ਆਪ੍ਰੇਸ਼ਨ ਸਿੰਦੂਰ : 6 ਜਹਾਜ਼ਾਂ ਦੇ ਡਿੱਗਣ ਦੇ ਦਾਅਵੇ 'ਤੇ ਪਾਕਿਸਤਾਨ ਦਾ ਜਵਾਬ ਵੀ ਪੜ੍ਹੋ
ਇਹ 'ਆਪ੍ਰੇਸ਼ਨ ਸਿੰਦੂਰ' ਅਪ੍ਰੈਲ ਵਿੱਚ ਪਹਿਲਗਾਮ ਵਿਖੇ ਹੋਏ ਅੱਤਵਾਦੀ ਹਮਲੇ ਦੇ ਜਵਾਬ ਵਿੱਚ 7 ਮਈ ਨੂੰ ਸ਼ੁਰੂ ਕੀਤਾ ਗਿਆ ਸੀ
ਨਵੀਂ ਦਿੱਲੀ - ਭਾਰਤ ਦੇ ਏਅਰ ਚੀਫ਼ ਮਾਰਸ਼ਲ ਅਮਰ ਪ੍ਰੀਤ ਸਿੰਘ ਵੱਲੋਂ 'ਆਪ੍ਰੇਸ਼ਨ ਸਿੰਦੂਰ' ਦੌਰਾਨ ਛੇ ਪਾਕਿਸਤਾਨੀ ਜਹਾਜ਼ਾਂ ਨੂੰ ਡੇਗਣ ਦੀ ਪੁਸ਼ਟੀ ਕਰਨ ਤੋਂ ਬਾਅਦ ਪਾਕਿਸਤਾਨੀ ਰੱਖਿਆ ਮੰਤਰੀ ਖਵਾਜਾ ਆਸਿਫ਼ ਨੇ ਇਸ ਦਾਅਵੇ ਨੂੰ ਝੂਠਾ ਦੱਸਿਆ ਹੈ। ਏਅਰ ਚੀਫ਼ ਮਾਰਸ਼ਲ ਨੇ ਦੱਸਿਆ ਕਿ ਇਸ ਕਾਰਵਾਈ ਵਿੱਚ ਪੰਜ ਲੜਾਕੂ ਜਹਾਜ਼ ਅਤੇ ਇੱਕ ਵੱਡਾ ਜਹਾਜ਼ ਸ਼ਾਮਲ ਸੀ। ਇਹ ਜਾਣਕਾਰੀ ਸਾਹਮਣੇ ਆਉਣ ਤੋਂ ਬਾਅਦ, ਪਾਕਿਸਤਾਨ ਨੇ ਇਸ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ।
ਖਵਾਜਾ ਆਸਿਫ਼ ਨੇ ਸੋਸ਼ਲ ਮੀਡੀਆ 'ਤੇ ਪੋਸਟ ਕਰਕੇ ਭਾਰਤੀ ਦਾਅਵੇ ਨੂੰ ਗਲਤ ਠਹਿਰਾਇਆ ਅਤੇ ਕਿਹਾ ਕਿ ਭਾਰਤ ਨੇ ਕੋਈ ਵੀ ਪਾਕਿਸਤਾਨੀ ਜਹਾਜ਼ ਨਹੀਂ ਡੇਗਿਆ। ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਨੇ ਤਿੰਨ ਮਹੀਨੇ ਤੱਕ ਅਜਿਹਾ ਕੋਈ ਦਾਅਵਾ ਨਹੀਂ ਕੀਤਾ ਸੀ, ਜਦੋਂ ਕਿ ਉਸ ਸਮੇਂ ਪਾਕਿਸਤਾਨ ਨੇ ਵਿਦੇਸ਼ੀ ਮੀਡੀਆ ਨੂੰ ਵਿਸਤ੍ਰਿਤ ਤਕਨੀਕੀ ਜਾਣਕਾਰੀ ਦਿੱਤੀ ਸੀ।
ਪਾਕਿਸਤਾਨੀ ਰੱਖਿਆ ਮੰਤਰੀ ਨੇ ਭਾਰਤੀ ਹਵਾਈ ਸੈਨਾ ਮੁਖੀ ਦੇ ਬਿਆਨ ਨੂੰ 'ਅਵਿਸ਼ਵਾਸ਼ਯੋਗ ਅਤੇ ਬੇਵਕਤੀ' ਦੱਸਿਆ ਅਤੇ ਦੋਸ਼ ਲਗਾਇਆ ਕਿ ਅਸਲ ਵਿੱਚ ਭਾਰਤ ਨੂੰ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀ। ਉਨ੍ਹਾਂ ਇਹ ਵੀ ਸੁਝਾਅ ਦਿੱਤਾ ਕਿ ਦੋਵੇਂ ਦੇਸ਼ ਸੱਚਾਈ ਨੂੰ ਸਾਹਮਣੇ ਲਿਆਉਣ ਲਈ ਆਪਣੇ ਜਹਾਜ਼ਾਂ ਨੂੰ ਸੁਤੰਤਰ ਜਾਂਚ ਲਈ ਖੋਲ੍ਹਣ। ਇਸ ਤੋਂ ਇਲਾਵਾ, ਉਨ੍ਹਾਂ ਨੇ ਭਾਰਤ ਨੂੰ ਧਮਕੀ ਦਿੱਤੀ ਕਿ ਜੇਕਰ ਪਾਕਿਸਤਾਨ ਦੀ ਖੇਤਰੀ ਅਖੰਡਤਾ ਦਾ ਉਲੰਘਣ ਹੁੰਦਾ ਹੈ, ਤਾਂ ਇਸ ਦਾ ਜਵਾਬ ਤੁਰੰਤ ਅਤੇ ਯਕੀਨੀ ਤੌਰ 'ਤੇ ਦਿੱਤਾ ਜਾਵੇਗਾ।
ਇਹ 'ਆਪ੍ਰੇਸ਼ਨ ਸਿੰਦੂਰ' ਅਪ੍ਰੈਲ ਵਿੱਚ ਪਹਿਲਗਾਮ ਵਿਖੇ ਹੋਏ ਅੱਤਵਾਦੀ ਹਮਲੇ ਦੇ ਜਵਾਬ ਵਿੱਚ 7 ਮਈ ਨੂੰ ਸ਼ੁਰੂ ਕੀਤਾ ਗਿਆ ਸੀ, ਜਿਸ ਵਿੱਚ 26 ਲੋਕ ਮਾਰੇ ਗਏ ਸਨ। ਇਸ ਤੋਂ ਪਹਿਲਾਂ ਵੀ ਮਈ ਵਿੱਚ ਹੋਈ ਕਾਰਵਾਈ ਦੌਰਾਨ ਭਾਰਤ ਨੇ ਪਾਕਿਸਤਾਨ ਨੂੰ ਵੱਡਾ ਨੁਕਸਾਨ ਪਹੁੰਚਾਇਆ ਸੀ। ਇਸ ਵਿੱਚ 100 ਤੋਂ ਵੱਧ ਅੱਤਵਾਦੀ ਮਾਰੇ ਗਏ ਸਨ ਅਤੇ ਕਈ ਏਅਰਬੇਸ ਨਸ਼ਟ ਹੋ ਗਏ ਸਨ। ਇਸੇ ਕਰਕੇ ਪਾਕਿਸਤਾਨ ਦੇ ਰਹੀਮਯਾਰ ਖਾਨ ਏਅਰਬੇਸ ਵਰਗੇ ਕਈ ਟਿਕਾਣੇ ਅਜੇ ਵੀ ਕੰਮ ਨਹੀਂ ਕਰ ਰਹੇ ਹਨ। ਅਜਿਹੇ ਨੁਕਸਾਨ ਤੋਂ ਬਾਅਦ ਵੀ, ਪਾਕਿਸਤਾਨ ਅੰਤਰਰਾਸ਼ਟਰੀ ਪੱਧਰ 'ਤੇ ਲਗਾਤਾਰ ਝੂਠਾ ਪ੍ਰਚਾਰ ਕਰ ਰਿਹਾ ਹੈ।
'Operation Sindoor': Also read Pakistan's response to the claim of downing of 6 planes