ਸ੍ਰੀਨਗਰ: Kishtwar 'ਚ ਸੁਰੱਖਿਆ ਬਲਾਂ ਨੂੰ ਮਿਲੀ ਵੱਡੀ ਸਫਲਤਾ
ਆਪ੍ਰੇਸ਼ਨ 'ਤ੍ਰਾਸ਼ੀ-1' ਦੌਰਾਨ ਜੈਸ਼-ਏ-ਮੁਹੰਮਦ ਦੇ ਦੋ ਅੱਤਵਾਦੀ ਹਲਾਕ
ਸ੍ਰੀਨਗਰ: 22 ਫਰਵਰੀ, 2026
ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ਵਿੱਚ ਅੱਜ ਸੁਰੱਖਿਆ ਬਲਾਂ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਪਾਕਿਸਤਾਨੀ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ (JeM) ਨਾਲ ਜੁੜੇ ਦੋ ਅੱਤਵਾਦੀਆਂ ਨੂੰ ਮੁਕਾਬਲੇ ਵਿੱਚ ਮਾਰ ਦਿੱਤਾ ਹੈ। ਫੌਜ ਦੇ ਵ੍ਹਾਈਟ ਨਾਈਟ ਕੋਰ ਅਨੁਸਾਰ ਇਹ ਸਫਲਤਾ ਚਤਰੂ ਬੈਲਟ ਦੇ ਪਾਸਰਕੁਟ ਖੇਤਰ ਵਿੱਚ ਚਲਾਏ ਗਏ ਸਾਂਝੇ ਆਪ੍ਰੇਸ਼ਨ 'ਤ੍ਰਾਸ਼ੀ-1' ਦੌਰਾਨ ਮਿਲੀ ਹੈ। ਮਾਰੇ ਗਏ ਅੱਤਵਾਦੀਆਂ ਕੋਲੋਂ ਦੋ AK-47 ਰਾਈਫਲਾਂ ਸਮੇਤ ਭਾਰੀ ਮਾਤਰਾ ਵਿੱਚ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਗਿਆ ਹੈ।
ਇਹ ਅਪਰੇਸ਼ਨ ਜੰਮੂ-ਕਸ਼ਮੀਰ ਪੁਲਿਸ, ਖੁਫੀਆ ਬਿਊਰੋ (IB) ਅਤੇ ਫੌਜ ਦੀਆਂ ਖੁਫੀਆ ਇਕਾਈਆਂ ਤੋਂ ਮਿਲੀ ਸਟੀਕ ਜਾਣਕਾਰੀ ਦੇ ਆਧਾਰ 'ਤੇ ਸ਼ੁਰੂ ਕੀਤਾ ਗਿਆ ਸੀ। ਸੀਆਈਐਫ (ਕਾਊਂਟਰ-ਇੰਟੈਲੀਜੈਂਸ ਫੋਰਸ) ਡੈਲਟਾ ਦੇ ਜਵਾਨਾਂ ਨੇ ਸੀਆਰਪੀਐਫ ਅਤੇ ਪੁਲਿਸ ਦੇ ਤਾਲਮੇਲ ਨਾਲ ਅੱਜ ਸਵੇਰੇ 11 ਵਜੇ ਦੇ ਕਰੀਬ ਇੱਕ ਬੇਹੱਦ ਮੁਸ਼ਕਲ ਪਹਾੜੀ ਖੇਤਰ ਵਿੱਚ ਅੱਤਵਾਦੀਆਂ ਨੂੰ ਘੇਰ ਲਿਆ। ਅੱਤਵਾਦੀਆਂ ਨੇ ਪਹਾੜੀ ਦੀ ਤਲਹਟੀ ਵਿੱਚ ਸਥਿਤ ਇੱਕ ਕੱਚੇ ਘਰ ਵਿੱਚ ਪਨਾਹ ਲਈ ਹੋਈ ਸੀ। ਜਦੋਂ ਸੁਰੱਖਿਆ ਬਲਾਂ ਦੀ ਸਰਚ ਪਾਰਟੀ ਉਨ੍ਹਾਂ ਦੇ ਨੇੜੇ ਪਹੁੰਚੀ ਤਾਂ ਅੱਤਵਾਦੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ, ਜਿਸ ਤੋਂ ਬਾਅਦ ਹੋਏ ਭਿਆਨਕ ਮੁਕਾਬਲੇ ਵਿੱਚ ਦੋਵੇਂ ਅੱਤਵਾਦੀ ਮਾਰੇ ਗਏ।
ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਮਾਰੇ ਗਏ ਦੋਵੇਂ ਅੱਤਵਾਦੀ ਪਾਕਿਸਤਾਨੀ ਨਾਗਰਿਕ ਸਨ। ਸੁਰੱਖਿਆ ਬਲਾਂ ਨੇ ਸਪੱਸ਼ਟ ਕੀਤਾ ਹੈ ਕਿ ਖੇਤਰ ਵਿੱਚ ਸ਼ਾਂਤੀ ਭੰਗ ਕਰਨ ਵਾਲਿਆਂ ਨੂੰ ਕੋਈ ਪਨਾਹ ਨਹੀਂ ਮਿਲੇਗੀ ਅਤੇ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਅਜੇ ਵੀ ਜਾਰੀ ਹੈ। ਜ਼ਿਕਰਯੋਗ ਹੈ ਕਿ ਇਸ ਸਾਲ ਜੰਮੂ ਖੇਤਰ ਵਿੱਚ ਵੱਖ-ਵੱਖ ਮੁਕਾਬਲਿਆਂ ਦੌਰਾਨ ਹੁਣ ਤੱਕ ਜੈਸ਼-ਏ-ਮੁਹੰਮਦ ਦੇ 6 ਅੱਤਵਾਦੀਆਂ ਨੂੰ ਬੇਅਸਰ ਕੀਤਾ ਜਾ ਚੁੱਕਾ ਹੈ। ਇਸ ਤੋਂ ਪਹਿਲਾਂ ਊਧਮਪੁਰ ਅਤੇ ਕਠੂਆ ਜ਼ਿਲ੍ਹਿਆਂ ਵਿੱਚ ਵੀ ਅਜਿਹੀਆਂ ਸਫਲ ਕਾਰਵਾਈਆਂ ਕੀਤੀਆਂ ਗਈਆਂ ਸਨ।