ਕੈਨੇਡਾ ’ਚ 1203 ਭਾਰਤੀ ਨਾਗਰਿਕਾਂ ਦੀ ਮੌਤ
ਕੈਨੇਡਾ ਵਿਚ ਰੋਜ਼ਾਨਾ ਇਕ ਭਾਰਤੀ ਨਾਗਰਿਕ ਦਮ ਤੋੜ ਰਿਹਾ ਹੈ ਅਤੇ 2024 ਦੌਰਾਨ 389 ਜਣਿਆਂ ਦੀ ਜਾਨ ਗਈ ਜਦਕਿ 2023 ਦੌਰਾਨ 336 ਜਣੇ ਮੌਤ ਦੇ ਮੂੰਹ ਵਿਚ ਚਲੇ ਗਏ।
ਨਵੀਂ ਦਿੱਲੀ : ਕੈਨੇਡਾ ਵਿਚ ਰੋਜ਼ਾਨਾ ਇਕ ਭਾਰਤੀ ਨਾਗਰਿਕ ਦਮ ਤੋੜ ਰਿਹਾ ਹੈ ਅਤੇ 2024 ਦੌਰਾਨ 389 ਜਣਿਆਂ ਦੀ ਜਾਨ ਗਈ ਜਦਕਿ 2023 ਦੌਰਾਨ 336 ਜਣੇ ਮੌਤ ਦੇ ਮੂੰਹ ਵਿਚ ਚਲੇ ਗਏ। ਹੈਰਾਨੀ ਇਸ ਗੱਲ ਦੀ ਹੈ ਕਿ 2022 ਵਿਚ 198 ਭਾਰਤੀਆਂ ਦੀ ਮੌਤ ਹੋਈ ਪਰ 2024 ਵਿਚ ਇਹ ਅੰਕੜਾ ਤਕਰੀਬਨ ਦੁੱਗਣਾ ਹੋ ਗਿਆ। ਵਿਦੇਸ਼ ਮੰਤਰਾਲੇ ਦੇ ਅੰਕੜਿਆਂ ਮੁਤਾਬਕ 2020 ਤੋਂ 2024 ਦਰਮਿਆਨ 1,203 ਭਾਰਤੀਆਂ ਨੇ ਵੱਖ ਵੱਖ ਕਾਰਨਾਂ ਕਰ ਕੇ ਕੈਨੇਡਾ ਵਿਚ ਦਮ ਤੋੜਿਆ। ਮੌਤਾਂ ਦੇ ਕਾਰਨਾਂ ਦਾ ਜ਼ਿਕਰ ਕੀਤਾ ਜਾਵੇ ਤਾਂ ਜ਼ਿਆਦਾਤਰ ਮਾਮਲੇ ਬਿਰਧ ਉਮਰ ਅਤੇ ਬਿਮਾਰੀਆਂ ਨਾਲ ਸਬੰਧਤ ਦੱਸੇ ਜਾ ਰਹੇ ਹਨ ਪਰ ਸੜਕ ਹਾਦਸਿਆਂ, ਹਿੰਸਾ, ਖੁਦਕੁਸ਼ੀਆਂ ਅਤੇ ਕਤਲ ਦੀਆਂ ਵਾਰਦਾਤਾਂ ਕਰ ਕੇ ਵੀ ਅੰਕੜਾ ਉਪਰ ਵੱਲ ਗਿਆ।
ਰੋਜ਼ਾਨਾ ਇਕ ਭਾਰਤੀ ਛੱਡ ਰਿਹਾ ਦੁਨੀਆਂ
ਰਾਜ ਸਭਾ ਵਿਚ ਪੁੱਛੇ ਗਏ ਇਕ ਸਵਾਲ ਦੇ ਜਵਾਬ ਵਿਚ ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਵੱਲੋਂ ਪਿਛਲੇ ਪੰਜ ਸਾਲ ਦਾ ਅੰਕੜਾ ਪੇਸ਼ ਕੀਤਾ ਗਿਆ ਅਤੇ ਇਹ ਵੀ ਦੱਸਿਆ ਕਿ 757 ਦੇਹਾਂ ਨੂੰ ਕੇਂਦਰ ਸਰਕਾਰ ਦੀ ਮਦਦ ਨਾਲ ਕੈਨੇਡਾ ਤੋਂ ਭਾਰਤ ਲਿਆਂਦਾ ਗਿਆ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿਚੋਂ ਭਾਰਤੀ ਨਾਗਰਿਕਾਂ ਦੀ ਦੇਹ ਲਿਆਉਣ ਵਰਗੇ ਮੁੱਦਿਆਂ ਨਾਲ ਤਰਜੀਹੀ ਆਧਾਰ ’ਤੇ ਨਜਿੱਠਿਆ ਜਾਂਦਾ ਹੈ। ਵਿਦੇਸ਼ਾਂ ਵਿਚ ਭਾਰਤੀ ਮਿਸ਼ਨਾਂ ਨਾਲ ਤਾਲਮੇਲ ਕਾਇਮ ਕਰਦਿਆਂ ਮੁਸ਼ਕਲਾਂ ਵਿਚ ਘਿਰੇ ਭਾਰਤੀਆਂ ਜਾਂ ਮੌਤ ਹੋਣ ਦੀ ਸੂਰਤ ਵਿਚ ਉਨ੍ਹਾਂ ਦੇ ਅੰਤਮ ਸਸਕਾਰ ਜਾਂ ਦੇਹ ਨੂੰ ਭਾਰਤ ਲਿਆਉਣ ਵਾਸਤੇ ਵਿਸ਼ੇਸ਼ ਪ੍ਰਣਾਲੀ ਸਥਾਪਤ ਕੀਤੀ ਗਈ ਹੈ। ਦੱਸ ਦੇਈਏ ਕਿ ਪੰਜ ਸਾਲ ਦੇ ਅੰਕੜਿਆਂ ਵਿਚ ਸਭ ਤੋਂ ਘੱਟ ਮੌਤਾਂ 2020 ਵਿਚ ਹੋਈਆਂ 120 ਭਾਰਤੀਆਂ ਨੇ ਕੈਨੇਡਾ ਦੀ ਧਰਤੀ ’ਤੇ ਦਮ ਤੋੜਿਆ। ਇਸ ਮਗਰੋਂ 2021 ਵਿਚ ਮੌਤਾਂ ਦੀ ਗਿਣਤੀ ਵਧ ਕੇ 160 ਹੋ ਗਈ ਅਤੇ 2022 ਵਿਚ 198 ਜਣਿਆਂ ਦੀ ਜਾਨ ਗਈ ਪਰ 2024 ਆਉਂਦੇ-ਆਉਂਦੇ ਮੌਤਂ ਗਿਣਤੀ ਵਿਚ ਹੈਰਾਨਕੁੰਨ ਵਾਧਾ ਦਰਜ ਕੀਤਾ ਗਿਆ।
2024 ਦੌਰਾਨ 389 ਜਣਿਆਂ ਨੇ ਦਮ ਤੋੜਿਆ
ਕੈਨੇਡਾ ਵਿਚ ਭਾਰਤੀ ਨਾਗਰਿਕਾਂ ਦੀ ਮੌਤ ਨਾਲ ਸਬੰਧਤ ਅੰਕੜੇ ਅਜਿਹੇ ਸਮੇਂ ਸਾਹਮਣੇ ਆਏ ਹਨ ਜਦੋਂ 21 ਸਾਲ ਦੀ ਹਰਸਿਮਰਤ ਕੌਰ ਰੰਧਾਵਾ ਦੇ ਕਤਲ ਮਾਮਲੇ ਵਿਚ ਹੈਮਿਲਟਨ ਪੁਲਿਸ ਵੰਲੋਂ 32 ਸਾਲ ਦੇ ਸ਼ੱਕੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਫ਼ਿਜ਼ੀਓਥੈਰੇਪੀ ਦਾ ਕੋਰਸ ਕਰ ਰਹੀ ਹਰਸਿਮਰਤ ਕੌਰ ਨੂੰ ਹੈਮਿਲਟਨ ਇਕ ਬੱਸ ਸਟੌਪ ਨੇੜੇ ਗੋਲੀ ਲੱਗੀ ਜਦੋਂ ਗੈਂਗਸਟਰਾਂ ਦੇ ਦੋ ਧੜੇ ਇਕ-ਦੂਜੇ ਉਤੇ ਗੋਲੀਆਂ ਚਲਾ ਰਹੇ ਸਨ। ਹਰਸਿਮਰਤ ਕੌਰ ਬੱਸ ਵਿਚੋਂ ਉਤਰ ਕੇ ਆਪਣੇ ਘਰ ਵੱਲ ਜਾ ਰਹੀ ਸੀ ਪਰ ਇਕ ਪਾਸਿਓਂ ਆਈ ਗੋਲੀ ਨੇ ਮਾਸੂਮ ਦੀ ਜਾਨ ਲੈ ਲਈ। ਪੁਲਿਸ ਮੁਤਾਬਕ ਮਾਮਲੇ ਦੀ ਪੜਤਾਲ ਹੁਣ ਵੀ ਜਾਰੀ ਹੈ ਅਤੇ ਬਾਕੀ ਸ਼ੱਕੀਆਂ ਨੂੰ ਵੀ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।