ਟਰੰਪ ਨੇ ਕੈਨੇਡਾ ਤੇ ਮੈਕਸੀਕੋ ਉਪਰ ਪ੍ਰਸਤਾਵਿਤ ਟੈਕਸ ਲਾਉਣ ਦਾ ਅਮਲ ਅੱਗੇ ਪਾਇਆ

ਕੈਨੇਡਾ ਵਿਚ ਅਮਰੀਕੀ ਸ਼ਰਾਬ ਦੀ ਵਿਕਰੀ ਬੰਦ- ਕੈਨੇਡਾ ਦੇ ਰਾਜਾਂ ਨੇ ਐਲਾਨ ਕੀਤਾ ਹੈ ਕਿ ਉਹ ਰਾਸ਼ਟਰਪਤੀ ਟਰੰਪ ਵੱਲੋਂ ਟੈਕਸ ਲਾਉਣ ਦੇ ਜਵਾਬ ਵਿਚ ਅਮਰੀਕੀ ਸ਼ਰਾਬ;

Update: 2025-02-05 08:36 GMT

* ਕੈਨੇਡਾ ਦੇ ਕਈ ਰਾਜਾਂ ਨੇ ਅਮਰੀਕਾ ਦੀ ਸ਼ਰਾਬ ਵੇਚਣੀ ਕੀਤੀ ਬੰਦ

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੈਨੇਡਾ ਤੇ ਮੈਕਸੀਕੋ ਦੇ ਸਮਾਨ ਉਪਰ ਪ੍ਰਸਤਾਵਿਤ ਟੈਕਸ ਲਾਉਣ ਦਾ ਅਮਲ ਅੱਗੇ ਪਾ ਦਿੱਤਾ ਹੈ। ਰਾਸ਼ਟਰਪਤੀ ਨੇ ਕੈਨੇਡਾ ਦੀਆਂ ਵਸਤਾਂ ਉਪਰ ਪ੍ਰਸਤਾਵਿਤ 25% ਟੈਕਸ 30 ਦਿਨਾਂ ਲਈ ਰੋਕ ਦੇਣ ਦਾ ਐਲਾਨ ਕਰਦਿਆਂ ਕਿਹਾ ਹੈ ਕਿ ਕੈਨੇਡੀਅਨ ਆਗੂ ਸਰਹੱਦਾਂ ਨੂੰ ਸੁਰੱਖਿਅਤ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ।

ਟਰੰਪ ਨੇ ਇਹ ਐਲਾਨ ਉਨਾਂ ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਿਚਾਲੇ ਫੋਨ ਉਪਰ ਹੋਈ ਗੱਲਬਾਤ ਉਪਰੰਤ ਕੀਤਾ। ਟਰੰਪ ਨੇ ਚਿਤਾਵਨੀ ਦਿੱਤੀ ਸੀ ਕਿ ਜੇਕਰ ਕੈਨੇਡਾ ਗੈਰ ਕਾਨੂੰਨੀ ਪ੍ਰਵਾਸੀਆਂ ਤੇ ਨਸ਼ੀਲੇ ਪਦਾਰਥ ਫੈਂਟਾਨਾਇਲ ਨੂੰ ਅਮਰੀਕਾ ਵਿਚ ਆਉਣ ਤੋਂ ਰੋਕਣ ਲਈ ਹੋਰ ਯਤਨ ਨਹੀਂ ਕਰਦਾ ਤਾਂ ਕੈਨੇਡਾ ਤੋਂ ਆਉਂਦੇ ਸਮਾਨ ਉਪਰ ਫੌਰੀ 25% ਟੈਕਸ ਲਾ ਦੇਣਗੇ। ਇਸ ਦੇ ਵਿਰੋਧ ਵਿਚ ਜਸਟਿਨ ਟਰੂਡੋ ਨੇ ਵੀ ਅਮਰੀਕੀ ਵਸਤਾਂ ਉਪਰ 25% ਟੈਕਸ ਲਾਉਣ ਦੇ ਨਾਲ ਨਾਲ ਕੈਨੇਡੀਅਨ ਨਾਗਰਿਕਾਂ ਨੂੰ ਸੱਦਾ ਦਿੱਤਾ ਸੀ ਕਿ ਉਹ ਅਮਰੀਕੀ ਸਮਾਨ ਦਾ ਬਾਈਕਾਟ ਕਰਨ ਤੇ ਕੇਵਲ ਕੈਨਡਾ ਦਾ ਸਮਾਨ ਹੀ ਖਰੀਦਣ। ਟਰੂਡੋ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਕੈਨੇਡਾ ਸਰਹੱਦ ਉਪਰ ਸਖਤੀ ਕਰਨ ਲਈ 1.3 ਅਰਬ ਡਾਲਰ ਖਰਚ ਰਿਹਾ ਹੈ ਤੇ 10 ਹਜਾਰ ਸੁਰੱਖਿਆ ਜਵਾਨ ਸਰਹੱਦ ਉਪਰ ਤਾਇਨਾਤ ਹਨ। ਉਨਾਂ ਇਹ ਵੀ ਕਿਹਾ ਹੈ ਕਿ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਅੱਤਵਾਦੀ ਗਤੀਵਿਧੀ ਸਮਝਿਆ ਜਾਵੇਗਾ। ਇਸ ਤੋਂ ਇਲਾਵਾ ਕੈਨੇਡਾ ਸੰਗਠਿਤ ਅਪਰਾਧ ਤੇ ਫੈਂਟਾਨਾਇਲ ਤਸਕਰੀ ਨਾਲ ਨਜਿੱਠਣ ਲਈ 20 ਲੱਖ ਡਾਲਰ ਨਵੇਂ ਖੁਫੀਆ ਪ੍ਰੋਗਰਾਮ ਉਪਰ ਖਰਚ ਕਰੇਗਾ। ਆਪਣੇ ਸ਼ੋਸਲ ਮੀਡੀਆ ਟਰੁੱਥ ਉਪਰ ਟਰੰਪ ਨੇ ਕਿਹਾ ਹੈ ਕਿ ਉਹ ਕੈਨੇਡਾ ਦੁਆਰਾ ਹੋ ਰਹੀਆਂ ਕੋਸ਼ਿਸ਼ਾਂ ਤੋਂ ਖੁਸ਼ ਹਨ ਤੇ ਇਕ ਰਾਸ਼ਟਰਪਤੀ ਵਜੋਂ ਮੇਰੀ ਜਿੰਮੇਵਾਰੀ ਸਾਰੇ ਅਮਰੀਕੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੈ ਤੇ ਮੈ ਇਹ ਹੀ ਕਰ ਰਿਹਾ ਹਾਂ। ਮੈਕਸੀਕੋ ਦੀ ਰਾਸ਼ਟਰਪਤੀ ਕਲੌਡੀਆ ਸ਼ੀਨਬੌਮ ਪਰਡੋ ਨਾਲ ਸਰਹੱਦ ਉਪਰ ਹੋਰ ਸਖਤੀ ਕਰਨ ਸਬੰਧੀ ਸਹਿਮਤੀ ਹੋਣ ਉਪਰੰਤ ਟਰੰਪ ਨੇ ਮੈਕਸੀਕੋ ਉਪਰ ਵੀ 25% ਟੈਕਸ ਲਾਉਣ ਦਾ ਅਮਲ ਰੋਕ ਦਿੱਤਾ ਹੈ। ਜਿਕਰਯੋਗ ਹੈ ਕਿ ਟਰੰਪ ਵੱਲੋਂ ਕੈਨੇਡਾ ਤੇ ਮੈਕਸੀਕੋ ਉਪਰ ਟੈਕਸ ਲਾਉਣ ਦੇ ਐਲਾਨ ਉਪਰੰਤ ਅਮਰੀਕੀ ਅਰਥ ਵਿਵਸਥਾ ਉਪਰ ਮੰਦੇ ਦੇ ਸੰਕੇਤ ਮਿਲਣੇ ਸ਼ੁਰੂ ਹੋ ਗਏ ਸਨ ਤੇ ਨਿਵੇਸ਼ਕਾ ਵਿਚ ਪੈਦਾ ਹੋਏ ਡਰ ਕਾਰਨ ਸ਼ੇਅਰ ਬਜਾਰ ਵਿਚ ਗਿਰਾਵਟ ਆਉਣੀ ਸ਼ੁਰੂ ਹੋ ਗਈ ਸੀ।

ਕੈਨੇਡਾ ਵਿਚ ਅਮਰੀਕੀ ਸ਼ਰਾਬ ਦੀ ਵਿਕਰੀ ਬੰਦ- ਕੈਨੇਡਾ ਦੇ ਰਾਜਾਂ ਨੇ ਐਲਾਨ ਕੀਤਾ ਹੈ ਕਿ ਉਹ ਰਾਸ਼ਟਰਪਤੀ ਟਰੰਪ ਵੱਲੋਂ ਟੈਕਸ ਲਾਉਣ ਦੇ ਜਵਾਬ ਵਿਚ ਅਮਰੀਕੀ ਸ਼ਰਾਬ ਦੀ ਵਿਕਰੀ ਕਰਨੀ ਬੰਦ ਕਰ ਰਹੇ ਹਨ। ਓਨਟਾਰੀਓ, ਮੈਨੀਟੋਬਾ ਤੇ ਨੋਵਾ ਸਕੋਟੀਆ ਵਿਚ ਆਗੂਆਂ ਨੇ ਵਿਤਰਕਾਂ ਨੂੰ ਅਮਰੀਕੀ ਸ਼ਰਾਬ ਵੇਚਣੀ ਬੰਦ ਕਰਨ ਦਾ ਆਦੇਸ਼ ਦਿੱਤਾ ਹੈ। ਮੈਨੀਟੋਬਾ ਦੇ ਪ੍ਰੀਮੀਅਰ ਵੈਬ ਕੀਨਿਊ ਨੇ ਐਲਾਨ ਕੀਤਾ ਹੈ ਕਿ ਉਹ 4 ਫਰਵਰੀ ਤੋਂ ਅਮਰੀਕੀ ਸ਼ਰਾਬ ਵੇਚਣੀ ਬੰਦ ਕਰ ਰਹੇ ਹਨ। ਪ੍ਰੀਮੀਅਰ ਨੇ ਕਿਹਾ ਹੈ ਕਿ ਟਰੰਪ ਦਾ ਟੈਕਸ ਲਾਉ ਦਾ ਐਲਾਨ ਕੈਨੇਡੀਅਨ ਲੋਕਾਂ ਉਪਰ ਹਮਲਾ ਹੈ, ਅਸੀਂ ਇਸ ਟੈਕਸ ਦੇ ਵਿਰੁੱਧ ਸੰਘੀ ਆਗੂਆਂ ਦੇ ਨਾਲ ਖੜੇ ਹਾਂ।

Tags:    

Similar News