Akal Takht Sahib ਵੱਲੋਂ ਤਲਬ DSGPC ਵਫ਼ਦ ਸਪਸ਼ਟੀਕਰਨ ਲਈ ਸਕੱਤਰਾਲੇ ਪਹੁੰਚਿਆ
ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀਐਸਜੀਪੀਸੀ) ਦਾ ਉਹ ਵਫ਼ਦ, ਜਿਸਨੂੰ ਅਕਾਲ ਤਖ਼ਤ ਸਾਹਿਬ ਵੱਲੋਂ ਸਪਸ਼ਟੀਕਰਨ ਲਈ ਤਲਬ ਕੀਤਾ ਗਿਆ ਸੀ, ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਦਫ਼ਤਰ ਸਕੱਤਰਾਲੇ ਵਿੱਚ ਪਹੁੰਚਿਆ। ਵਫ਼ਦ ਵੱਲੋਂ ਪੂਰੀ ਤਰ੍ਹਾਂ ਨਿਮਰਤਾ ਅਤੇ ਸਨਮਾਨ ਨਾਲ ਆਪਣਾ ਪੱਖ ਰੱਖਿਆ ਗਿਆ।
ਅੰਮ੍ਰਿਤਸਰ : ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀਐਸਜੀਪੀਸੀ) ਦਾ ਉਹ ਵਫ਼ਦ, ਜਿਸਨੂੰ ਅਕਾਲ ਤਖ਼ਤ ਸਾਹਿਬ ਵੱਲੋਂ ਸਪਸ਼ਟੀਕਰਨ ਲਈ ਤਲਬ ਕੀਤਾ ਗਿਆ ਸੀ, ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਦਫ਼ਤਰ ਸਕੱਤਰਾਲੇ ਵਿੱਚ ਪਹੁੰਚਿਆ। ਵਫ਼ਦ ਵੱਲੋਂ ਪੂਰੀ ਤਰ੍ਹਾਂ ਨਿਮਰਤਾ ਅਤੇ ਸਨਮਾਨ ਨਾਲ ਆਪਣਾ ਪੱਖ ਰੱਖਿਆ ਗਿਆ।
ਇਸ ਵਫ਼ਦ ਵਿੱਚ ਡੀਐਸਜੀਪੀਸੀ ਦੇ ਭੁਪਿੰਦਰ ਸਿੰਘ ਭੁੱਲਰ, ਸੀਨੀਅਰ ਮੀਤ ਪ੍ਰਧਾਨ ਆਤਮਾ ਸਿੰਘ ਲੁਬਾਣਾ, ਜੋਇੰਟ ਸਕੱਤਰ ਜੈਸਮੇਨ ਸਿੰਘ ਨੋਨੀ, ਸਲਾਹਕਾਰ ਜਸਪ੍ਰੀਤ ਸਿੰਘ ਵਿੱਕੀ ਮਾਨ ਅਤੇ ਐਗਜ਼ੀਕਿਊਟਿਵ ਮੈਂਬਰ ਹਰਜੀਤ ਸਿੰਘ ਪੱਪਾ ਸ਼ਾਮਲ ਸਨ। ਸਾਰੇ ਮੈਂਬਰਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਹਾਜ਼ਰੀ ਭਰ ਕੇ ਆਪਣਾ ਲਿਖਤੀ ਸਪਸ਼ਟੀਕਰਨ ਪੇਸ਼ ਕੀਤਾ।
ਮੀਡੀਆ ਨਾਲ ਗੱਲਬਾਤ ਕਰਦਿਆਂ ਭੁਪਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਦਿੱਲੀ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਇਸ ਮੌਕੇ ਹਾਜ਼ਰ ਨਹੀਂ ਹੋ ਸਕੇ। ਉਨ੍ਹਾਂ ਕਿਹਾ ਕਿ ਹਰਮੀਤ ਸਿੰਘ ਕਾਲਕਾ ਦੀ ਮਾਤਾ ਦੀ ਸਿਹਤ ਠੀਕ ਨਾ ਹੋਣ ਕਾਰਨ ਉਹ ਅੰਮ੍ਰਿਤਸਰ ਨਹੀਂ ਆ ਸਕੇ, ਇਸ ਲਈ ਉਨ੍ਹਾਂ ਦੀ ਨੁਮਾਇੰਦਗੀ ਉਨ੍ਹਾਂ ਦੇ ਪੀਏ ਵੱਲੋਂ ਕੀਤੀ ਗਈ।
ਭੁਪਿੰਦਰ ਭੁੱਲਰ ਨੇ ਕਿਹਾ ਕਿ ਜਥੇਦਾਰ ਸਾਹਿਬ ਨਾਲ ਇਸ ਮਸਲੇ ’ਤੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਹੋਇਆ ਹੈ ਅਤੇ ਸਪਸ਼ਟੀਕਰਨ ਲਿਖਤੀ ਰੂਪ ਵਿੱਚ ਸੌਂਪ ਦਿੱਤਾ ਗਿਆ ਹੈ। ਉਨ੍ਹਾਂ ਅਨੁਸਾਰ ਇਹ ਮਸਲਾ ਹੁਣ ਲਗਭਗ ਹੱਲ ਹੋ ਚੁੱਕਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜਥੇਦਾਰ ਸਾਹਿਬ ਵੱਲੋਂ ਜੋ ਵੀ ਆਦੇਸ਼ ਦਿੱਤੇ ਜਾਣਗੇ, ਉਹ ਡੀਐਸਜੀਪੀਸੀ ਵੱਲੋਂ ਸਿਰ ਮੱਥੇ ਸਵੀਕਾਰ ਕੀਤੇ ਜਾਣਗੇ।
ਉਨ੍ਹਾਂ ਕਿਹਾ ਕਿ ਜਥੇਦਾਰ ਸਾਹਿਬ ਨਾਲ ਮੁਲਾਕਾਤ ਪੂਰੀ ਤਰ੍ਹਾਂ ਸੁਖਾਵੇ ਅਤੇ ਸਕਾਰਾਤਮਕ ਮਾਹੌਲ ਵਿੱਚ ਹੋਈ। ਮੀਡੀਆ ਵਿੱਚ ਆਈਆਂ ਖ਼ਬਰਾਂ ਕਾਰਨ ਜੋ ਕਿਸੇ ਤਰ੍ਹਾਂ ਦੀ ਗਲਤਫ਼ਹਮੀ ਪੈਦਾ ਹੋਈ ਸੀ, ਅਸਲ ਵਿੱਚ ਅਜਿਹਾ ਕੁਝ ਵੀ ਨਹੀਂ ਸੀ। ਦੋਹਾਂ ਧਿਰਾਂ ਵਿਚਕਾਰ ਸਪਸ਼ਟਤਾ ਨਾਲ ਗੱਲਬਾਤ ਹੋਈ ਹੈ ਅਤੇ ਮਾਮਲੇ ਨੂੰ ਸ਼ਾਂਤੀਪੂਰਨ ਢੰਗ ਨਾਲ ਸੁਲਝਾ ਲਿਆ ਗਿਆ ਹੈ।