ਮੈਂ ਆਪਣੇ ਦੋਸਤ ਨਾਲ ਉਸਦੀ ਮਾਤਾ ਦਾ ਪਤਾ ਲੈਣ ਹਸਪਤਾਲ ਗਿਆ …ਮੁੜਕੇ ਘਰ ਵਾਪਸ ਆ ਗਿਆ …ਪਰ ਮੈਂ ਅਜੇ ਵੀ ਓਥੇ ਹੀ ਹਾਂ ,ਮੈਂ ਮੁੜਕੇ ਆ ਹੀ ਨਹੀਂ ਸਕਿਆ ….

ਨੀਲੇ ਰੰਗ ਦੇ ਹਸਪਤਾਲ ਤੋਂ ਮਿਲੇ ਪਾਏ ਹੋਏ ਗਾਊਨ ਦੀਆਂ ਤਣੀਆਂ ਨੂੰ ਤੁਰਦੀ ਹੋਈ ਇੰਝ ਫੜਕੇ ਜੋੜਦੀ ਹੋਈ ਤੁਰ ਰਹੀ ਸੀ ਜਿਵੇਂ ਜ਼ਮਾਨੇ ਭਰ ਦੀਆਂ ਔਰਤਾਂ ਦੀ ਲਾਜ ਸੰਭਾਲੀ ਫਿਰਦੀ ਹੋਵੇ ।ਉਹ ਮੈਨੂੰ ਕਿਸੇ ਇੱਜ਼ਤਦਾਰ ਪਰਿਵਾਰ ਦੀ ਸਾਊ ਜਹੀ ਧੀ ਲੱਗੀ ।

By :  Gill
Update: 2026-02-01 12:49 GMT

ਕਹਾਣੀ

……..ਮਲੀਸਾ……..

ਮੈਂ ਆਪਣੇ ਦੋਸਤ ਨਾਲ ਉਸਦੀ ਮਾਤਾ ਦਾ ਪਤਾ ਲੈਣ ਹਸਪਤਾਲ ਗਿਆ …ਮੁੜਕੇ ਘਰ ਵਾਪਸ ਆ ਗਿਆ …ਪਰ ਮੈਂ ਅਜੇ ਵੀ ਓਥੇ ਹੀ ਹਾਂ ,ਮੈਂ ਮੁੜਕੇ ਆ ਹੀ ਨਹੀਂ ਸਕਿਆ ….

ਮਾਤਾ ਦੇ ਬੈੱਡ ਕੋਲ ਪਈ ਕੁਰਸੀ ਤੇ ਮੈਂ ਬੈਠਾ ਸੀ ਜਿਥੋਂ ਦੂਜੇ ਮਰੀਜ਼ ਦੇ ਕਮਰੇ ਦੇ ਖੁੱਲ੍ਹੇ ਦਰਵਾਜ਼ੇ ਚੋਂ ਮਰੀਜ਼ ਦਿਖਾਈ ਦੇ ਰਿਹਾ ਸੀ ।ਉਹ ਇੱਕ 35-40 ਸਾਲ ਦੀ ਖੂਬਸੂਰਤ ਔਰਤ ਸੀ , ਉਹਦਾ ਰੰਗ ਕਿਸੇ ਸੋਹਣੀ ਪੰਜਾਬਣ ਨਾਲੋਂ ਥੋੜ੍ਹਾ ਜ਼ਿਆਦਾ ਗੋਰਾ ਸੀ ਪਰ ਉਹ ਗੋਰੀਆਂ ਵਾਂਗ ਚਿੱਟੇ ਰੰਗ ਦੀ ਨਹੀਂ ਸੀ ।ਉਹ ਆਪਣੇ ਬੈੱਡ ਦੇ ਨਾਲ ਪਈ ਕੁਰਸੀ ਤੇ ਬੈਠੀ ਬਾਹਰ ਵੱਲ ਵੇਖ ਰਹੀ ਸੀ ਜਿਵੇਂ ਬਾਹਰ ਨੱਚਦੀ ਹੋਈ ਤੰਦਰੁਸਤੀ ਨੂੰ ਘੂਰ ਰਹੀ ਹੋਵੇ ।ਉਹਨੇ ਕੰਨਾਂ ਕੋਲੋਂ ਦੋਨੋ ਪਾਸਿਓਂ ਥੋੜ੍ਹੇ ਥੋੜ੍ਹੇ ਵਾਲ ਉਤਾਂਹ ਚੁੱਕ ਕੇ ਸਿਰ ਉੱਪਰ ਗੰਢ ਦਿੱਤੀ ਹੋਈ ਸੀ ਤੇ ਬਾਕੀ ਦੇ ਥੱਬਾ ਕੁ ਵਾਲ਼ ਉਹਦੇ ਮੋਢਿਆਂ ਉੱਤੇ ਤੇ ਧੌਣ ਉੱਤੇ ਖੂਬਸੂਰਤੀ ਨਾਲ਼ ਵਿਛੇ ਹੋਏ ਸਨ ।ਉਸਨੇ ਬੈਠੀ ਨੇ ਹੀ ਨੇੜੇ ਪਏ ਨਿੱਕੇ ਜਿਹੇ ਟੇਬਲ ਤੋਂ ਕਿਤਾਬ ਚੁੱਕ ਕੇ ਪੜ੍ਹਨੀ ਸ਼ੁਰੂ ਕਰ ਦਿੱਤੀ ,ਪੰਜ ਕੁ ਮਿੰਟ ਬਾਅਦ ਕਿਤਾਬ ਬਿਲਕੁਲ ਓਸੇ ਜਗ੍ਹਾ ਬਹੁਤ ਅਦਬ ਨਾਲ਼ ਰੱਖ ਦਿੱਤੀ । ਹੁਣ ਉਹ ਉੱਠ ਕੇ ਕਮਰੇ ਵਿੱਚ ਹੀ ਆਪਣੇ ਬੈੱਡ ਦੁਆਲੇ ਘੁੰਮਣ ਲੱਗੀ , ਨੀਲੇ ਰੰਗ ਦੇ ਹਸਪਤਾਲ ਤੋਂ ਮਿਲੇ ਪਾਏ ਹੋਏ ਗਾਊਨ ਦੀਆਂ ਤਣੀਆਂ ਨੂੰ ਤੁਰਦੀ ਹੋਈ ਇੰਝ ਫੜਕੇ ਜੋੜਦੀ ਹੋਈ ਤੁਰ ਰਹੀ ਸੀ ਜਿਵੇਂ ਜ਼ਮਾਨੇ ਭਰ ਦੀਆਂ ਔਰਤਾਂ ਦੀ ਲਾਜ ਸੰਭਾਲੀ ਫਿਰਦੀ ਹੋਵੇ ।ਉਹ ਮੈਨੂੰ ਕਿਸੇ ਇੱਜ਼ਤਦਾਰ ਪਰਿਵਾਰ ਦੀ ਸਾਊ ਜਹੀ ਧੀ ਲੱਗੀ । ਨਰਸ ਉਸ ਨੂੰ ਦੇਖਣ ਲਈ ਆਈ ਤਾਂ ਨਰਸ ਨੇ ਬਹੁਤ ਸਾਰੀਆਂ ਅਪਣੱਤ ਭਰੀਆਂ ਗੱਲਾਂ ਕੀਤੀਆਂ ਪਰ ਉਸਨੇ ਕਿਸੇ ਗੱਲ ਦਾ ਜਵਾਬ ਨਾ ਦਿੱਤਾ ਜਿਵੇਂ ਉਸਨੂੰ ਪਤਾ ਹੀ ਨਾ ਹੋਵੇ ਕਿ ਕੋਈ ਆਇਆ ਹੈ ।ਨਰਸ ਵੀ ਮਾਯੂਸ ਜਿਹਾ ਚਿਹਰਾ ਲੈ ਕੇ ਵਾਪਿਸ ਜਾਣ ਲੱਗੀ ਤਾਂ ਮੈਥੋਂ ਰਿਹਾ ਨਾ ਗਿਆ , ਮੇਰੇ ਪੁਛਣ ਤੇ ਨਰਸ ਨੇ ਦੱਸਿਆ ਕਿ ਇਸਦਾ ਨਾਮ ਮਲੀਸਾ ਹੈ ਇਹ ਅਜੇ 35 ਸਾਲ ਦੀ ਹੀ ਹੈ , ਇਸਦੇ ਤਿੰਨ ਬੱਚੇ ਹਨ ਇਹ ਦਿਮਾਗੀ ਤੌਰ ਤੇ ਪਰੇਸ਼ਾਨ ਹੈ ਡਿਪਰੈਸ਼ਨ ਦੀ ਸ਼ਿਕਾਰ ਹੈ ਇਹ, 10 ਦਿਨ ਪਹਿਲਾਂ ਆਈ ਸੀ ਤਾਂ ਬਹੁਤ ਉੱਚੀ ਉੱਚੀ ਰੌਲਾ ਪਾਉਂਦੀ ਸੀ ਹੁਣ ਸ਼ਾਂਤ ਰਹਿੰਦੀ ਹੈ ਪਰ ਬੋਲਦੀ ਵੀ ਕੁੱਝ ਨਹੀਂ । ਇਸਦਾ ਪਤੀ ਵੀ ਇਸ ਨੂੰ ਮਿਲਣ ਆਉਂਦਾ ਹੈ, ਬੱਚੇ ਤੇ ਮਾਂ ਬਾਪ ਵੀ, ਉਹ ਵੀ ਸੱਭ ਉਦਾਸ ਜਹੇ ਹੋ ਕੇ ਮੁੜ ਜਾਂਦੇ ਹਨ ਸਾਥੋਂ ਵੀ ਇਹਦੀ ਚੁੱਪ ਸਹੀ ਨਹੀਂ ਜਾਂਦੀ ।

ਅਚਾਨਕ ਮੇਰਾ ਦੋਸਤ ਕਹਿੰਦਾ ਭਾਜੀ ਚੱਲੀਏ, ਅਸੀਂ ਵਾਪਸ ਆ ਗਏ ਪਰ ਮੈਂ ਅਜੇ ਵੀ ਓਥੇ ਹੀ ਹਾਂ । ਮੈਨੂੰ ਲੱਗਦਾ ਕਿ ਉਹਦਾ ਇਲਾਜ ਚੱਲ ਰਿਹਾ ਹੋਵੇਗਾ , ਨਹੀੰ ਸਗੋਂ ਮੈਨੂੰ ਲੱਗਦਾ ਉਹ ਠੀਕ ਹੋ ਕੇ ਘਰ ਚਲੇ ਗਈ ਹੋਵੇਗੀ , ਘਰ ਉਹਦੇ ਬੱਚੇ ਉਸਨੂੰ ਪਾਰੀਆਂ ਕਰ ਕਰ ਚੁੰਮਦੇ ਹੋਣਗੇ , ਉਸਦਾ ਪਤੀ ਉਸਨੂੰ ਗਲ਼ ਲਾ ਕੇ ਉਹਦੇ ਵਾਲ਼ਾਂ ਚ ਹੱਥ ਫੇਰਦਾ ਕਹਿ ਰਿਹਾ ਹੋਵੇਗਾ , ਝੱਲੀ ਨਾ ਹੋਵੇ ਤਾਂ । ਉਹਦੇ ਮਾਂ ਬਾਪ ਸੁੱਖ ਦਾ ਸਾਹ ਲੈ ਕੇ ਹੱਸਦੇ ਹੱਸਦੇ ਰੋ ਪੈਂਦੇ ਹੋਣਗੇ ।ਉਹ ਭੋਲ਼ੇ ਜਹੇ ਮੂੰਹੋਂ ਪੁੱਛਦੀ ਹੋਣੀ ਆ ਕਿ ਮੈਨੂੰ ਕੀ ਹੋਇਆ ਸੀ …….ਮੈਨੂੰ ਲੱਗਦਾ ਉਹ ਠੀਕ ਹੋ ਕੇ ਘਰ ਚਲੇ ਹੀ ਗਈ ਹੋਣੀ ਆ …

…..ਵਿਜੈ ਧੰਮੀ ……….🙏🏻

Tags:    

Similar News