ਪ੍ਰਤਾਪ ਬਾਜਵਾ ਪੁਲਿਸ ਸਾਹਮਣੇ ਅੱਜ ਹਾਜ਼ਰ ਨਹੀਂ ਹੋਏ
ਪੁਲਿਸ ਵਲੋਂ ਉਨ੍ਹਾਂ ਨੂੰ ਅੱਜ ਦੁਪਹਿਰ 12 ਵਜੇ ਪੁੱਛਗਿੱਛ ਲਈ ਬੁਲਾਇਆ ਗਿਆ ਸੀ, ਪਰ ਬਾਜਵਾ ਨਹੀਂ ਪਹੁੰਚੇ।
ਵਕੀਲਾਂ ਨੇ ਕੀਤੀ ਅਧਿਕਾਰੀਆਂ ਨਾਲ ਮੀਟਿੰਗ — ਗ੍ਰਨੇਡ ਬਿਆਨ ਦੇ ਮਾਮਲੇ 'ਚ FIR ਦਰਜ
ਮੋਹਾਲੀ/ਚੰਡੀਗੜ੍ਹ | 14 ਅਪ੍ਰੈਲ 2025 : ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਅਤੇ ਸੀਨੀਅਰ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਇਕ ਟੀਵੀ ਇੰਟਰਵਿਊ ਦੌਰਾਨ ਗ੍ਰਨੇਡਾਂ ਸੰਬੰਧੀ ਕੀਤੇ ਗਏ ਦਾਅਵੇ ਤੋਂ ਬਾਅਦ ਨਵੀਂ ਮੁਸ਼ਕਲ 'ਚ ਫਸ ਗਏ ਹਨ। ਮੋਹਾਲੀ ਦੇ ਸਟੇਟ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਵਿੱਚ ਉਨ੍ਹਾਂ ਵਿਰੁੱਧ BNS ਦੀ ਧਾਰਾ 197(1)(d) ਅਤੇ 353(2) ਤਹਿਤ ਕੇਸ ਦਰਜ ਹੋਇਆ।
ਪੁਲਿਸ ਵਲੋਂ ਉਨ੍ਹਾਂ ਨੂੰ ਅੱਜ ਦੁਪਹਿਰ 12 ਵਜੇ ਪੁੱਛਗਿੱਛ ਲਈ ਬੁਲਾਇਆ ਗਿਆ ਸੀ, ਪਰ ਬਾਜਵਾ ਨਹੀਂ ਪਹੁੰਚੇ। ਉਨ੍ਹਾਂ ਦੀ ਥਾਂ ਵਕੀਲ ਮੋਹਾਲੀ ਪੁਲਿਸ ਨਾਲ ਮਿਲੇ ਅਤੇ ਸਥਿਤੀ ਸਾਫ਼ ਕੀਤੀ ਕਿ ਬਾਜਵਾ ਅੱਜ ਹਾਜ਼ਰ ਨਹੀਂ ਹੋ ਸਕਦੇ। ਵਕੀਲਾਂ ਵਲੋਂ ਇੱਕ ਦਿਨ ਦੀ ਮੌਲਤ ਮੰਗੀ ਗਈ ਜੋ ਅਧਿਕਾਰੀਆਂ ਵਲੋਂ ਮਨਜ਼ੂਰ ਕੀਤੀ ਗਈ।
ਕਿਸ ਗੱਲ ਤੋਂ ਖੜ੍ਹਾ ਹੋਇਆ ਵਿਵਾਦ?
ਇਹ ਮਾਮਲਾ ਇੱਕ ਨਿੱਜੀ ਟੀਵੀ ਚੈਨਲ 'ਤੇ ਚੱਲੇ ਪ੍ਰੋਗਰਾਮ ਤੋਂ ਉੱਠਿਆ। ਇੰਟਰਵਿਊ ਦੌਰਾਨ, ਬਾਜਵਾ ਨੇ ਕਿਹਾ ਸੀ ਕਿ, "ਪੰਜਾਬ 'ਚ 50 ਗ੍ਰਨੇਡ ਆਏ, ਜਿਨ੍ਹਾਂ 'ਚੋਂ 18 ਵਰਤੇ ਜਾ ਚੁੱਕੇ ਹਨ, ਤੇ 32 ਹਾਲੇ ਬਾਕੀ ਹਨ।"
ਇਸ ਟੀਜ਼ਰ ਦੇ ਚੱਲਣ ਤੋਂ ਤੁਰੰਤ ਬਾਅਦ ਸਰਕਾਰ ਨੇ ਇਸ ਬਿਆਨ ਨੂੰ ਗੰਭੀਰਤਾ ਨਾਲ ਲਿਆ ਅਤੇ ਪੁੱਛਿਆ ਕਿ ਇਹ ਜਾਣਕਾਰੀ ਉਨ੍ਹਾਂ ਕੋਲ ਕਿੱਥੋਂ ਆਈ?
CM ਮਾਨ ਦਾ ਤਿੱਖਾ ਪ੍ਰਤਿਕ੍ਰਿਆਤਮਕ ਵੀਡੀਓ ਬਿਆਨ
ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਵੀਡੀਓ ਰਾਹੀਂ ਬਾਜਵਾ 'ਤੇ ਸਿੱਧਾ ਸਵਾਲ ਕੀਤਾ:
ਕੀ ਉਨ੍ਹਾਂ ਦੇ ਪਾਕਿਸਤਾਨ ਨਾਲ ਸੰਬੰਧ ਹਨ?
ਕੀ ਉਹ ਅੱਤਵਾਦੀਆਂ ਨਾਲ ਸਿੱਧਾ ਸੰਪਰਕ ਵਿੱਚ ਹਨ?
ਜੇ ਇਹ ਗੱਲ ਝੂਠ ਹੈ, ਤਾਂ ਕੀ ਉਨ੍ਹਾਂ ਨੇ ਲੋਕਾਂ ਵਿੱਚ ਡਰ ਫੈਲਾਉਣ ਦੀ ਕੋਸ਼ਿਸ਼ ਕੀਤੀ?
ਉਨ੍ਹਾਂ ਕਿਹਾ ਕਿ ਜਾਂ ਤਾਂ ਸਰੋਤ ਦੱਸੋ ਜਾਂ ਕਾਨੂੰਨੀ ਕਾਰਵਾਈ ਲਈ ਤਿਆਰ ਰਹੋ।
ਕਾਂਗਰਸ ਆਗੂਆਂ ਨੇ ਦਿੱਤਾ ਸਮਰਥਨ
ਬਾਜਵਾ ਦੇ ਹੱਕ 'ਚ ਕਾਂਗਰਸ ਦੇ ਹੋਰ ਆਗੂ ਵੀ ਸਾਹਮਣੇ ਆਏ ਹਨ।
ਸਾਬਕਾ ਡਿਪਟੀ CM ਸੁਖਜਿੰਦਰ ਰੰਧਾਵਾ ਨੇ ਪੁੱਛਿਆ:
"ਜੇਲ੍ਹ ਤੋਂ ਲਾਰੈਂਸ ਬਿਸ਼ਨੋਈ ਦੇ ਲਾਈਵ ਇੰਟਰਵਿਊ ਦੀ ਜਾਂਚ ਕਿਉਂ ਨਹੀਂ ਹੋਈ? ਕੀ ਉਸ ਚੈਨਲ ਨੂੰ ਪੁੱਛਿਆ ਗਿਆ ਕਿ ਸਰੋਤ ਕਿੱਥੋਂ ਮਿਲੇ?"
ਅਗਲੇ ਕਦਮ ਤੇ ਨਜ਼ਰ
ਫਿਲਹਾਲ ਬਾਜਵਾ ਦੀ ਗ੍ਰਿਫਤਾਰੀ ਨਹੀਂ ਹੋਈ, ਅਤੇ ਵਕੀਲਾਂ ਵਲੋਂ ਜ਼ਮਾਨਤ ਪਟੀਸ਼ਨ ਵੀ ਨਹੀਂ ਦਾਇਰ ਕੀਤੀ ਗਈ। ਮਾਮਲਾ ਸੰਵੇਦਨਸ਼ੀਲ ਹੈ ਅਤੇ ਅਗਲੇ ਦਿਨਾਂ 'ਚ ਹੋਰ ਕਾਰਵਾਈ ਹੋਣ ਦੀ ਸੰਭਾਵਨਾ ਹੈ।