ਕੈਨੇਡਾ ਦੇ ਬਾਰਡਰ ’ਤੇ ਰੋਕੇ 1 ਲੱਖ 13 ਹਜ਼ਾਰ ਸ਼ਰਨਾਰਥੀ

CBSA ਨੇ ਮੁਲਕ ਦੀਆਂ ਸਰਹੱਦ ਸੁਰੱਖਿਅਤ ਰਖਦਿਆਂ ਪਹਿਲੀ ਜਨਵਰੀ ਤੋਂ 31 ਅਕਤੂਬਰ ਤੱਕ ਤਕਰੀਬਨ 26 ਹਜ਼ਾਰ ਕਿਲੋ ਨਸ਼ੀਲੇ ਪਦਾਰਥ ਜ਼ਬਤ ਕੀਤੇ ਅਤੇ 7,700 ਹਥਿਆਰ ਮੁਲਕ ਦੀਆ ਗਲੀਆਂ ਤੱਕ ਪਹੁੰਚਣ ਤੋਂ ਰੋਕੇ।

Update: 2024-12-10 12:58 GMT

ਟੋਰਾਂਟੋ : ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਮੁਲਕ ਦੀਆਂ ਸਰਹੱਦ ਸੁਰੱਖਿਅਤ ਰਖਦਿਆਂ ਪਹਿਲੀ ਜਨਵਰੀ ਤੋਂ 31 ਅਕਤੂਬਰ ਤੱਕ ਤਕਰੀਬਨ 26 ਹਜ਼ਾਰ ਕਿਲੋ ਨਸ਼ੀਲੇ ਪਦਾਰਥ ਜ਼ਬਤ ਕੀਤੇ ਅਤੇ 7,700 ਹਥਿਆਰ ਮੁਲਕ ਦੀਆ ਗਲੀਆਂ ਤੱਕ ਪਹੁੰਚਣ ਤੋਂ ਰੋਕੇ। ਇਸ ਦੌਰਾਨ ਅਮਰੀਕਾ ਸਣੇ ਵੱਖ ਵੱਖ ਮੁਲਕਾਂ ਤੋਂ ਆਏ 1 ਲੱਖ 13 ਹਜ਼ਾਰ ਸ਼ਰਨਾਰਥੀਆਂ ਦੀ ਸਕ੍ਰੀਨਿੰਗ ਵੀ ਕੀਤੀ ਗਈ। ਕੈਨੇਡਾ ਵਿਚ ਪਨਾਹ ਮੰਗਣ ਵਾਲਿਆਂ ਵਿਚੋਂ ਜ਼ਿਆਦਾਤਰ ਦੀ ਸਕ੍ਰੀਨਿੰਗ ਹਵਾਈ ਅੱਡਿਆਂ ’ਤੇ ਕੀਤੀ ਗਈ ਜਦਕਿ ਜ਼ਮੀਨੀ ਰਸਤੇ ਪੁੱਜਣ ਵਾਲਿਆਂ ਦੀ ਗਿਣਤੀ ਵਿਚ ਜ਼ਿਕਰਯੋਗ ਰਹੀ।

ਸੀ.ਬੀ.ਐਸ.ਏ. ਨੇ 31 ਅਕਤੂਬਰ ਤੱਕ ਦਾ ਵਹੀ-ਖਾਤਾ ਪੇਸ਼ ਕੀਤਾ

ਵੱਡੀ ਗਿਣਤੀ ਵਿਚ ਚੋਰੀ ਕੀਤੀਆਂ ਗੱਡੀਆਂ ਮੁਲਕ ਤੋਂ ਬਾਹਰ ਜਾਣ ਤੋਂ ਰੋਕੀਆਂ ਗਈਆਂ ਅਤੇ ਇਕੱਲੇ ਪੈਸੇਫਿਕ ਰੀਜਨ ਵਿਚ 119 ਗੱਡੀਆਂ ਰੋਕਣ ਦੀ ਰਿਪੋਰਟ ਹੈ ਜਿਨ੍ਹਾਂ ਦੀ ਕੁਲ ਕੀਮਤ 13 ਮਿਲੀਅਨ ਡਾਲਰ ਬਣਦੀ ਹੈ। ਦੂਜੇ ਪਾਸੇ 34 ਹਜ਼ਾਰ ਲੋਕਾਂ ਨੂੰ ਮੁਲਕ ਵਿਚ ਦਾਖਲ ਹੋਣ ਤੋਂ ਰੋਕਿਆ ਜਿਨ੍ਹਾਂ ਦਾ ਆਉਣਾ ਖ਼ਤਰਨਾਕ ਮੰਨਿਆ ਜਾ ਰਿਹਾ ਹੈ। ਇਹ ਅੰਕੜਾ 2023 ਦੇ ਮੁਕਾਬਲੇ 30 ਫੀ ਸਦੀ ਵਧ ਗਿਆ ਜਦੋਂ 25,500 ਜਣਿਆਂ ਨੂੰ ਰੋਕਿਆ ਗਿਆ। ਵਪਾਰਕ ਰੂਟਾਂ ਵੱਲ ਇਸ ਵਾਰ ਵਧੇਰੇ ਤਵੱਜੋ ਦਿਤੀ ਗਈ ਅਤੇ ਸਾਲ ਦੇ ਪਹਿਲੇ 10 ਮਹੀਨੇ ਦੌਰਾਨ ਤਕਰੀਬਨ 45 ਲੱਖ ਟਰੱਕ ਕੈਨੇਡਾ ਵਿਚ ਦਾਖਲ ਹੋਏ। ਇਹ ਅੰਕੜਾ 2023 ਦੇ ਬਰਾਬਰ ਹੀ ਬਣਦਾ ਹੈ।

26 ਹਜ਼ਾਰ ਕਿਲੋ ਨਸ਼ੇ ਅਤੇ 7,700 ਹਥਿਆਰ ਕੀਤੇ ਜ਼ਬਤ

ਇਸ ਦੇ ਨਾਲ ਡਿਊਟੀ ਅਤੇ ਟੈਕਸਾਂ ਦੇ ਰੂਪ ਵਿਚ 32.5 ਅਰਬ ਡਾਲਰ ਇਕੱਤਰ ਕੀਤੇ ਗਏ ਜਿਨ੍ਹਾਂ ਰਾਹੀਂ ਕੈਨੇਡਾ ਵਾਸੀਆਂ ਨੂੰ ਵੱਖ ਵੱਖ ਸੇਵਾਵਾਂ ਮੁਹੱਈਆ ਕਰਵਾਉਣ ਵਿਚ ਮਦਦ ਮਿਲੇਗੀ। ਸੀ.ਬੀ.ਐਸ.ਏ. ਨੇ ਦੱਸਿਆ ਕਿ ਮੌਜੂਦਾ ਵਰ੍ਹੇ ਦੌਰਾਨ 31 ਅਕਤੂਬਰ ਤੱਕ 8 ਕਰੋੜ ਤੋਂ ਵੱਧ ਮੁਸਾਫਰ ਕੈਨੇਡਾ ਪੁੱਜੇ ਜਿਨ੍ਹਾਂ ਵਿਚੋਂ 3 ਕਰੋੜ 18 ਲੱਖ ਹਵਾਈ ਜਹਾਜ਼ ਰਾਹੀਂ ਅਤੇ ਸਾਢੇ ਚਾਰ ਕਰੋੜ ਜ਼ਮੀਨੀ ਰਸਤੇ ਕੈਨੇਡਾ ਵਿਚ ਦਾਖਲ ਹੋਏ।

Tags:    

Similar News