ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਲੋਇਸਵਿਲੇ, ਕੈਂਟੁਕੀ ਵਿਚ ਭਾਰਤੀ ਮੂਲ ਦੇ ਕਾਰੋਬਾਰੀ ਕੌਸ਼ਲ ਕੁਮਾਰ ਪਟੇਲ (40) ਨੂੰ ਇਕ ਸ਼ੱਕੀ ਵਿਅਕਤੀ ਜੋ ਉਸ ਦੇ ਸਟੋਰ ਤੋਂ ਚੋਰੀ ਕਰਕੇ ਭੱਜ ਗਿਆ ਸੀ, ਉਪਰ ਹਮਲਾ ਕਰਨ ਤੇ ਉਸ ਨੂੰ ਅਗਵਾ ਕਰਨ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਕੀਤੇ ਜਾਣ ਦੀ ਖਬਰ ਹੈ। ਅਧਿਕਾਰੀਆਂ ਦਾ ਦੋਸ਼ ਹੈ ਕਿ ਪਟੇਲ ਤੇ ਹੋਰਨਾਂ ਨੇ ਸ਼ੱਕੀ ਵਿਅਕਤੀ ਜੋ ਕਥਿੱਤ ਤੌਰ 'ਤੇ ਸਟੋਰ ਤੋਂ ਟੇਪ ਪੈਨਸਿਲਾਂ ਦਾ ਡੱਬਾ ਚੋਰੀ ਕਰਕੇ ਭੱਜ ਗਿਆ ਸੀ, ਦਾ ਪਿੱਛਾ ਕੀਤਾ। ਪੁਲਿਸ ਅਨੁਸਾਰ ਪਟੇਲ ਤੇ ਹੋਰਨਾਂ ਨੇ ਸ਼ੱਕੀ ਨੂੰ ਆਪਣੀ ਕਾਰ ਵਿਚ ਅਗਵਾ ਕਰਨ ਤੋਂ ਪਹਿਲਾਂ ਉਸ ਉਪਰ ਮਿਰਚਾਂ ਦਾ ਸਪਰੇਅ ਕੀਤਾ। ਬਾਅਦ ਵਿਚ ਉਹ ਸ਼ੱਕੀ ਨੂੰ ਇਕ ਗੈਰਾਜ ਵਿਚ ਲੈ ਗਏ ਜਿਥੇ ਉਸ ਦੀ ਕੁੱਟਮਾਰ ਕੀਤੀ। ਉਸ ਦੇ ਘਸੁੰਨ ਮਾਰੇ ਗਏ ਤੇ ਉਸ ਉਪਰ ਇਕ ਡੰਡੇ ਨਾਲ ਵੀ ਵਾਰ ਕੀਤਾ ਗਿਆ। ਬਾਅਦ ਵਿਚ ਸ਼ੱਕੀ ਨੂੰ ਲੀ ਸਟਰੀਟ ਵਿਚ ਛੱਡ ਦਿੱਤਾ ਜਿਥੋਂ ਉਸ ਦੀ ਮਾਂ ਉਸ ਨੂੰ ਹਸਪਤਾਲ ਲੈ ਕੇ ਗਈ। ਲੋਇਸਵਿਲੇ ਮੈਟਰੋ ਬੰਦੀ ਕੇਂਦਰ ਵਿਚ ਰਖੇ ਪਟੇਲ ਨੇ ਇਨਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ।