ਮੈ ਦੋਸ਼ੀ ਨਹੀਂ ਹੈ, ਅਜੇ ਵੀ ਰਾਸ਼ਟਰਪਤੀ ਹਾਂ- Nicolás Maduro

ਇਸ ਸਰਵੇ ਵਿੱਚ 72% ਅਮਰੀਕੀਆਂ ਨੇ ਅਮਰੀਕਾ ਵੱਲੋਂ ਦੱਖਣੀ ਅਮਰੀਕੀ ਦੇਸ਼ ਨਾਲ ਉਲਝ ਜਾਣ 'ਤੇ ਚਿੰਤਾ ਪ੍ਰਗਟ ਕੀਤੀ ਹੈ। ਸਰਵੇ ਵਿੱਚ ਰਾਸ਼ਟਰਪਤੀ ਦੀ ਪ੍ਰਵਾਨਗੀ ਦਰ

By :  Gill
Update: 2026-01-07 03:31 GMT

3 ਵਿੱਚੋਂ 1 ਅਮਰੀਕੀ ਵੱਲੋਂ ਟਰੰਪ ਦੀ ਕਾਰਵਾਈ ਦਾ ਸਮਰਥਨ

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਆਦੇਸ਼ 'ਤੇ ਅਮਰੀਕੀ ਫੌਜ ਵੱਲੋਂ ਵੈਨੇਜ਼ੁਏਲਾ ਉਪਰ ਹਮਲਾ ਕਰਕੇ ਹਿਰਾਸਤ ਵਿੱਚ ਲਏ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੂੰ ਮੈਨਹਟਨ ਦੀ ਇੱਕ ਸੰਘੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿਥੇ ਉਸ ਨੇ ਦੋਸ਼ੀ ਵਜੋਂ ਦਰਖਾਸਤ ਦਾਇਰ ਕਰਨ ਤੋਂ ਨਾਂਹ ਕਰ ਦਿੱਤੀ। ਉਨਾਂ ਸੰਘੀ ਅਦਾਲਤ ਦੇ ਜੱਜ ਨੂੰ ਕਿਹਾ ਕਿ ਉਹ ਦੋਸ਼ੀ ਨਹੀਂ ਹੈ ਤੇ ਉਹ ਅਜੇ ਵੀ ਆਪਣੇ ਦੇਸ਼ ਦਾ ਰਾਸ਼ਟਰਪਤੀ ਹੈ। ਮਾਦੁਰੋ ਜਿਸ ਨੇ ਇੱਕ ਕੈਦੀ ਵਾਲੀ ਵਰਦੀ ਪਾਈ ਹੋਈ ਸੀ, ਨੂੰ ਯੂ ਐਸ ਡਿਸਟ੍ਰਿਕਟ ਜੱਜ ਐਲਵਿਨ ਹੈਲਰਸਟੀਨ ਅੱਗੇ ਪੇਸ਼ ਕੀਤਾ ਗਿਆ।

ਮਾਦੁਰੋ ਨੇ ਦੁਭਾਈਸ਼ੇ ਰਾਹੀਂ ਆਪਣੇ ਬਿਆਨ ਵਿੱਚ ਕਿਹਾ ਕਿ ਮੈ ਨਿਰਦੋਸ਼ ਹਾਂ, ਮੈ ਦੋਸ਼ੀ ਨਹੀਂ ਹਾਂ, ਮੈ ਇੱਕ ਜਿੰਮੇਵਾਰ ਵਿਅਕਤੀ ਹਾਂ ਤੇ ਅਜੇ ਵੀ ਵੈਨੇਜ਼ੁਏਲਾ ਦਾ ਰਾਸ਼ਟਰਪਤੀ ਹਾਂ। ਮਾਦੁਰੋ ਦੀ ਪਤਨੀ ਸਿਲੀਆ ਫਲੋਰਸ ਨੇ ਵੀ ਦੋਸ਼ ਮੰਨਣ ਤੋਂ ਇਨਕਾਰ ਕਰ ਦਿੱਤਾ ਤੇ ਦੋਸ਼ੀ ਵਜੋਂ ਅਪੀਲ ਦਾਇਰ ਨਹੀਂ ਕੀਤੀ। ਜੱਜ ਨੇ ਅਗਲੀ ਸੁਣਵਾਈ 17 ਮਾਰਚ 'ਤੇ ਪਾਉਂਦਿਆਂ ਮਾਦੁਰੋ ਨੂੰ ਹਿਰਾਸਤ ਵਿੱਚ ਰੱਖਣ ਦਾ ਆਦੇਸ਼ ਦਿੱਤਾ। ਮਾਦੁਰੋ ਨੂੰ ਬਰੁੱਕਲਿਨ ਦੀ ਸੰਘੀ ਜੇਲ ਵਿੱਚੋਂ ਸੰਘੀ ਅਦਾਲਤ ਵਿੱਚ ਪੇਸ਼ ਕਰਨ ਲਈ ਮੈਨਹਟਨ ਲਿਆਂਦਾ ਗਿਆ। ਇਸ ਮੌਕੇੇ ਮਾਦੁਰੋ ਦੇ ਸਮਰਥਕ ਤੇ ਵਿਰੋਧੀ ਵੀ ਮੌਜੂਦ ਸਨ ਜਿਨਾਂ ਨੇ ਝੰਡੇ ਲਹਿਰਾ ਕੇ ਆਪਣੇ-ਆਪਣੇ ਢੰਗ ਨਾਲ ਪ੍ਰਦਰਸ਼ਨ ਕੀਤਾ। ਮੁਦਾਰੋ ਤੇ ਫਲੋਰਸ ਵਿਰੁੱਧ ਡਰੱਗ ਦਹਿਸ਼ਤਵਾਦ ਨਾਲ ਸਬੰਧਤ ਦੋਸ਼ ਲਾਏ ਗਏ ਹਨ।

3 ਵਿਚੋਂ 1 ਅਮਰੀਕੀ ਟਰੰਪ ਦੇ ਹੱਕ ਵਿੱਚ---

ਇਸੇ ਦੌਰਾਨ ਇਕ ਤਾਜ਼ਾ ਸਰਵੇਖਣ ਵਿੱਚ 3 ਵਿਚੋਂ ਇੱਕ ਅਮਰੀਕੀ ਨੇੇ ਰਾਸ਼ਟਰਪਤੀ ਟਰੰਪ ਦੀ ਵੈਨੇਜ਼ੁਏਲਾ ਵਿਰੁੱਧ ਕਾਰਵਾਈ ਦਾ ਸਮਰਥਨ ਕੀਤਾ ਹੈ। ਇਹ ਸਰਵੇ ਰਾਈਟਰ ਤੇ ਇਪਸੋਸ ਵੱਲੋਂ ਕਰਵਾਇਆ ਗਿਆ ਜੋ 5 ਜਨਵਰੀ ਨੂੰ ਜਾਰੀ ਕੀਤਾ ਗਿਆ ਹੈ। ਇਸ ਸਰਵੇ ਵਿੱਚ 72% ਅਮਰੀਕੀਆਂ ਨੇ ਅਮਰੀਕਾ ਵੱਲੋਂ ਦੱਖਣੀ ਅਮਰੀਕੀ ਦੇਸ਼ ਨਾਲ ਉਲਝ ਜਾਣ 'ਤੇ ਚਿੰਤਾ ਪ੍ਰਗਟ ਕੀਤੀ ਹੈ। ਸਰਵੇ ਵਿੱਚ ਰਾਸ਼ਟਰਪਤੀ ਦੀ ਪ੍ਰਵਾਨਗੀ ਦਰ 42% ਰਹੀ। 65% ਰਿਪਬਲੀਕਨਾਂ ਨੇ ਫੌਜੀ ਕਾਰਵਾਈ ਦਾ ਸਮਰਥਨ ਕੀਤਾ , 11% ਡੈਮੋਕਰੈਟਸ ਤੇ 23% ਆਜ਼ਾਦ ਲੋਕਾਂ ਨੇ ਵੀ ਫੌਜੀ ਕਾਰਵਾਈ ਨੂੰ ਠੀਕ ਕਿਹਾ।

Tags:    

Similar News