਮ ਵਾਰਦਾਤਾਂ ਵਿਚੋਂ ਇਕ ਲੰਡਨ ਦੇ ਹਸਪਤਾਲ ਦੇ ਐਮਰਜੰਸੀ ਰੂਮ ਵਿਚ ਹੋਈ ਗੋਲੀਬਾਰੀ ਮੰਨੀ ਗਈ ਜਦਕਿ ਵੌਅਨ ਦੇ ਇਕ ਘਰ ਵਿਚ ਲੁੱਟ ਦੀ ਵਾਰਦਾਤ ਦੌਰਾਨ ਇਕ ਪਰਵਾਰਕ ਮੈਂਬਰ ਨੂੰ ਗੋਲੀ ਮਾਰਨ ਦਾ ਮਾਮਲਾ ਵੀ ਸੁਰਖੀਆਂ ਵਿਚ ਰਿਹਾ।
ਉਨਟਾਰੀਓ ਤੋਂ ਕਿਊਬੈਕ ਤੱਕ ਫੈਲਿਆ ਵਾਰਦਾਤਾਂ ਦਾ ਘੇਰਾ
ਸਾਈਮਨ ਜੇਮਜ਼ ਨੇ ਅੱਗੇ ਦੱਸਿਆ ਕਿ ਗਿਰੋਹ ਦੀਆਂ ਜੜਾਂ ਕਿਊਬੈਕ ਦੇ ਰਿਮਸਕੀ ਕਸਬੇ ਤੱਕ ਫੈਲੀਆਂ ਹੋਈਆਂ ਸਨ ਜਿਥੇ ਖ਼ਤਰਨਾਕ ਅਪਰਾਧੀਆਂ ਵੱਲੋਂ ਇਕ ਘਰ ਵਿਚ ਕਤਲ ਦੀ ਵਾਰਦਾਤ ਕੀਤੀ ਗਈ। ਗਿਰੋਹ ਵੱਲੋਂ ਅੱਲ੍ਹੜ ਮੁੰਡਿਆਂ ਦੀ ਭਰਤੀ ਕਰਦਿਆਂ ਉਨ੍ਹਾਂ ਤੋਂ ਵਾਰਦਾਤਾਂ ਕਰਵਾਈਆਂ ਜਾਂਦੀਆਂ ਅਤੇ ਪ੍ਰਮੁੱਖ ਮੈਂਬਰ ਪਰਦੇ ਹੇਠ ਰਹਿ ਕੇ ਕੰਮ ਕਰਦੇ। ਸਾਈਮਨ ਨੇ ਦੱਸਿਆ ਕਿ ਦੋ ਭਗੌੜੇ ਸ਼ੱਕੀਆਂ ਵਿਰੁੱਧ ਕੈਨੇਡਾ ਪੱਧਰੀ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਗਏ ਹਨ। ਇਸੇ ਦੌਰਾਨ ਯਾਰਕ ਰੀਜਨਲ ਪੁਲਿਸ ਦੇ ਮੁਖੀ ਜਿਮ ਮੈਕਸਵੀਨ ਨੇ ਕਿਹਾ ਕਿ ਅਜਿਹੀਆਂ ਅਪਰਾਧਕ ਘਟਨਾਵਾਂ ਬਰਦਾਸ਼ਤ ਨਹੀਂ ਕੀਤੀਆਂ ਜਾ ਸਕਦੀਆਂ। ਕਮਿਊਨਿਟੀ ਨੂੰ ਲਗਾਤਾਰ ਹਿੰਸਕ ਸਰਗਰਮੀਆਂ ਦਾ ਨਿਸ਼ਾਨਾ ਬਣਾਇਆ ਗਿਆ ਅਤੇ ਪੀੜਤਾਂ ਦੀ ਗਿਣਤੀ ਸੈਂਕੜਿਆਂ ਵਿਚ ਪੁੱਜ ਗਈ।