Canada ਦੇ 75000 immigrants ਨੇ ਘੇਰੀ ਸਰਕਾਰ
ਕੈਨੇਡਾ ਵਿਚ ਬੰਧੂਆ ਮਜ਼ਦੂਰਾਂ ਵਰਗੇ ਹਾਲਾਤ ਵਿਚੋਂ ਲੰਘੇ 75 ਹਜ਼ਾਰ ਮੌਜੂਦਾ ਅਤੇ ਸਾਬਕਾ ਕਾਮਿਆਂ ਵੱਲੋਂ ਫੈਡਰਲ ਸਰਕਾਰ ਵਿਰੁੱਧ 550 ਮਿਲੀਅਨ ਡਾਲਰ ਹਰਜਾਨੇ ਦੇ ਮੁਕੱਦਮੇ ਨੂੰ ਹਰੀ ਝੰਡੀ ਮਿਲ ਗਈ ਹੈ
ਟੋਰਾਂਟੋ : ਕੈਨੇਡਾ ਵਿਚ ਬੰਧੂਆ ਮਜ਼ਦੂਰਾਂ ਵਰਗੇ ਹਾਲਾਤ ਵਿਚੋਂ ਲੰਘੇ 75 ਹਜ਼ਾਰ ਮੌਜੂਦਾ ਅਤੇ ਸਾਬਕਾ ਕਾਮਿਆਂ ਵੱਲੋਂ ਫੈਡਰਲ ਸਰਕਾਰ ਵਿਰੁੱਧ 550 ਮਿਲੀਅਨ ਡਾਲਰ ਹਰਜਾਨੇ ਦੇ ਮੁਕੱਦਮੇ ਨੂੰ ਹਰੀ ਝੰਡੀ ਮਿਲ ਗਈ ਹੈ। ਜੀ ਹਾਂ, ਮੁਕੱਦਮੇ ਵਿਚ ਦੋਸ਼ ਲਾਇਆ ਗਿਆ ਹੈ ਕਿ ਕੰਮ ਦੌਰਾਨ ਨਾ ਸਿਰਫ਼ ਨਸਲ ਦੇ ਆਧਾਰ ’ਤੇ ਵਿਤਕਰਾ ਹੋਇਆ ਸਗੋਂ ਇਕ ਇੰਪਲੌਇਰ ਨਾਲ ਬੰਨ੍ਹ ਕੇ ਨਿਗੂਣੀਆਂ ਤਨਖਾਹਾਂ ’ਤੇ ਕੰਮ ਕਰਨ ਲਈ ਮਜਬੂਰ ਕੀਤਾ ਗਿਆ। ਉਨਟਾਰੀਓ ਦੀ ਸੁਪੀਰੀਅਰ ਕੋਰਟ ਤੋਂ ਪ੍ਰਵਾਨਗੀ ਹਾਸਲ ਕਰਨ ਵਾਲੇ ਮੁਕੱਦਮੇ ਵਿਚ ਲੱਗੇ ਦੋਸ਼ਾਂ ਮੁਤਾਬਕ ਕਿਰਤੀਆਂ ਤੋਂ ਜ਼ਬਰਦਸਤੀ ਰੁਜ਼ਗਾਰ ਬੀਮੇ ਦੇ ਪ੍ਰੀਮੀਅਮ ਭਰਵਾਏ ਗਏ ਜਦਕਿ ਸੀਜ਼ਨਲ ਐਗਰੀਕਲਚਰਲ ਫ਼ਾਰਮ ਵਰਕਰ ਪ੍ਰੋਗਰਾਮ ਅਧੀਨ ਰੁਜ਼ਗਾਰ ਬੀਮੇ ਦਾ ਲਾਭ ਕਿਰਤੀਆਂ ਨੂੰ ਨਹੀਂ ਮਿਲਦਾ। ਮੁਕੱਦਮੇ ਵਿਚ 1 ਜਨਵਰੀ 2008 ਤੋਂ ਬਾਅਦ ਖੇਤੀ ਕਾਮੇ ਵਜੋਂ ਕੈਨੇਡਾ ਪੁੱਜੇ ਹਰ ਕਿਰਤੀ ਨੂੰ ਸ਼ਾਮਲ ਕਰਨ ਦਾ ਯਤਨ ਕੀਤਾ ਗਿਆ ਹੈ ਅਤੇ ਫੈਡਰਲ ਸਰਕਾਰ ਦੇ ਅੰਕੜਿਆਂ ਮੁਤਾਬਕ 74,785 ਕਾਮਿਆਂ ਦੀ ਸੂਚੀ ਤਿਆਰ ਕੀਤੀ ਗਈ ਹੈ।
550 ਮਿਲੀਅਨ ਡਾਲਰ ਦਾ ਹਰਜਾਨਾ ਮੰਗਿਆ
ਸੁਪੀਰੀਅਰ ਕੋਰਟ ਦੇ ਜੱਜ ਐਡਵਰਡ ਐਮ. ਮੌਰਗਨ ਨੇ 25 ਸਫ਼ਿਆਂ ਦੇ ਫ਼ੈਸਲੇ ਵਿਚ ਕਿਹਾ ਕਿ ਮੁਦਈ ਧਿਰ ਵੱਲੋਂ ਉਠਾਏ ਗਏ ਮਸਲੇ ਆਪਣੇ ਆਪ ਵਿਚ ਬੇਹੱਦ ਗੰਭੀਰ ਅਤੇ ਕਿਰਤੀਆਂ ਦੀ ਬਦਤਰ ਹਾਲਤ ਦਾ ਦੋਸ਼ ਲਾਉਂਦੇ ਹਨ। ਮਿਸਾਲ ਵਜੋਂ ਰੁਜ਼ਗਾਰ ਬੀਮੇ ਦੇ ਪ੍ਰੀਮੀਅਮ ਦੀ ਅਦਾਇਗੀ ਨੂੰ ਲਿਆ ਜਾ ਸਕਦਾ ਹੈ ਕਿਉਂਕਿ ਫ਼ੈਡਰਲ ਸਰਕਾਰ ਦੇ ਨਿਯਮਾਂ ਮੁਤਾਬਕ ਸੀਜ਼ਨਲ ਵਰਕਰ ਰੁਜ਼ਗਾਰ ਬੀਮੇ ਦੇ ਘੇਰੇ ਵਿਚ ਨਹੀਂ ਆਉਂਦੇ। ਅਦਾਲਤ ਨੇ ਮੁਕੱਦਮੇ ਵਿਚ ਸ਼ਾਮਲ ਸਾਰੀਆਂ ਧਿਰਾਂ ਨੂੰ ਆਪੋ ਆਪਣੀਆਂ ਦਲੀਲਾਂ ਪੇਸ਼ ਕਰਨ ਦੀ ਹਦਾਇਤ ਦਿਤੀ ਹੈ। 550 ਮਿਲੀਅਨ ਡਾਲਰ ਹਰਜਾਨੇ ਦਾ ਮੁਕੱਦਮਾ ਅਜਿਹੇ ਵੇਲੇ ਸ਼ੁਰੂ ਹੋ ਰਿਹਾ ਹੈ ਜਦੋਂ ਹਾਲ ਹੀ ਵਿਚ ਕਿਊਬੈਕ ਦੀ ਸੁਪੀਰੀਅਰ ਅਦਾਲਤ ਨੇ ਸੈਂਕੜੇ ਪ੍ਰਵਾਸੀਆਂ ਨਾਲ ਠੱਗੀ ਦੇ ਮਾਮਲੇ ਵਿਚ 21 ਲੱਖ ਡਾਲਰ ਹਰਜਾਨਾ ਅਦਾ ਕਰਨ ਦੇ ਹੁਕਮ ਦਿਤੇ। ਇੰਮੀਗ੍ਰੈਂਟ ਵਰਕਰਜ਼ ਸੈਂਟਰ ਵੱਲੋਂ ਦਾਇਰ ਮੁਕੱਦਮੇ ਵਿਚ ਕਈ ਇੰਮੀਗ੍ਰੇਸ਼ਨ ਫ਼ਰਮਾਂ ਘਿਰੀਆਂ ਜਿਨ੍ਹਾਂ ਨੇ ਸੈਂਕੜੇ ਪ੍ਰਵਾਸੀਆਂ ਨੂੰ ਵਰਕ ਪਰਮਿਟ ਦਿਵਾਉਣ ਦਾ ਲਾਰਾ ਲਾ ਕੇ ਠੱਗਿਆ। ਮੁਕੱਦਮੇ ਵਿਚ ਕਿਊਬੈਕ ਦੇ ਚਾਰਟਰ ਆਫ਼ ਹਿਊਮਨ ਰਾਈਟਸ ਐਂਡ ਫ਼ਰੀਡਮਜ਼ ਤੋਂ ਇਲਾਵਾ ਸਿਵਲ ਕੋਡ ਦਾ ਹਵਾਲਾ ਦਿੰਦਿਆਂ ਹਰਜਾਨਾ ਮੰਗਿਆ ਗਿਆ। ਵੱਡੇ ਪੱਧਰ ’ਤੇ ਠੱਗੀ ਦੇ ਮਾਮਲੇ ਵਿਚ ਬਗੈਰ ਜਾਇਜ਼ ਵਰਕ ਪਰਮਿਟ ਤੋਂ ਵੱਡੀ ਗਿਣਤੀ ਵਿਚ ਪ੍ਰਵਾਸੀਆਂ ਤੋਂ ਮੌਂਟਰੀਅਲ ਦੀਆਂ ਪ੍ਰੋਡਕਸ਼ਨ ਯੂਨਿਟਸ ਵਿਚ ਕੰਮ ਕਰਵਾਉਣ ਦੇ ਦੋਸ਼ ਸਾਬਤ ਹੋ ਗਏ।
ਬੰਧੂਆ ਮਜ਼ਦੂਰਾਂ ਵਾਂਗ ਕੰਮ ਕਰਵਾਉਣ ਦੇ ਦੋਸ਼
ਬਚਾਅ ਧਿਰ ਨੇ ਮੁਕੱਦਮੇ ਦੀ ਸੁਣਵਾਈ ਦੌਰਾਨ 23 ਲੱਖ ਡਾਲਰ ਦੀ ਅਦਾਇਗੀ ਬਾਰੇ ਸਹਿਮਤੀ ਦੇ ਦਿਤੀ ਅਤੇ ਕੁਝ ਅਦਾਇਗੀਆਂ ਨੂੰ ਇਸ ਵਿਚੋਂ ਵੱਖ ਕਰਦਿਆਂ ਕੁਲ ਰਕਮ 21 ਲੱਖ ਡਾਲਰ ਤੈਅ ਕੀਤੀ ਗਈ। ਠੱਗੀ ਦੇ ਸ਼ਿਕਾਰ ਕਿਰਤੀਆਂ ਦੀ ਗਿਣਤੀ 300 ਤੋਂ 400 ਮੰਨੀ ਗਈ ਅਤੇ ਹਰਜਾਨਾ ਰਕਮ ਦੀ ਔਸਤ ਅਦਾਇਗੀ 4 ਹਜ਼ਾਰ ਡਾਲਰ ਤੋਂ 6 ਹਜ਼ਾਰ ਡਾਲਰ ਦਰਮਿਆਨ ਰਹੀ। ਨਿਊਰੈਸਟ ਵੱਲੋਂ 5 ਲੱਖ ਡਾਲਰ ਦੀ ਅਦਾਇਗੀ ਪਹਿਲਾਂ ਹੀ ਕੀਤੀ ਜਾ ਚੁੱਕੀ ਹੈ ਜਿਸ ਨੂੰ ਅਦਾਲਤ ਵੱਲੋਂ ਹਰਜਾਨੇ ਦੀ ਰਕਮ ਦਾ ਹਿੱਸਾ ਕਰਾਰ ਦੇ ਦਿਤਾ ਗਿਆ। ਅਦਾਲਤੀ ਦਸਤਾਵੇਜ਼ਾਂ ਮੁਤਾਬਕ ਇੰਮੀਗ੍ਰੈਂਟ ਵਰਕਰਜ਼ ਸੈਂਟਰ ਅਤੇ ਇਸ ਦੇ ਵਕੀਲਾਂ ਵੱਲੋਂ ਆਰਜ਼ੀ ਵਿਦੇਸ਼ੀ ਕਾਮਿਆਂ ਦੀਆਂ ਅਰਜ਼ੀਆਂ ਪ੍ਰਵਾਨ ਕਰਵਾਉਣ ਲਈ ਇੰਮੀਗ੍ਰੇਸ਼ਨ ਮਹਿਕਮੇ ਨਾਲ ਸੰਪਰਕ ਕੀਤਾ ਗਿਆ ਅਤੇ ਸੈਂਕੜੇ ਕਿਰਤੀਆਂ ਨੇ ਕਾਨੂੰਨੀ ਜਾਣਕਾਰੀ ਹਾਸਲ ਕਰਦਿਆਂ ਆਪਣੀਆਂ ਅਰਜ਼ੀਆਂ ਅੱਗੇ ਵਧਾਈਆਂ। ਮੁਢਲੇ ਤੌਰ ’ਤੇ ਇੰਮੀਗ੍ਰੇਸ਼ਨ ਮਹਿਕਮੇ ਨੇ 164 ਅਰਜ਼ੀਆਂ ਪ੍ਰਵਾਨ ਕੀਤੀਆਂ ਜਿਨ੍ਹਾਂ ਵਿਚੋਂ 150 ਗਰੁੱਪ ਮੈਂਬਰਾਂ ਅਤੇ 14 ਫ਼ੈਮਿਲੀ ਮੈਂਬਰਜ਼ ’ਤੇ ਆਧਾਰਤ ਸਨ।