ਕੈਨੇਡਾ ਵਿਚ 10 ਪੰਜਾਬੀਆਂ ’ਤੇ ਲੱਗੇ ਡਾਕਾ ਮਾਰਨ ਦੇ ਦੋਸ਼

ਕੈਨੇਡਾ ਵਿਚ ਸ਼ਰਾਬ ਦੇ ਠੇਕੇ ਅਤੇ ਕਨਵੀਨੀਐਂਸ ਸਟੋਰ ਲੁੱਟਣ ਦੇ ਮਾਮਲੇ ਦੀ ਪੜਤਾਲ ਕਰ ਰਹੀ ਪੁਲਿਸ ਨੇ 10 ਪੰਜਾਬੀਆਂ ਸਣੇ 16 ਜਣਿਆਂ ਨੂੰ ਗ੍ਰਿਫ਼ਤਾਰ ਕਰਦਿਆਂ 1,500 ਤੋਂ ਵੱਧ ਦੋਸ਼ ਆਇਦ ਕੀਤੇ ਹਨ।;

Update: 2024-09-24 12:22 GMT

ਵੌਅਨ : ਕੈਨੇਡਾ ਵਿਚ ਸ਼ਰਾਬ ਦੇ ਠੇਕੇ ਅਤੇ ਕਨਵੀਨੀਐਂਸ ਸਟੋਰ ਲੁੱਟਣ ਦੇ ਮਾਮਲੇ ਦੀ ਪੜਤਾਲ ਕਰ ਰਹੀ ਪੁਲਿਸ ਨੇ 10 ਪੰਜਾਬੀਆਂ ਸਣੇ 16 ਜਣਿਆਂ ਨੂੰ ਗ੍ਰਿਫ਼ਤਾਰ ਕਰਦਿਆਂ 1,500 ਤੋਂ ਵੱਧ ਦੋਸ਼ ਆਇਦ ਕੀਤੇ ਹਨ। ਪੰਜਾਬੀਆਂ ਦੀ ਸ਼ਨਾਖਤ ਅਵਨਿੰਦਰ, ਦਿਲਪ੍ਰੀਤ ਸਿੰਘ, ਗਗਨਦੀਪ ਸਿੰਘ, ਪਰਵਿੰਦਰ ਲੋਧੜਾ, ਪੁਨੀਤ ਸਹਿਜੜਾ, ਪ੍ਰੀਤਇੰਦਰ ਸਹੋਤਾ, ਸੰਦੀਪ ਗਰੇਵਾਲ, ਬਲਰਾਜ ਢਿੱਲੋਂ, ਬਲਕਾਰ ਸਿੰਘ ਮਾਨ ਅਤੇ ਅਮਨਦੀਪ ਸੰਧਾਵਾਲੀਆ ਵਜੋਂ ਕੀਤੀ ਗਈ ਹੈ। ਯਾਰਕ ਰੀਜਨਲ ਪੁਲਿਸ ਨੇ ਦੱਸਿਆ ਕਿ ਅਕਤੂਬਰ 2023 ਅਤੇ ਜੁਲਾਈ 2024 ਦਰਮਿਆਨ ਯਾਰਕ ਰੀਜਨ ਅਤੇ ਗਰੇਟਰ ਟੋਰਾਂਟੋ ਏਰੀਆ ਵਿਚ ਵਾਪਰੀਆਂ ਲੁੱਟ ਦੀਆਂ ਵਾਰਦਾਤਾਂ ਦੀ ਪੜਤਾਲ ਕਰਦਿਆਂ ਇਹ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਹਨ। ਸ਼ਰਾਬ ਦੇ ਠੇਕੇ ਅਤੇ ਹੋਰ ਸਟੋਰ ਲੁੱਟਣ ਵਾਲੇ ਝੁੰਡ ਦੇ ਰੂਪ ਵਿਚ ਦਾਖਲ ਹੁੰਦੇ ਅਤੇ ਹਿੰਸਾ ਦਾ ਡਰਾਵਾ ਦਿੰਦਿਆ ਕੀਮਤੀ ਚੀਜ਼ਾਂ ਲੈ ਕੇ ਫਰਾਰ ਹੋ ਜਾਂਦੇ। ਇਨ੍ਹਾਂ ਕੀਮਤੀ ਚੀਜ਼ਾਂ ਨੂੰ ਬਾਅਦ ਵਿਚ ਵੇਚ ਦਿਤਾ ਜਾਂਦਾ। ‘ਪ੍ਰੌਜੈਕਟ ਸਪਾਰਟਨ’ ਦੌਰਾਨ ਕੁਲ 10 ਮਾਮਲਿਆਂ ਦੀ ਪੜਤਾਲ ਕੀਤੀ ਗਈ ਅਤੇ 16 ਜਣਿਆਂ ਦੀ ਗ੍ਰਿਫ਼ਤਾਰ ਸੰਭਵ ਹੋ ਸਕੀ। ਸ਼ੱਕੀਆਂ ਵੱਲੋਂ ਤਕਰੀਬਨ 6 ਲੱਖ 24 ਹਜ਼ਾਰ ਡਾਲਰ ਮੁੱਲ ਦੀਆਂ ਚੀਜ਼ਾਂ ਚੋਰੀ ਕੀਤੀਆਂ ਗਈਆਂ ਜਿਨ੍ਹਾਂ ਵਿਰੁੱਧ 1,538 ਦੋਸ਼ ਆਇਦ ਕੀਤੇ ਗਏ ਹਨ।

ਸ਼ਰਾਬ ਦੇ ਠੇਕਿਆਂ ਅਤੇ ਕਨਵੀਨੀਐਂਸ ਸਟੋਰਾਂ ਨੂੰ ਬਣਾਉਂਦੇ ਸਨ ਨਿਸ਼ਾਨਾ

ਇਨ੍ਹਾਂ ਵਿਚੋਂ 797 ਦੋਸ਼ੀ ਜ਼ਮਾਨਤ ਸ਼ਰਤਾਂ ਦੀ ਉਲੰਘਣਾ ਨਾਲ ਸਬੰਧਤ ਹਨ। ਇਸੇ ਦੌਰਾਨ ਐਲ.ਸੀ.ਬੀ.ਓ. ਦੀ ਰਿਸੋਰਸ ਪ੍ਰੋਟੈਕਸ਼ਨ ਇਕਾਈ ਦੇ ਸੀਨੀਅਰ ਡਾਇਰੈਕਟਰ ਮਾਰਟੀ ਪਾਵਰ ਨੇ ਦੱਸਿਆ ਕਿ ਪੁਲਿਸ ਨਾਲ ਤਾਲਮੇਲ ਅਧੀਨ ਅਪਰਾਧੀਆਂ ਦੀ ਜਵਾਬਦੇਹੀ ਤੈਅ ਕੀਤੀ ਜਾ ਰਹੀ ਹੈ। ਉਧਰ ਪੁਲਿਸ ਨੇ ਦੱਸਿਆ ਕਿ ਬਰੈਂਪਟਨ ਦੇ 25 ਸਾਲ ਦੇ ਪੁਨੀਤ ਸਹਿਜੜਾ ਵਿਰੁੱਧ 19 ਦੋਸ਼ ਆਇਦ ਕੀਤੇ ਗਏ ਹਨ ਜਦਕਿ ਮਿਸੀਸਾਗਾ ਦੇ 44 ਸਾਲਾ ਅਵਨਿੰਦਰ ਵਿਰੁੱਧ 147 ਦੋਸ਼ ਆਇਦ ਕੀਤੇ ਗਏ ਹਨ। ਇਸੇ ਤਰ੍ਹਾਂ ਬਰੈਂਪਟਨ ਦੇ 30 ਸਾਲ ਦੇ ਦਿਲਪ੍ਰੀਤ ਸਿੰਘ ਵਿਰੁੱਧ 9 ਅਪਰਾਧ ਦੋਸ਼ ਅਤੇ ਬਗੈਰ ਕਿਸੇ ਪਤੇ-ਟਿਕਾਣੇ ਵਾਲੇ ਗਗਨਦੀਪ ਸਿੰਘ ਵਿਰੁੱਧ ਛੇ ਦੋਸ਼ ਆਇਦ ਕੀਤੇ ਗਏ ਹਨ। ਬਰੈਂਪਟਨ ਦੇ 45 ਸਾਲਾ ਪਰਵਿੰਦਰ ਲੋਧੜਾ ਵਿਰੁੱਧ ਚਾਰ ਦੋਸ਼ ਅਤੇ ਬਰੈਂਪਟਨ ਦੇ ਹੀ 38 ਸਾਲਾ ਪ੍ਰੀਤਇੰਦਰ ਸਹੋਤਾ ਵਿਰੁੱਧ 117 ਅਪਰਾਧਕ ਦੋਸ਼ ਆਇਦ ਕੀਤੇ ਜਾਣ ਦੀ ਰਿਪੋਰਟ ਹੈ। ਟੋਰਾਂਟੋ ਦੇ 39 ਸਾਲਾ ਸੰਦੀਪ ਗਰੇਵਾਲ ਵਿਰੁੱਧ ਅੱਠ ਅਪਰਾਧਕ ਦੋਸ਼ ਅਤੇ ਬਰੈਂਪਟਨ ਦੇ 32 ਸਾਲਾ ਬਲਰਾਜ ਢਿੱਲੋਂ ਵਿਰੁੱਧ 32 ਅਪਰਾਧਕ ਦੋਸ਼ ਲੱਗੇ ਹਨ। ਬਰੈਂਪਟਨ ਦਾ 35 ਸਾਲਾ ਬਲਕਾਰ ਸਿੰਘ ਮਾਨ 29 ਕ੍ਰਿਮੀਨਲ ਚਾਰਜਿਜ਼ ਦਾ ਸਾਹਮਣਾ ਕਰ ਰਿਹਾ ਹੈ ਜਦਕਿ ਬਰੈਂਪਟਨ ਦੇ ਹੀ 31 ਸਾਲ ਅਮਨਦੀਪ ਵਿਰੁੱਧ 85 ਦੋਸ਼ ਆਇਦ ਕੀਤੇ ਗਏ ਹਨ। ਯਾਰਕ ਰੀਜਨਲ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਨ੍ਹਾਂ ਮਾਮਲਿਆਂ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਸਪੈਸ਼ਲ ਐਨਫੋਰਸਮੈਂਟ ਟੀਮ ਨਾਲ 1866 876 5423 ਐਕਸਟੈਨਸ਼ਨ 7817 ’ਤੇ ਸੰਪਰਕ ਕੀਤਾ ਜਾਵੇ। ਗੁਪਤ ਤਰੀਕੇ ਨਾਲ ਜਾਣਕਾਰੀ ਦੇਣ ਲਈ ਕ੍ਰਾਈਮ ਸਟੌਪਰਜ਼ ਨਾਲ 1800 222 ਟਿਪਸ ’ਤੇ ਕਾਲ ਕੀਤੀ ਜਾ ਸਕਦੀ ਹੈ। ਇਸੇ ਦੌਰਾਨ ਹੋਮ ਡਿਪੋ ਕੈਨੇਡਾ ਦੇ ਡਾਇਰੈਕਟਰ ਅਸੈਟ ਪ੍ਰੋਟੈਕਸ਼ਨ ਪੌਲ ਡੀਡੋਨਾਟੋ ਨੇ ਕਿਹਾ ਕਿ ਸ਼ੌਪਿੰਗ ਦਾ ਸੁਖਾਵਾਂ ਮਾਹੌਲ ਸਿਰਜਣ ਦੇ ਯਤਨਾਂ ਤਹਿਤ ਲਾਅ ਐਨਫੋਰਸਮੈਂਟ ਏਜੰਸੀਆਂ ਨਾਲ ਭਾਈਵਾਲ ਦੀ ਸਿਲਸਿਲਾ ਜਾਰੀ ਰੱਖਿਆ ਜਾਵੇਗਾ। ਤਾਲਮੇਲ ਅਧੀਨ ਅੱਗ ਵਧਦਿਆਂ ਹੀ ਰਿਟੇਲ ਸਟੋਰ ਲੁੱਟਣ ਵਾਲਿਆਂ ਦੀ ਨਕੇਲ ਕਸੀ ਜਾ ਸਕਦੀ ਹੈ।

Tags:    

Similar News