Canada ’ਚੋਂ ਲੱਖਾਂ ਪ੍ਰਵਾਸੀ ਹੋਣਗੇ deport!

ਕੈਨੇਡਾ ਵਿਚੋਂ ਲੱਖਾਂ ਵਿਦੇਸ਼ੀ ਨਾਗਰਿਕਾਂ ਨੂੰ ਕੱਢਣ ਦਾ ਮਸਲਾ ਸੰਸਦ ਵਿਚ ਗੂੰਜਿਆ ਜਦੋਂ ਰਫ਼ਿਊਜੀਆਂ ਨੂੰ ਸਿਹਤ ਸਹੂਲਤਾਂ ਦੇ ਮੁੱਦੇ ’ਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਵਿਰੋਧੀ ਧਿਰ ਦੇ ਆਗੂ ਪਿਅਰੇ ਪੌਇਲੀਐਵ ਦਰਮਿਆਨ ਤਿੱਖੀ ਬਹਿਸ ਦੇਖਣ ਨੂੰ ਮਿਲੀ

Update: 2026-02-25 13:21 GMT

ਔਟਵਾ : ਕੈਨੇਡਾ ਵਿਚੋਂ ਲੱਖਾਂ ਵਿਦੇਸ਼ੀ ਨਾਗਰਿਕਾਂ ਨੂੰ ਕੱਢਣ ਦਾ ਮਸਲਾ ਸੰਸਦ ਵਿਚ ਗੂੰਜਿਆ ਜਦੋਂ ਰਫ਼ਿਊਜੀਆਂ ਨੂੰ ਸਿਹਤ ਸਹੂਲਤਾਂ ਦੇ ਮੁੱਦੇ ’ਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਵਿਰੋਧੀ ਧਿਰ ਦੇ ਆਗੂ ਪਿਅਰੇ ਪੌਇਲੀਐਵ ਦਰਮਿਆਨ ਤਿੱਖੀ ਬਹਿਸ ਦੇਖਣ ਨੂੰ ਮਿਲੀ। ਇੰਮੀਗ੍ਰੇਸ਼ਨ ਅਤੇ ਹੈਲਥ ਕੇਅਰ ਬਾਰੇ ਵਿਰੋਧੀ ਧਿਰ ਵੱਲੋਂ ਉਠਾਏ ਸਵਾਲਾਂ ਦੇ ਜਵਾਬ ਵਿਚ ਪ੍ਰਧਾਨ ਮੰਤਰੀ ਨੇ ਦਾਅਵਾ ਕਿ ਨਵੇਂ ਅਸਾਇਲਮ ਕਲੇਮਜ਼ ਦੀ ਗਿਣਤੀ ਵਿਚ ਇਕ ਤਿਹਾਈ ਕਮੀ ਆਈ ਹੈ ਜਦਕਿ ਕੌਮਾਂਤਰੀ ਵਿਦਿਆਰਥੀਆਂ ਦੇ ਵੀਜ਼ਿਆਂ ਵਿਚ 60 ਫ਼ੀ ਸਦੀ ਕਟੌਤੀ ਕੀਤੀ ਜਾ ਚੁੱਕੀ ਹੈ। ਸਿਰਫ਼ ਐਨਾ ਹੀ ਨਹੀਂ, ਆਰਜ਼ੀ ਵਿਦੇਸ਼ੀ ਕਾਮਿਆਂ ਦੀ ਗਿਣਤੀ 50 ਫ਼ੀ ਸਦੀ ਘਟਾਈ ਜਾ ਚੁੱਕੀ ਹੈ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਤਕਰੀਬਨ ਇਕ ਸਾਲ ਮੁਕੰਮਲ ਕਰ ਰਹੀ ਹੈ ਅਤੇ ਇਸ ਦੌਰਾਨ ਇੰਮੀਗ੍ਰੇਸ਼ਨ ਪੂਰੀ ਤਰ੍ਹਾਂ ਕੰਟਰੋਲ ਹੇਠ ਲਿਆਂਦੀ ਗਈ।

ਪ੍ਰਧਾਨ ਮੰਤਰੀ ਅਤੇ ਵਿਰੋਧੀ ਧਿਰ ਵਿਚਾਲੇ ਤਿੱਖੀ ਬਹਿਸ

ਦੂਜੇ ਪਾਸੇ ਕੰਜ਼ਰਵੇਟਿਵ ਪਾਰਟੀ ਦੇ ਆਗੂ ਨੇ ਦਾਅਵਾ ਕੀਤਾ ਕਿ ਸਾਲ 2020 ਦੌਰਾਨ ਸਿਰਫ਼ 19 ਹਜ਼ਾਰ ਅਸਾਇਲਮ ਕਲੇਮ ਦਾਖਲ ਹੋਏ ਪਰ 2024 ਵਿਚ ਅੰਕੜਾ 1 ਲੱਖ 90 ਹਜ਼ਾਰ ਤੋਂ ਟੱਪ ਗਿਆ ਅਤੇ ਇਸ ਵੇਲੇ ਰਫ਼ਿਊਜੀ ਬੋਰਡ ਕੋਲ 3 ਲੱਖ ਤੋਂ ਵੱਧ ਪਨਾਹ ਦੇ ਦਾਅਵਿਆਂ ਦਾ ਬੈਕਲਾਗ ਮੌਜੂਦ ਹੈ। ਪੌਇਲੀਐਵ ਨੇ ਪੁਰਜ਼ੋਰ ਆਵਾਜ਼ ਵਿਚ ਕਿਹਾ ਕਿ ਰਫ਼ਿਊਜੀ ਦਾ ਦਾਅਵਾ ਰੱਦ ਹੋਣ ਦੇ ਬਾਵਜੂਦ ਅਜਿਹੇ ਵਿਦੇਸ਼ੀ ਨਾਗਰਿਕਾਂ ਨੂੰ ਮਿਲ ਰਹੀਆਂ ਸਿਹਤ ਸਹੂਲਤਾਂ ਤੁਰਤ ਬੰਦ ਹੋਣੀਆਂ ਚਾਹੀਦੀਆਂ ਹਨ। ਇਸੇ ਦੌਰਾਨ ਇੰਮੀਗ੍ਰੇਸ਼ਨ ਮੰਤਰੀ ਲੀਨਾ ਡਿਆਬ ਮੈਦਾਨ ਵਿਚ ਨਿੱਤਰ ਆਏ ਅਤੇ ਦਲੀਲ ਦਿਤੀ ਕਿ ਬਿਲ ਸੀ-12 ਹਾਊਸ ਆਫ਼ ਕਾਮਨਜ਼ ਵਿਚ ਪਾਸ ਕਰ ਦਿਤਾ ਗਿਆ ਹੈ ਅਤੇ ਸੈਨੇਟ ਤੋਂ ਪ੍ਰਵਾਨਗੀ ਮਿਲਦਿਆਂ ਹੀ ਇਸ ਨੂੰ ਲਾਗੂ ਕਰ ਦਿਤਾ ਜਾਵੇਗਾ। ਇਹ ਕਾਨੂੰਨ ਫ਼ੈਡਰਲ ਸਰਕਾਰ ਨੂੰ ਗੈਰਜ਼ਰੂਰੀ ਅਸਾਇਲਮ ਕਲੇਮ ਸਿੱਧੇ ਤੌਰ ’ਤੇ ਰੱਦ ਕਰਨ ਦੀਆਂ ਤਾਕਤਾਂ ਮੁਹੱਈਆ ਕਰਵਾਉਂਦਾ ਹੈ। ਦੱਸ ਦੇਈਏ ਕਿ ਕੰਜ਼ਰਵੇਟਿਵ ਪਾਰਟੀ ਨੇ ਅੰਤਰਮ ਫ਼ੈਡਰਲ ਹੈਲਥ ਪ੍ਰੋਗਰਾਮ ਤਹਿਤ ਰਫ਼ਿਊਜੀਆਂ ਨੂੰ ਦਿਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਦਾ ਮੁੱਦਾ ਸੰਸਦ ਵਿਚ ਚੁੱਕਿਆ ਅਤੇ ਦਾਅਵਾ ਕੀਤਾ ਕਿ ਸਾਲ 2025-26 ਦੌਰਾਨ 900 ਮਿਲੀਅਨ ਡਾਲਰ ਇਸ ਯੋਜਨਾ ’ਤੇ ਖਰਚ ਹੋਣਗੇ। ਵਿਰੋਧੀ ਧਿਰ ਚਾਹੁੰਦੀ ਹੈ ਕਿ ਅਸਾਇਲਮ ਕਲੇਮ ਰੱਦ ਹੋਣ ਵਾਲਿਆਂ ਨੂੰ ਸਿਹਤ ਸਹੂਲਤਾਂ ਦੇ ਹੱਕ ਤੋਂ ਵਾਂਝਾ ਕੀਤਾ ਜਾਵੇ। ਉਧਰ, ਪਾਰਲੀਮਾਨੀ ਬਜਟ ਅਫ਼ਸਰ ਵੱਲੋਂ ਹਾਲ ਹੀ ਵਿਚ ਪੇਸ਼ ਰਿਪੋਰਟ ਮੁਤਾਬਕ 2020-21 ਤੋਂ 2024-25 ਦਰਮਿਆਨ ਅੰਤਰਮ ਫ਼ੈਡਰਲ ਹੈਲਥ ਪ੍ਰੋਗਰਾਮ ਤਹਿਤ ਖਰਚ ਕੀਤੀ ਜਾ ਰਹੀ ਰਕਮ 211 ਮਿਲੀਅਨ ਡਾਲਰ ਤੋਂ ਵਧ ਕੇ 896 ਮਿਲੀਅਨ ਡਾਲਰ ਹੋ ਗਈ। ਰਿਪੋਰਟ ਵਿਚ ਕੀਤੀ ਪੇਸ਼ੀਨਗੋਈ ਮੁਤਾਬਕ 2029-30 ਤੱਕ ਇਸ ਯੋਜਨਾ ਅਧੀਨ ਸਾਲਾਨਾ ਖਰਚਾ ਡੇਢ ਅਰਬ ਤੋਂ ਟੱਪ ਸਕਦਾ ਹੈ।

ਇਲਾਜ ਨਾ ਮਿਲਿਆ ਤਾਂ ਆਪੇ ਵਾਪਸ ਚਲੇ ਜਾਣਗੇ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਵਿਰੋਧੀ ਧਿਰ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਇਹ ਵੀ ਆਖ ਦਿਤਾ ਕਿ ਕੈਨਡਾ ਵਿਚ ਮੌਜੂਦ ਹਰ ਸ਼ਖਸ ਨੂੰ ਹੈਲਥ ਕੇਅਰ ਸਹੂਲਤਾਂ ਦਾ ਹੱਕ ਹੈ ਅਤੇ ਸਾਡਾ ਮੁਲਕ ਅਮਰੀਕਾ ਵਰਗਾ ਬਿਲਕੁਲ ਨਹੀਂ। ਸੱਤਾਧਾਰੀ ਅਤੇ ਵਿਰੋਧੀ ਧਿਰ ਵਿਚਾਲੇ ਚੱਲ ਰਹੀ ਬਹਿਸ ਨੂੰ ਇਕ ਪਾਸੇ ਰਖਦਿਆਂ ਐਨ.ਡੀ.ਪੀ. ਦੀ ਐਮ.ਪੀ. ਜੈਨੀ ਕਵੈਨ ਨੇ ਕਿਹਾ ਕਿ ਅੰਤਰਮ ਫ਼ੈਡਰਲ ਹੈਲਥ ਪ੍ਰੋਗਰਾਮ ਦਾ ਖਰਚਾ ਵਧਣ ਦਾ ਅਸਲ ਕਾਰਨ ਰਫ਼ਿਊਜੀ ਕੇਸਾਂ ਦਾ ਬੈਕਲਾਗ ਹੈ। ਉਨ੍ਹਾਂ ਦਲੀਲ ਦਿਤੀ ਕਿ ਇਹ ਪ੍ਰਸ਼ਾਸਕੀ ਸਮੱਸਿਆ ਹੈ ਅਤੇ ਪਨਾਹ ਦੇ ਦਾਅਵਿਆਂ ਦਾ ਸਮੇਂ ਸਿਰ ਨਿਪਟਾਰਾ ਕਰਦਿਆਂ ਖ਼ਰਚਾ ਘਟਾਇਆ ਜਾ ਸਕਦਾ ਹੈ। ਚੇਤੇ ਰਹੇ ਕਿ ਸਟੀਫ਼ਨ ਹਾਰਪਰ ਦੀ ਸਰਕਾਰ ਵੇਲੇ ਰਫ਼ਿਊਜੀਆਂ ਤੋਂ ਹੈਲਥ ਕੇਅਰ ਦਾ ਹੱਕ ਖੋਹ ਲਿਆ ਗਿਆ ਪਰ ਅਦਾਲਤੀ ਲੜਾਈ ਵਿਚ ਸਰਕਾਰ ਦੀ ਹਾਰ ਹੋਈ। ਕੈਨੇਡੀਅਨ ਕੌਂਸਲ ਫ਼ੌਰ ਰਫ਼ਿਊਜੀਜ਼ ਦੀ ਕਾਰਜਕਾਰੀ ਡਾਇਰੈਕਟਰ ਗੌਰੀ ਸ੍ਰੀਨਿਵਾਸਨ ਨੇ ਕਿਹਾ ਕਿ ਕੰਜ਼ਰਵੇਟਿਵ ਪਾਰਟੀ ਵੱਲੋਂ ਲਿਆਂਦਾ ਮਤਾ ਡੂੰਘੀਆਂ ਚਿੰਤਾਵਾਂ ਪੈਦਾ ਕਰਦਾ ਹੈ। ਅਜਿਹੇ ਹਥਕੰਡਿਆਂ ਨੂੰ ਅਦਾਲਤ ਪਹਿਲਾਂ ਵੀ ਰੱਦ ਕਰ ਚੁੱਕੀ ਹੈ ਅਤੇ ਕੈਨੇਡੀਅਨਜ਼ ਨੂੰ ਵੀ ਇਹ ਗੱਲਾਂ ਬਿਲਕੁਲ ਪਸੰਦ ਨਹੀਂ।

Tags:    

Similar News