ਕੈਨੇਡਾ ਦੀ 45ਵੀਂ ਪਾਰਲੀਮੈਂਟ ਲਈ ਚੋਣਾਂ 28 ਅਪ੍ਰੈਲ ਨੂੰ, ਲਿਬਰਲ ਤੇ ਕੰਜ਼ਰਵੇਟਿਵ ਪਾਰਟੀ ਵਿਚਾਲੇ ਕਾਂਟੇ ਦੀ ਟੱਕਰ
15 ਪਾਰਟੀਆਂ ਦੇ ਹੁਣ ਤੱਕ 1295 ਉਮੀਦਵਾਰ ਮੈਦਾਨ ‘ਚ ਨਿੱਤਰੇ: ਟਰੰਪ ਨਾਲ ਟੈਰਿਫ ਦਾ ਮਾਮਲਾ ਬਣੇਗਾ ਚੋਣ ਮੁੱਦਾ, ਕੈਨੇਡਾ ਭਰ 'ਚ ਵੱਖੋ-ਵੱਖਰੀਆਂ ਪਾਰਟੀਆਂ 'ਚ 38 ਪੰਜਾਬੀਆਂ ਸਣੇ 46 ਭਾਰਤੀ ਉਮੀਦਵਾਰ ਸ਼ਾਮਲ
ਟੋਰਾਂਟੋ 26 ਅਪ੍ਰੈਲ (ਹਮਦਰਦ ਦੇ ਵਿਸ਼ੇਸ਼ ਪ੍ਰਤੀਨਿਧ ਦੁਆਰਾ):- ਕੈਨੇਡਾ ਦੀ 39ਵੀਂ ਪਾਰਲੀਮੈਂਟ ਦੀਆਂ 343 ਸੀਟਾਂ ਲਈ ਚੋਣਾਂ 28 ਅਪ੍ਰੈਲ ਨੂੰ ਹੋਣਗੀਆਂ। ਚੋਣਾਂ ਲਈ ਸਭ ਰਾਜਨੀਤਕ ਪਾਰਟੀਆਂ ਨੇ ਚੋਣ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਇਨ੍ਹਾਂ ਚੋਣਾਂ ‘ਚ ਖਬਰ ਲਿਖਣ ਵੇਲੇ ਤੱਕ 15 ਪਾਰਟੀਆਂ ਦੇ 1295 ਉਮੀਦਵਾਰ ਚੋਣ ਮੈਦਾਨ 'ਚ ਨਿੱਤਰੇ ਹਨ ਤੇ ਬਾਕੀ ਆਪੋ-ਆਪਣੇ ਨਾਂ ਦਾਖਲ ਕਰਵਾ ਰਹੇ ਹਨ। ਮਿਥੇ ਸਮੇਂ ਤੋਂ ਲਗਭਗ 5 ਮਹੀਨੇ ਪਹਿਲਾਂ ਚੋਣਾਂ ਦਾ ਐਲਾਨ ਜਸਟਿਨ ਟਰੂਡੋ ਤੋਂ ਬਾਅਦ ਨਵੇਂ ਬਣੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਬੀਤੇ ਐਤਵਾਰ ਕੀਤਾ। ਚੋਣ ਸਰਵੇਖਣਾਂ ਅਨੁਸਾਰ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਪੀਅਰ ਪੋਲੀਏਵ ਤੇ ਲਿਬਰਲ ਪਾਰਟੀ ਦੇ ਮਾਰਕ ਕਾਰਨੀ ਬਰਾਬਰ ਚੱਲ ਰਹੇ ਹਨ ਤੇ ਦੋਵਾਂ 'ਚ ਕਾਂਟੇ ਦੀ ਟੱਕਰ ਹੈ। ਆਉਣ ਵਾਲੇ ਸਮੇਂ 'ਚ ਪਾਸਾ ਕਿਸ ਦੇ ਹੱਕ 'ਚ ਪਲਟਦਾ ਹੈ, ਇਹ ਤਾਂ ਸਮਾਂ ਹੀ ਦੱਸੇਗਾ। ਵਰਨਣਯੋਗ ਇਹ ਵੀ ਹੈ ਕਿ ਪਿਛਲੀਆਂ ਚੋਣਾਂ 'ਚ ਲਿਬਰਲ ਨੇ 160, ਕੰਜ਼ਰਵੇਟਿਵ ਨੇ 119, ਐੱਨਡੀਪੀ ਨੇ 25, ਬਲਾਕ ਕਿਊਬੇਕ ਨੇ 32 ਸੀਟਾਂ ਤੇ ਚੋਣ ਜਿੱਤੀ ਸੀ ਤੇ ਇਸ ਵਾਰ 5 ਸੀਟਾਂ ਦਾ ਵਾਧਾ ਕੀਤਾ ਗਿਆ ਹੈ ਤੇ ਹੁਣ ਕੁੱਲ 343 ਹਲਕੇ ਬਣ ਗਏ ਹਨ।
ਕੈਨੇਡੀਅਨ ਚੋਣ ਨਿਯਮਾਂ ਦੇ ਤਹਿਤ, ਸੰਘੀ ਮੁਹਿੰਮ ਦੀ ਮਿਆਦ ਘੱਟੋ-ਘੱਟ 37 ਦਿਨ ਲੰਬੀ ਹੋਣੀ ਚਾਹੀਦੀ ਹੈ ਪਰ 51 ਦਿਨਾਂ ਤੋਂ ਵੱਧ ਨਹੀਂ ਹੋਣੀ ਚਾਹੀਦੀ। ਮਾਰਕ ਕਾਰਨੀ ਵੱਲੋਂ 23 ਮਾਰਚ, ਐਤਵਾਰ ਨੂੰ ਵੋਟਿੰਗ ਸ਼ੁਰੂ ਕਰਨ ਅਤੇ ਚੋਣ ਦਿਨ 28 ਅਪ੍ਰੈਲ ਨੂੰ ਨਿਰਧਾਰਤ ਕੀਤੇ ਜਾਣ ਦੇ ਨਾਲ, ਇਸ ਸਾਲ ਦੀ ਮੁਹਿੰਮ ਕਾਨੂੰਨ ਦੁਆਰਾ ਸਭ ਤੋਂ ਛੋਟੀ ਆਗਿਆਯੋਗ ਹੋਵੇਗੀ। ਕੈਨੇਡਾ ਦੀ ਸੰਸਦੀ ਪ੍ਰਣਾਲੀ ਦੇ ਤਹਿਤ, ਹਾਊਸ ਆਫ਼ ਕਾਮਨਜ਼ 'ਚ ਸਭ ਤੋਂ ਵੱਧ ਸੀਟਾਂ ਜਿੱਤਣ ਵਾਲੀ ਪਾਰਟੀ ਨੂੰ ਆਮ ਤੌਰ 'ਤੇ ਸਰਕਾਰ ਬਣਾਉਣ ਲਈ ਕਿਹਾ ਜਾਵੇਗਾ। ਜਿੱਤਣ ਲਈ ਪਾਰਟੀ ਨੂੰ ਅੱਧੇ ਤੋਂ ਵੱਧ ਯਾਨੀ 172 ਤੋਂ ਵੱਧ ਸੀਟਾਂ 'ਤੇ ਜਿੱਤ ਹਾਸਲ ਕਰਨੀ ਪਵੇਗੀ। ਜੇਕਰ ਕਿਸੇ ਪਾਰਟੀ ਨੂੰ ਸਭ ਤੋਂ ਵੱਧ ਸੀਟਾਂ ਮਿਲਦੀਆਂ ਹਨ ਪਰ ਪੂਰੀ ਬਹੁਮਤ ਲਈ ਕਾਫ਼ੀ ਨਹੀਂ ਹੁੰਦੀਆਂ, ਤਾਂ ਉਹ ਕਾਨੂੰਨ ਪਾਸ ਕਰਨ ਦੇ ਯੋਗ ਹੋਣ ਲਈ ਕਿਸੇ ਹੋਰ ਪਾਰਟੀ ਨਾਲ ਇੱਕ ਸਮਝੌਤਾ ਕਰਨ ਦੀ ਕੋਸ਼ਿਸ਼ ਕਰਦੀ ਹੈ। ਸਭ ਤੋਂ ਵੱਡੀ ਪਾਰਟੀ ਦਾ ਨੇਤਾ ਹੀ ਪ੍ਰਧਾਨ ਮੰਤਰੀ ਬਣਦਾ ਹੈ। ਕੈਨੇਡੀਅਨ ਸਿੱਧੇ ਤੌਰ 'ਤੇ ਪ੍ਰਧਾਨ ਮੰਤਰੀ ਨੂੰ ਵੋਟ ਨਹੀਂ ਪਾਉਂਦੇ।
ਕੈਨੇਡਾ ਦੀਆਂ ਵੱਖ-ਵੱਖ ਸਿਆਸੀ ਪਾਰਟੀਆਂ
ਕੈਨੇਡਾ 'ਚ ਚਾਰ ਪ੍ਰਮੁੱਖ ਸੰਘੀ ਰਾਜਨੀਤਿਕ ਪਾਰਟੀਆਂ ਹਨ। ਲਿਬਰਲ 2015 ਤੋਂ ਸਰਕਾਰ 'ਚ ਹਨ ਅਤੇ ਭੰਗ ਹੋਣ ਵੇਲੇ ਸੰਸਦ 'ਚ 152 ਸੀਟਾਂ ਸਨ। ਪਾਰਟੀ ਦੀ ਅਗਵਾਈ ਸਾਬਕਾ ਬੈਂਕ ਗਵਰਨਰ ਅਤੇ ਕੈਨੇਡਾ ਦੇ 24ਵੇਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਕਰ ਰਹੇ ਹਨ। ਕੰਜ਼ਰਵੇਟਿਵ ਪਾਰਟੀ ਨੇ ਕੈਨੇਡਾ ਦੇ ਅਧਿਕਾਰਤ ਵਿਰੋਧੀ ਧਿਰ ਵਜੋਂ ਸੇਵਾ ਨਿਭਾਈ। ਪਾਰਟੀ ਦੀ ਅਗਵਾਈ ਓਟਾਵਾ-ਖੇਤਰ ਦੇ ਵਿਧਾਇਕ ਪੀਅਰੇ ਪੋਇਲੀਵਰ ਕਰ ਰਹੇ ਹਨ, ਜੋ ਆਪਣੀ ਲੋਕਪ੍ਰਿਯ ਬਿਆਨਬਾਜ਼ੀ ਲਈ ਜਾਣੇ ਜਾਂਦੇ ਹਨ। ਜਗਮੀਤ ਸਿੰਘ ਦੀ ਅਗਵਾਈ ਵਾਲੀ ਨਿਊ ਡੈਮੋਕ੍ਰੇਟਿਕ ਪਾਰਟੀ (ਐੱਨਡੀਪੀ) ਕੋਲ ਮੁਹਿੰਮ ਸ਼ੁਰੂ ਹੋਣ ਤੋਂ ਪਹਿਲਾਂ 25 ਸੰਸਦੀ ਸੀਟਾਂ ਸਨ। ਐੱਨਡੀਪੀ ਪਹਿਲਾਂ ਟਰੂਡੋ ਦੀ ਅਗਵਾਈ ਵਾਲੀ ਲਿਬਰਲ ਘੱਟ ਗਿਣਤੀ ਸਰਕਾਰ ਦਾ ਸਮਰਥਨ ਕਰ ਰਹੀ ਸੀ ਪਰ ਪਿਛਲੇ ਸਾਲ ਸਤੰਬਰ 'ਚ ਉਸ ਸੌਦੇ ਤੋਂ ਪਿੱਛੇ ਹਟ ਗਈ ਸੀ। ਬਲਾਕ ਕਿਊਬੇਕੋਇਸ ਜੋ ਕਿ ਸਿਰਫ਼ ਫ੍ਰੈਂਚ ਬੋਲਣ ਵਾਲੇ ਸੂਬੇ ਕਿਊਬੇਕ 'ਚ ਉਮੀਦਵਾਰਾਂ ਨੂੰ ਚਲਾਉਂਦਾ ਹੈ, ਉਸ ਦੇ ਹਾਊਸ ਆਫ਼ ਕਾਮਨਜ਼ 'ਚ 32 ਵਿਧਾਇਕ ਸਨ। ਚਾਰ ਵੱਡੀਆਂ ਪਾਰਟੀਆਂ ਤੋਂ ਇਲਾਵਾ, ਗ੍ਰੀਨ ਪਾਰਟੀ ਆਫ਼ ਕੈਨੇਡਾ ਵੀ ਹੈ, ਜਿਸਦੀਆਂ ਭੰਗ ਹੋਣ ਵੇਲੇ ਸੰਸਦ 'ਚ ਦੋ ਸੀਟਾਂ ਸਨ।
45 ਭਾਰਤੀ ਉਮੀਦਵਾਰ ਚੋਣ ਮੈਦਾਨ 'ਚ ਨਿਤਰੇ
ਕੈਨੇਡਾ ਦੀਆਂ ਸੰਸਦੀ ਚੋਣਾਂ 2025 'ਚ ਵੱਖੋ-ਵੱਖਰੇ ਜ਼ਿਿਲਆਂ ਤੋਂ ਕੁੱਲ 45 ਭਾਰਤੀ ਉਮੀਦਵਾਰ ਖੜ੍ਹੇ ਹੋਏ ਹਨ ਜਿੰਨ੍ਹਾਂ 'ਚੋਂ 37 ਪੰਜਾਬੀ ਉਮੀਦਵਾਰ ਹਨ। ਲਿਬਰਲ ਪਾਰਟੀ 'ਚ ਕੁੱਲ 15 ਜਿੰਨ੍ਹਾਂ 'ਚ 13 ਪੰਜਾਬੀ ਹਨ ਅਤੇ 2 ਭਾਰਤੀ ਉਮੀਦਵਾਰ ਸ਼ਾਮਲ ਹਨ। ਬਰੈਂਪਟਨ ਸੈਂਟਰ ਤੋਂ ਅਮਨਦੀਪ ਸੋਢੀ, ਓਕਵਿਲ ਈਸਟ ਤੋਂ ਅਨੀਤਾ ਆਨੰਦ, ਡੋਰਵਲ ਲੈਚਿਨ ਲਸਾਲ ਤੋਂ ਅੰਜੂ ਢਿੱਲੋਂ, ਸਕਾਰਬਰੋ ਗੀਲਡਵੁੱਡ ਰੋਜ ਪਾਰਕ ਤੋਂ ਗੈਰੀ ਆਨੰਦਾਸੰਗਾਰੀ, ਕੈਲਗਰੀ ਮੈਕਨਾਈਟ ਤੋਂ ਜੀਓਰਜ਼ ਚਾਹਲ, ਮਿਸੀਸਾਗਾ ਮਾਲਟਨ ਤੋਂ ਇੱਕਵਿੰਦਰ ਗਹੀਰ, ਬਰੈਂਪਟਨ ਵੈਸਟ ਤੋਂ ਕਮਲ ਖਹਿਰਾ, ਬਰੈਂਪਟਨ ਈਸਟ ਤੋਂ ਮਨਿੰਦਰ ਸਿੱਧੂ, ਰਿੱਚਮੰਡ ਈਸਟ-ਸਟੀਵਸਟਨ ਤੋਂ ਪਰਮ ਬੈਂਸ, ਵਿਨੀਪੈਗ ਸੈਂਟਰ ਤੋਂ ਰਾਹੁਲ ਵਾਲੀਆ, ਸਰੀ ਸੈਂਟਰ ਤੋਂ ਰਨਦੀਪ ਸਰਾਏ, ਬਰੈਂਪਟਨ ਨੌਰਥ ਤੋਂ ਰੂਬੀ ਸਹੋਤਾ, ਬਰੈਂਪਟਨ- ਚਿਨਗੂਜ਼ੀ ਪਾਰਕ ਤੋਂ ਸ਼ਫਕਤ ਅਲੀ, ਬਰੈਂਪਟਨ ਸਾਊਥ ਤੋਂ ਸੋਨੀਆ ਸਿੱਧੂ, ਸਰੀ ਨਿਊਟਨ ਤੋਂ ਸੁੱਖ ਧਾਲੀਵਾਲ। ਜ਼ਿਕਰਯੋਗ ਹੈ ਕਿ ਇੰਨ੍ਹਾਂ 'ਚੋਂ ਕੁੱਝ ਉਮੀਦਵਾਰ ਪਹਿਲਾਂ ਵੀ ਚੋਣਾਂ ਜਿੱਤ ਚੁੱਕੇ ਹਨ। ਕਮਲ ਖਹਿਰਾ, ਰੂਬੀ ਸਹੋਤਾ, ਸੋਨੀਆ ਸਿੱਧੂ ਚੌਥੀ ਵਾਰ ਚੋਣ ਲੜ੍ਹ ਰਹੇ ਹਨ। 2015, 2019 ਅਤੇ 2021 ਦੀਆਂ ਚੋਣਾਂ ਇੰਨ੍ਹਾਂ ਨੇ ਜਿੱਤ ਹਾਸਲ ਕੀਤੀ ਸੀ। ਮਨਿੰਦਰ ਸਿੱਧੂ 2019, 2021 ਅਤੇ ਹੁਣ 2025 'ਚ ਤੀਸਰੀ ਵਾਰ ਚੋਣ ਲੜ੍ਹ ਰਹੇ ਹਨ।
ਵਿਰੋਧੀ ਧਿਰ ਕੰਜ਼ਰਵੇਟਿਵ ਪਾਰਟੀ 'ਚ 25 ਉਮੀਦਵਾਰ ਦੱਖਣੀ ਭਾਈਚਾਰੇ ਨਾਲ ਸਬੰਧਿਤ ਹਨ ਜਿੰਨ੍ਹਾਂ 'ਚ 21 ਪੰਜਾਬੀ ਅਤੇ 4 ਭਾਰਤੀ ਉਮੀਦਵਾਰ ਹਨ। ਸਰੀ ਸੈਂਟਰ ਤੋਂ ਰਾਜਵੀਰ ਢਿੱਲੋਂ, ਬਰੈਂਪਟਨ ਈਸਟ ਤੋਂ ਬੋਬ ਦੋਸਾਂਝ, ਕੈਲਗਰੀ ਮੈਕਨਾਈਟ ਤੋਂ ਦਲਵਿੰਦਰ ਗਿੱਲ, ਵਿੰਡਸਰ ਵੈਸਟ ਤੋਂ ਹਰਬਿੰਦਰ ਗਿੱਲ, ਮਿਲਟਨ ਈਸਟ-ਹਾਲਟਨ ਹਿੱਲਜ਼ ਸਾਊਥ ਤੋਂ ਪਰਮ ਗਿੱਲ, ਬਰੈਂਪਟਨ- ਚਿਨਗੂਜ਼ੀ ਪਾਰਕ ਤੋਂ ਟਿਮ ਇਕਬਾਲ ਬਰੈਂਪਟਨ ਨੌਰਥ ਤੋਂ ਅਮਨਦੀਪ ਜੱਜ, ਮਿਸੀਸਾਗਾ ਈਸਟ-ਕੁਕਜ਼ਵੀਲੇ ਤੋਂ ਨੀਟਾ ਕੰਗ, ਬਰੈਂਪਟਨ ਸਾਊਥ ਤੋਂ ਸੁਖਦੀਪ ਕੰਗ, ਗਲਫ ਤੋਂ ਗੁਰਵੀਰ ਖਹਿਰਾ, ਓਕਸਫੋਰਡ ਤੋਂ ਅਰਪਨ ਖੰਨਾ, ਡੈਲਟਾ ਤੋਂ ਜੈਸੀ ਸਹੋਤਾ, ਸਕਾਰਬਰੋ ਨੌਰਥ ਤੋਂ ਗੁਰਮੀਤ ਸੰਧੂ, ਮਿਸੀਸਾਗਾ ਮਾਲਟਨ ਤੋਂ ਜਸਪ੍ਰੀਤ ਸੰਧੂ, ਸਰੀ ਨਿਊਟਨ ਤੋਂ ਹਰਜੀਤ ਸਿੰਘ ਗਿੱਲ, ਐਬਟਸਫੋਰਡ- ਸਾਊਥ ਲੈਂਗਲੀ ਤੋਂ ਸੁਖਮਨ ਸਿੰਘ ਗਿੱਲ, ਕੈਲਗਰੀ ਈਸਟ ਤੋਂ ਜਸਰਾਜ ਸਿੰਘ ਹੱਲਣ, ਐਡਮੰਟਨ ਸਾਊਥ ਈਸਟ ਤੋਂ ਜਗਸ਼ਰਨ ਸਿੰਘ ਮਾਹਲ, ਐਡਮੰਟਨ ਗੇਟਵੇਅ ਤੋਂ ਟਿਮ ਉੱਪਲ, ਬਰੈਂਪਟਨ ਸੈਂਟਰ ਤੋਂ ਤਰਨ ਚਾਹਲ, ਬਰੈਂਪਟਨ ਵੈਸਟ ਤੋਂ ਅਮਰਜੀਤ ਗਿੱਲ, ਨਿਊ ਵੈਸਟਮਿਨਸਟਰ ਤੋਂ ਲੋਰੈਂਸ ਸਿੰਘ, ਮਿਸੀਸਾਗਾ ਸੈਂਟਰ ਤੋਂ ਮੁਹੰਮਦ ਈਸ਼ਕ, ਕੈਲਗਰੀ ਹੈਰੀਟੇਜ਼ ਤੋਂ ਸ਼ੁਭਲੋਏ ਮਜ਼ੁਮਦਾਰ, ਸਕਾਰਬਰੋ- ਵੋਬਰਨ ਤੋਂ ਰੈੱਡੀ ਮੁੱਟੁਕੁਰੂ, ਈਟੋਬੀਕੋ ਨੌਰਥ ਤੋਂ ਡੋਨ ਪਟੇਲ।
ਐੱਨਡੀਪੀ ਦੇ ਕੁੱਲ 4 ਯਾਨੀ 3 ਪੰਜਾਬੀ ਅਤੇ 1 ਭਾਰਤੀ ਉਮੀਦਵਾਰ ਹੈ। ਦੱਸਦਈਏ ਕਿ ਐੱਨਡੀਪੀ ਪਾਰਟੀ ਦੇ ਲੀਡਰ ਜਗਮੀਤ ਸਿੰਘ ਬਰਨਬੀ ਸੈਂਟਰ ਤੋਂ ਚੋਣ ਲੜ੍ਹ ਰਹੇ ਹਨ।ਮਿਸੀਸਾਗਾ ਮਾਲਟਨ ਤੋਂ ਇੰਦਰਜੀਤ ਸਿੰਘ (ਅੇਲ ਸਿੰਘ ਐਨੀ), ਕੈਲਗਰੀ ਸਕਾਈਵਿਊ ਤੋਂ ਰਾਜੇਸ਼ ਅੰਗਰਾਲ, ਐਡਮੰਟਨ ਸਾਊਥ ਈਸਟ ਤੋਂ ਹਰਪ੍ਰੀਤ ਗਰੇਵਾਲ। ਇੰਨ੍ਹਾਂ ਪਾਰਟੀਆਂ ਤੋਂ ਇਲਾਵਾ ਇੱਕ ਆਜ਼ਾਦ ਵੀ ਹਨ ਜੋ ਕਿ ਬਰੈਂਪਟਨ ਚਿਨਗੂਜ਼ੀ ਪਾਰਕ ਤੋਂ ਐਵੀ ਧਾਲੀਵਾਲ ਹਨ।