ED ਦਾ ਅਧਿਕਾਰੀ CBI ਦੀ ਕੁੜਿੱਕੀ ਵਿਚ, ਕਰ ਲਈ ਖ਼ੁ-ਦਕੁਸ਼ੀ

Update: 2024-08-21 10:19 GMT

ਨਵੀਂ ਦਿੱਲੀ : ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਵਿੱਚ ਸੀਬੀਆਈ ਵੱਲੋਂ ਜਾਂਚ ਕਰ ਰਹੇ ਈਡੀ ਅਧਿਕਾਰੀ ਦੀ ਲਾਸ਼ ਰੇਲਵੇ ਟਰੈਕ ਤੋਂ ਮਿਲੀ ਹੈ। ਇਸ ਗੱਲ ਦੀ ਸੰਭਾਵਨਾ ਹੈ ਕਿ ਉਸ ਨੇ ਖੁਦਕੁਸ਼ੀ ਕਰ ਲਈ ਹੈ। ਈਡੀ ਅਧਿਕਾਰੀ ਆਲੋਕ ਕੁਮਾਰ ਪੰਕਜ ਦੀ ਲਾਸ਼ ਮੰਗਲਵਾਰ ਨੂੰ ਦਿੱਲੀ ਨੇੜੇ ਸਾਹਿਬਾਬਾਦ 'ਚ ਰੇਲਵੇ ਟ੍ਰੈਕ 'ਤੇ ਮਿਲੀ ਸੀ।

ਗਾਜ਼ੀਆਬਾਦ ਦਾ ਰਹਿਣ ਵਾਲਾ ਆਲੋਕ ਕੁਮਾਰ ਨਵੀਂ ਦਿੱਲੀ ਵਿੱਚ ਈਡੀ ਵਿੱਚ ਡੈਪੂਟੇਸ਼ਨ ’ਤੇ ਸੀ। ਇਸ ਤੋਂ ਪਹਿਲਾਂ ਉਹ ਇਨਕਮ ਟੈਕਸ ਵਿਭਾਗ ਵਿੱਚ ਕੰਮ ਕਰ ਚੁੱਕੇ ਹਨ। ਹਾਲ ਹੀ ਵਿੱਚ, ਭ੍ਰਿਸ਼ਟਾਚਾਰ ਦੇ ਇੱਕ ਕਥਿਤ ਮਾਮਲੇ ਵਿੱਚ ਸੀਬੀਆਈ ਦੁਆਰਾ ਉਸ ਤੋਂ ਦੋ ਵਾਰ ਪੁੱਛਗਿੱਛ ਕੀਤੀ ਗਈ ਸੀ, ਪਰ ਸਬੂਤਾਂ ਦੀ ਘਾਟ ਕਾਰਨ ਛੱਡ ਦਿੱਤਾ ਗਿਆ ਸੀ।

ਆਲੋਕ ਕੁਮਾਰ ਪੰਕਜ ਦਾ ਨਾਂ ਰਿਸ਼ਵਤ ਮਾਮਲੇ ਵਿੱਚ ਉਦੋਂ ਸਾਹਮਣੇ ਆਇਆ ਸੀ ਜਦੋਂ ਈਡੀ ਦੇ ਸਹਾਇਕ ਡਾਇਰੈਕਟਰ ਸੰਦੀਪ ਸਿੰਘ ਨੂੰ ਸੀਬੀਆਈ ਨੇ ਗ੍ਰਿਫ਼ਤਾਰ ਕੀਤਾ ਸੀ। ਸੀਬੀਆਈ ਨੂੰ ਇੱਕ ਵਿਅਕਤੀ ਵੱਲੋਂ ਸ਼ਿਕਾਇਤ ਮਿਲੀ ਸੀ ਕਿ ਸੰਦੀਪ ਸਿੰਘ ਨੇ ਉਸ ਦੇ ਪੁੱਤਰ ਨੂੰ ਗ੍ਰਿਫ਼ਤਾਰ ਨਾ ਕਰਨ ਲਈ ਕਥਿਤ ਤੌਰ ’ਤੇ 50 ਲੱਖ ਰੁਪਏ ਦੀ ਮੰਗ ਕੀਤੀ ਸੀ। ਇਸ ਤੋਂ ਬਾਅਦ ਏਜੰਸੀ ਨੇ ਜਾਲ ਵਿਛਾਇਆ ਅਤੇ ਸਿੰਘ ਨੂੰ 20 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਦਿੱਲੀ ਵਿੱਚ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ।

ਸੰਦੀਪ ਸਿੰਘ ਨੇ ਮੁੰਬਈ ਦੇ ਇੱਕ ਜਵੈਲਰ ਤੋਂ ਵੀ ਕਥਿਤ ਤੌਰ 'ਤੇ ਰਿਸ਼ਵਤ ਲਈ ਸੀ, ਜਿਸ ਦੇ ਸਟੋਰ 'ਤੇ ਪਹਿਲਾਂ ਈਡੀ ਨੇ ਛਾਪਾ ਮਾਰਿਆ ਸੀ। ਇਸੇ ਮਾਮਲੇ ਵਿੱਚ ਐਫਆਈਆਰ ਵਿੱਚ ਸੰਦੀਪ ਸਿੰਘ ਦੇ ਨਾਲ ਆਲੋਕ ਕੁਮਾਰ ਪੰਕਜ ਨੂੰ ਵੀ ਮੁਲਜ਼ਮ ਬਣਾਇਆ ਗਿਆ ਸੀ। ਇਸ ਮਾਮਲੇ ਤੋਂ ਬਾਅਦ ਸੰਦੀਪ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਪੁਲਿਸ ਨੇ ਈਡੀ ਅਧਿਕਾਰੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਮੁਰਦਾਘਰ ਵਿੱਚ ਰਖਵਾਇਆ ਹੈ। ਨਾਲ ਹੀ ਕਥਿਤ ਖੁਦਕੁਸ਼ੀ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

Tags:    

Similar News