ਕਾਰਨੀ ਵੱਲੋਂ ਨਵ ਵਿਸ਼ਵ ਵਿਵਸਥਾ ਸਥਾਪਤੀ ਦਾ ਬਿਗੁਲ
ਸਾਡੇ ਕੋਲ ਉੱਚ ਪੱਧਰੀ ਕਦਰਾਂ ਕੀਮਤਾਂ ਹਨ। ਕਨੇਡਾ ਬਹੁਤ ਪੱਖੀ ਸਮਾਜ ਹੈ ਅਤੇ ਉਹ ਪੂਰੀ ਊਰਜਾ ਨਾਲ ਕੰਮ ਕਰ ਰਿਹਾ ਹੈ। ਸਾਡੀ ਸ਼ਕਤੀ ਸਾਡੀ ਇਮਾਨਦਾਰੀ ਹੈ ।
ਦਰਬਾਰਾ ਸਿੰਘ ਕਾਹਲੋ
20 ਜਨਵਰੀ 2026 ਨੂੰ ਦੇ ਕੈਨੇਡਾ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਦਵੋਸ( ਸਵਿਟਜਰਲੈਂਡ ਵਿਖੇ ਵਿਸ਼ਵ ਆਰਥਿਕ ਫੋਰਮ ਨੂੰ ਸੰਬੋਧਿਤ ਕਰਦੇ ਆਪਣੇ ਸੂਝ ਬੂਝ ਭਰੇ ਦੂਰ ਦ੍ਰਿਸ਼ਟੀ ਵਾਲੇ ਜਬਰਦਸਤ ਭਾਸ਼ਣ ਵਿੱਚ ,,ਜੋ ਉਹਨਾਂ ਖੁਦ ਹੀ ਲਿਖਿਆ ਸੀ, ਵਿਸ਼ਵ ਭਰ ਦੇ ਦਰਮਿਆਨੇ ਦਰਜੇ ਦੇ ਸਮੂਹ ਦੇਸ਼ਾਂ ਨੂੰ ਇਕ ਨਵ ਵਿਸ਼ਵ ਸੰਗਠਨ ਸਥਾਪਤ ਕਰਨ ਦਾ ਹੋਕਾ ਦਿੱਤਾ।ਉਨਾਂ ਕੈਨੇਡਾ ਦਾ ਸਟੈਂਡ ਸਪਸ਼ਟ ਕਰਦਿਆਂ ਕਰਦਿਆਂ ਉਸ ਭੇੜੀਏ ਪ੍ਰਤੀ ਜੋ ਬਾਰ ਬਾਰ ਉਨਾਂ ਦੇ ਦਰਵਾਜੇ ਤੇ ਦਸਤਕ ਦੇ ਰਿਹਾ ਹੈ ਭਾਵ ਅਮਰੀਕਾ ਦਾ ਨਾਮ ਲਏ ਬਗੈਰ ਸਾਰੇ ਵਿਸ਼ਵ ਭਾਈਚਾਰੇ ਵਿੱਚ ਦਲੇਰਾਨਾ ਢੰਗ ਨਾਲ ਕੁਝ ਉਸੇ ਤਰ੍ਹਾਂ ਦੀ ਆਵਾਜ਼ ਬੁਲੰਦ ਕੀਤੀ ਜਿਵੇਂ ਸਿਕੰਦਰ ਮਹਾਨ ਨੇ ਉਸ ਦੇ ਪਿਤਾ ਫਿਲਪਸ ਦੀ ਮੌਤ ਬਾਅਦ ਪਰਸ਼ੀਆ ਦੇ ਬਾਦਸ਼ਾਹ ਦਾਰਸ ਤੀਜੇ ਵੱਲੋਂ ਤਵਾਨ ਮੰਗਣ ਦੇ ਜਵਾਬ ਵਿੱਚ ਸਪਸ਼ਟ ਕਹਿ ਦਿੱਤਾ ਸੀ ਕਿ ਉਹ ਮੁਰਗੀ ਮਰ ਚੁੱਕੀ ਹੈ ਜੋ ਸੋਨੇ ਦੇ ਆਂਡੇ ਦਿੰਦੀ ਸੀ।ਉਹਨਾਂ ਕਿਹਾ ਕੈਨੇਡਾ ਕੋਲ ਉਹ ਸਭ ਕੁਝ ਹੈ ਜੋ ਵਿਸ਼ਵ ਚਾਹੁੰਦਾ ਹੈ। ਅਸੀਂ ਊਰਜਾ ਖੇਤਰ ਵਿੱਚ ਸੁਪਰ ਸ਼ਕਤੀ ਹਾਂ। ਸਾਡੇ ਕੋਲ ਬਹੁਤ ਹੀ ਵਸੀ ਹ ਖਣਿਜ ਪਦਾਰਥ,ਖਦਾਨਾ ਹਨ ।ਸਾਡੇ ਲੋਕ ਪੜੇ ਲਿਖੇ ਹਨ ਸਾਡੀ ਪੈਨਸ਼ਨ ਵਿਵਸਥਾ ਸਰਵੋਤਮ ਹੈ ਸਾਡੇ ਕੋਲ ਪੂੰਜੀ ਹੁਨਰ ਅਤੇ ਅਸੀਂ ਵਿੱਤੀ ਵਿਵਸਥਾ ਰੱਖਣ ਵਾਲਾ ਰਾਜ ਅਤੇ ਵਧੀਆ ਸਾਸਨ ਅਧਾਰਤ ਸਰਕਾਰ ਹੈ ।ਸਾਡੇ ਕੋਲ ਉੱਚ ਪੱਧਰੀ ਕਦਰਾਂ ਕੀਮਤਾਂ ਹਨ। ਕਨੇਡਾ ਬਹੁਤ ਪੱਖੀ ਸਮਾਜ ਹੈ ਅਤੇ ਉਹ ਪੂਰੀ ਊਰਜਾ ਨਾਲ ਕੰਮ ਕਰ ਰਿਹਾ ਹੈ। ਸਾਡੀ ਸ਼ਕਤੀ ਸਾਡੀ ਇਮਾਨਦਾਰੀ ਹੈ । ਅਜੋਕੇ ਟੁੱਟ ਭੱਜ ਅਤੇ ਗਲ ਸੜ ਚੁੱਕੇ ਗਲੋਬਲ ਸਿਸਟਮ ਵਿੱਚੋਂ ਅਸੀਂ ਬਾਹਰ ਆ ਚੁੱਕੇ ਹਾਂ ।ਅਸੀਂ ਆਪਣਾ ਵਧੀਆ ਸ਼ਕਤੀਸ਼ਾਲੀ ਅਤੇ ਇਨਸਾਫ ਅਧਾਰਤ ਕੈਨੇਡਾ ਸਿਰਜਣ ਦੀ ਸ਼ਕਤੀ ਰੱਖਦੇ ਹਾਂ ।ਇੰਜ ਹੀ ਵਿਸ਼ਵ ਦੀਆਂ ਸਾਰੀਆਂ ਦਰਮਿਆਨੀਆਂ ਸ਼ਕਤੀਆਂ ਨੂੰ ਇਸ ਵਿੱਚੋਂ ਬਾਹਰ ਆਉਣਾ ਚਾਹੀਦਾ ਹੈ ।ਉਹ ਬਹੁਤ ਕੁਝ ਗੁਆ ਚੁੱਕੀਆਂ ਹਨ ਇਸ ਕਿਲੇਦਾਰੀ ਵਿੱਚੋਂ। ਹੁਣ ਉਹਨਾਂ ਨੂੰ ਆਪਸ ਵਿੱਚ ਮਿਲ ਬੈਠ ਕੇ ਇੱਕ ਨਵਾਂ ਕਮਾਂਤਰੀ ਸਿਸਟਮ ਸਿਰਜਣ ਦੀ ਲੋੜ ਹੈ ।
ਝੂਠੀ ਵਿਵਸਥਾ:
ਸਥਾਪਤ ਵਿਸ਼ਵ ਵਿਵਸਥਾ ਦਾ ਪੋਲ ਖੋਲਦੇ ਪ੍ਰਧਾਨ ਮੰਤਰੀ ਕਾਰਨੀ ਨੇ ਕਿਹਾ ਕਿ ਇਸ ਵਿੱਚ ਸ਼ਾਮਿਲ ਵਿਸ਼ਵ ਦੇ ਕੌਮਾਂਤਰੀ ਸੰਗਠਨ ਜਿਵੇਂ ਕਿ ਸੰਯੁਕਤ ਰਾਸ਼ਟਰ ਸੰਘ,ਵਿਸ਼ਵ ਵਪਾਰ ਸੰਗਠਨ ,ਵਾਤਾਵਰਨ ਸੰਗਠਨ ,ਪਾਰਟੀਆਂ ਦੇ ਕਾਨਫਰੰਸ ਸੰਗਠਨ ਆਦਿ ਸਭ ਵਿੱਚ ਕਾਨੂੰਨ ਅਧਾਰਤ ਗਲੋਬਲ ਅਵਸਥਾ ਦੀ ਥਾਂ 'ਤਕੜੇ ਦਾ ਸਤੀ ਵੀਂ ਸੌ'ਵਿਵਸਥਾ ਭਾਰੂ ਹੋ ਚੁੱਕੀ ਹੈ ।ਅੱਜ ਆਰਥਿਕ ਸਾਂਝੀਦਾਰੀ ਦੇ ਨਕਾਬ ਹੇਠ ਵਿਸ਼ਵ ਦੀਆਂ ਮਹਾ ਸ਼ਕਤੀਆਂ(ਅਮਰੀਕਾ, ਰੂਸ, ਚੀਨ)ਕਮਜ਼ੋਰ ਅਤੇ ਪਿੱਠੂ ਦੇਸ਼ਾਂ ਨੂੰ ਆਪਣੀਆਂ ਬਸਤੀਆਂ ਸਥਾਪਿਤ ਕਰਨਾ ਚਾਹੁੰਦੇ ਹਨ ।
ਇਸ ਸਬੰਧੀ ਉਨਾਂ ਨੇ ਚੈੱਕ ਗਣਰਾਜ ਦੀ ਇੱਕ ਪੁਰਾਣੀ ਮਿਸਾਲ ਦਿੱਤੀ ।ਇਹ ਮਿਸਾਲ ਉਹਨਾਂ ਨੇ ਚੈੱਕ ਗਣਰਾਜ ਦੀ ਵਿਰੋਧੀ ਧਿਰ ਦੇ ਆਗੂ ਵਿਕਲਾਵ ਹਾਵਿਲ ਜੋ ਬਾਅਦ ਵਿੱਚ ਉਥੋਂ ਦੇ ਰਾਸ਼ਟਰਪਤੀ ਬਣੇ ਦੇ ਲੇਖ "ਨਿਤਾਣਿਆਂ ਦੇ ਤਾਣ "ਵਿੱਚੋਂ ਲਈ ।ਉਹਨਾਂ ਕਿਹਾ ਕਿ ਇੱਕ ਗਲੀ ਵਿੱਚ ਕੁਝ ਦੁਕਾਨਦਾਰਾਂ ਦੀਆਂ ਦੁਕਾਨਾਂ ਸਨ ।ਉਹਨਾਂ ਵਿੱਚ ਇਹ ਕਮਜ਼ੋਰ ਸਬਜ਼ੀ ਵਿਕਰੇਤਾ ਦੀ ਦੁਕਾਨ ਵੀ ਸੀ ਜੋ ਆਪਣੀ ਦੁਕਾਨ ਖੋਲਣ ਤੋਂ ਬਾਅਦ ਉਸਦੀ ਖਿੜਕੀ ਵਿੱਚ ਇੱਕ ਬੋਰਡ "ਵਿਸ਼ਵ ਭਰ ਦੇ ਮਜ਼ਦੂਰੋ ਇਕ ਹੋ ਜਾਓ"ਸਜਾ ਦਿੰਦਾ।ਪਰ ਉਸ ਨੂੰ ਇਸ ਫਲਸਫੇ ਵਿੱਚ ਯਕੀਨ ਨਹੀਂ ਸੀ ਕਿਉਂਕਿ ਦੂਸਰੇ ਦੁਕਾਨਦਾਰ ਇੰਜ ਹੀ ਕਰਦੇ ਸਨ ਇਸ ਲਈ ਉਹ ਵੀ ਉਥੋਂ ਦੇ ਸਥਾਪਿਤ ਨਿਜ਼ਾਮ ਦੇ ਡਰ ਕਰਕੇ ਲਗਾਉਂਦਾ ਸੀ ।ਇਹ ਇੱਕ ਝੂਠ ਸੀ ਲੇਕਿਨ ਲੋਕ ਡਰ ਅਤੇ ਹਿੰਸਾ ਤੋਂ ਬਚਣ ਲਈ ਇੰਜ ਕਰ ਰਹੇ ਸਨ ।ਲੇਕਿਨ ਸੱਚ ਇਹ ਹੈ ਕਿ ਜੇਕਰ ਇੱਕ ਵਿਅਕਤੀ ਵੀ ਇਹ ਬੋਰਡ ਲਗਾਉਣਾ ਬੰਦ ਕਰ ਦਿੰਦਾ ਤਾਂ ਸਥਾਪਤ ਵਿਵਸਥਾ ਦਾ ਭਰਮ ਟੁੱਟਣਾ ਸ਼ੁਰੂ ਹੋ ਜਾਣਾ ਸੀ।ਹਾਵਿਲ ਦਾ ਐਸਾ ਹੀ ਮੰਨਣਾ ਸੀ।
ਕਨੇਡੀਅਨ ਪ੍ਰਧਾਨ ਮੰਤਰੀ ਨੇ ਵਿਸ਼ਵ ਭਰ ਦੇ ਦਰਮਿਆਨੀ ਸ਼ਕਤੀ ਵਾਲੇ ਦੇਸ਼ਾਂ ਅਤੇ ਕੰਪਨੀਆਂ ਨੂੰ ਆਪਣੀਆਂ ਖਿੜਕੀਆਂ ਵਿੱਚੋਂ ਐਸੇ ਝੂਠ ਦੇ ਬੋਰਡ ਤੁਰੰਤ ਹਟਾਉਣ ਦਾ ਹੋਕਾ ਦਿੱਤਾ। ਹੁਣ ਐਸੀ ਝੂਠੀ ਵਿਵਸਥਾ ਵਿੱਚ ਨਹੀਂ ਰਿਹਾ ਜਾ ਸਕਦਾ ਕਿਉਂਕਿ ਇਹ ਝੂਠ ਅਜੋਕੇ ਰਾਸ਼ਟਰਾਂ ਦੀ ਕਮਜ਼ੋਰੀ ਬਣ ਚੁੱਕਾ ਹੈ।
ਪ੍ਰਭੂਸੱਤਾ ਦੀ ਰਾਖੀ :
ਅੱਜ ਭੇੜੀਆ ਅਤੇ ਡਾਕੂਆਂ ਦਾ ਰੂਪ ਧਾਰਨ ਬੈਠੀਆਂ ਮਹਾਂ ਸ਼ਕਤੀਆਂ ਤੋਂ ਕਿਸੇ ਵੀ ਦੇਸ਼ ਦੀ ਪ੍ਰਭੂ ਸੱਤਾ ਸੁਰਖਿਅਤ ਨਹੀਂ ਹੈ।ਪੂਰੇ ਵਿਸ਼ਵ ਦੇ ਰਾਸ਼ਟਰ ਇਹਨਾਂ ਤੋਂ ਡਰੇ ਅਤੇ ਸਹਿਮੇ ਪਏ ਹਨ ।ਵੈਨਜੂਵੇਲਾ ਵਿਚ ਕੀ ਹੋਇਆ ?ਇਕ ਖੂਖਾਰ ਡਾਕੂ ਦਾ ਰੂਪ ਧਾਰਨ ਕਰਦਿਆਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਉਸਦੇ ਰਾਸ਼ਟਰਪਤੀ ਨਿਕੋਲਸ ਮਾਦੂਰੋ ਅਤੇ ਉਸਦੀ ਪਤਨੀ ਨੂੰ ਉਸਦੇ ਬਿਸਤਰੇ ਵਿੱਚੋਂ ਅਗਵਾਹ ਕਰਕੇ ਅਮਰੀਕਾ ਲੈ ਆਇਆ । ਵਿਸ਼ਵ ਦੇ ਕਿਸੇ ਰਾਸ਼ਟਰ ਨੇ ਚੂੰ ਚਾਂ ਨਾ ਕੀਤੀ ।ਗਾਜਾ ਵਿੱਚ ਅਮਰੀਕਾ ਅਤੇ ਇਸ ਤੇ ਹਮਜੋਲੀ ਇਸਰਾਇਲ ਨੇ ਉਸ ਪੱਟੀ ਦਾ ਮਲੀਆਮੇਟ ਕਰ ਦਿੱਤਾ ।70 ਹਜਾਰ ਤੋਂ ਵੱਧ ਲੋਕ ਮਾਰ ਦਿੱਤੇ ,ਲੱਖਾਂ ਜ਼ਖਮੀ ਅਤੇ ਬੇਘਰ ਦਿੱਤੇ ।ਅਨੇਕ ਭੁਖਮਰੀ ਨਾਲ ਮਰ ਰਹੇ ਹਨ ।ਪਰ ਮਹਾਂ ਸ਼ਕਤੀਆਂ ਦੇ ਡਰ ਦੇ ਮਾਰੇ ਕੋਈ ਦੇਸ਼ ਗਾਜਾ ਨੂੰ ਬਚਾਉਣ ਲਈ ਅੱਗੇ ਨਹੀਂ ਆਇਆ ।ਇਹਨਾਂ ਨੇ ਇਰਾਨ ਨੂੰ ਵੀ ਮਲੀਆਮੇਟ ਕਰਨਾ ਚਾਹਿਆ ਪਰ ਉਸ ਵੱਲੋਂ ਦਮ ਦਿਖਾਉਣ ਕਰਕੇ ਸਮਝੌਤਾ ਕਰਨਾ ਪਿਆ।ਹੁਣ ਫਿਰ ਉਸਦਾ ਤਖਤਾ ਪਲਟਣ ਦੀ ਕੋਸ਼ਿਸ਼ ਕੀਤੀ।ਸੀਆਈਏ ਅਤੇ ਮੁਸਾਦ ਵੱਲੋਂ ਇਰਾਨ ਵਿੱਚ ਜਨਤਕ ਵਿਦਰੋਹ ਪੈਦਾ ਕਰਨ ਦਾ ਅਸਫਲ ਯਤਨ ਕੀਤਾ ਗਿਆ।
24 ਫਰਵਰੀ 2022 ਤੋਂ ਯੂਕਰੇਨ ਤੇ ਰੂਸੀ ਹਮਲਾ ਜਾਰੀ ਹੈ ਪਰ ਅਜੇ ਤੱਕ ਕਿਸੇ ਮਹਾ ਸ਼ਕਤੀ ਨੇ ਉਥੇ ਸ਼ਾਂਤੀ ਸਥਾਪਿਤ ਕਰਨ ਦਾ ਸੁਹਿਰਦ ਯਤਨ ਨਹੀਂ ਕੀਤਾ। ਇਵੇਂ ਹੀ ਅਫਰੀਕਾ ਵਿੱਚ ਬਸਤੀਵਾਦ ਨੂੰ ਲੈ ਕੇ ਇਹਨਾਂ ਮਹਾਂ ਸ਼ਕਤੀਆਂ ਵੱਲੋਂ ਸਥਾਨਕ ਜੰਗਾਂ ਜਾਰੀ ਹਨ ।
ਜਿਸ ਝੂਠ ਦੇ ਨਕਾਬ ਹੇਠ ਅਮਰੀਕਾ ਨੇ ਯੂਐਨਓ ਅਤੇ ਨਾਟੋ ਸਹਿਯੋਗੀਆਂ ਨੂੰ ਗੁਮਰਾਹ ਕਰਕੇ ਇਰਾਕ ਦੇ ਸਦਾਮ ਹੁਸੈਨ ਸ਼ਾਸਨ ਦੀ ਬਰਬਾਦੀ ਕੀਤੀ,ਅਫਗਾਨਿਸਤਾਨ ਦੇ ਤਾਲਬਨ ਸ਼ਾਸਨ ਨੂੰ ਤਬਾਹ ਕੀਤਾ ,ਲਿਬੀਆ ਨੂੰ ਮਲੀਆਮੇਟ ਕੀਤਾ,ਇਸ ਨੂੰ ਕੌਣ ਨਹੀਂ ਜਾਣਦਾ ?ਸਦਾਮ ਹੁਸੈਨ ਕੋਲ ਕਿਹੜੇ ਰਸਾਇਣਿਕ ਹਥਿਆਰ ਸਨ ?ਉਸਾਮਾ ਬਿਨ ਲਾਦੇਨ ਅਮਰੀਕਾ ਦੀ ਹੀ ਉਪਜ ਸੀ ਜਿਸ ਨੂੰ ਪਾਕਿਸਤਾਨ ਦੀ ਪ੍ਰਭੂਸੱਤਾ ਨੂੰ ਠੁਠ ਦਿਖਾਉਂਦੇ ਜਾਬਰ ਸ਼ਾਹੀ ਨਾਲ ਆਪਣੇ ਸੀਲ ਦਸਤੇ ਭੇਜ ਕੇ ਮਾਰ ਮੁਕਾਇਆ।
ਕਾਰਨੀ ਨੇ ਬੇਬਾਕੀ ਨਾਲ ਕਿਹਾ ਕਿ ਪੱਛਮੀ ਦੇਸ਼ ਵੀ ਇਸ ਝੂਠ ਦਾ ਸ਼ਿਕਾਰ ਹੋ ਕੇ ਆਪਣੇ ਨਿੱਜੀ ਲਾਭਾਂ ਅਤੇ ਮੁਫਾਦਾਂ ਲਈ ਅਮਰੀਕਾ ਨਾਲ ਰਲੇ ਰਹੇ।ਹੁਣ ਹਾਲ ਇਹ ਹੈ ਕਿ ਅਮਰੀਕਾ ਪੂਰੇ ਵਿਸ਼ਵ ਅੰਦਰ ਆਪਣੀ ਏਕਾਧਿਕਾਰੀ ਸਰਦਾਰੀ ਕਾਇਮ ਕਰਨਾ ਚਾਹੁੰਦਾ ਹੈ ਅਤੇ ਅਜੋਕੀਆਂ ਸੰਸਥਾਵਾਂ ਦੀ ਥਾਂ ਆਪਣੀ ਸਰਦਾਰੀ ਹੇਠ "ਬੋਰਡ ਆਫ ਪੀਸ"ਸਥਾਪਿਤ ਕਰਕੇ ਜਿਸ ਦਾ ਉਹ ਸਾਰੀ ਉਮਰ ਚੇਅਰਮੈਨ ਰਹੇਗਾ, ਪੂਰੇ ਗਲੋਬ ਦਾ ਨਕਸ਼ਾ ਬਦਲਣਾ ਚਾਹੁੰਦਾ ਹੈ। ਇਸ ਬੋਰਡ ਵਿੱਚ ਮੈਂਬਰ ਬਣਨ ਲਈ ਉਸਨੇ 60 ਦੇਸ਼ਾਂ ਨੂੰ ਸੱਦਾ ਭੇਜਿਆ ਹੈ ਜਿਸ ਵਿੱਚ ਭਾਰਤ ਵੀ ਸ਼ਾਮਿਲ ਹੈ ।ਇੱਕ ਬਿਲੀਅਨ ਰਾਸ਼ੀ ਦੇਣ ਵਾਲੇ ਨੂੰ ਸਥਾਈ ਮੈਂਬਰਸ਼ਿਪ ਪ੍ਰਦਾਨ ਕੀਤੀ ਜਾਏਗੀ।ਕੀ ਐਸੀ ਵਿਵਸਥਾ ਵਿੱਚ ਕਿਸੇ ਵੀ ਦੇਸ਼ ਦੀ ਪ੍ਰਭੂ ਸੱਤਾ ਸੁਰਖਿਅਤ ਰਹਿ ਸਕੇਗੀ ?ਅੱਜ ਸਾਨੂੰ ਹਰ ਦਿਨ ਯਾਦ ਰੱਖਣਾ ਪਵੇਗਾ ਕਿ ਅਸੀਂ ਮਹਾਂ ਸ਼ਕਤੀਆਂ ਦੇ ਆਪਣੇ ਨਿਜੀ ਮੁਫਾਦ ਭਰੇ ਹਾਲਾਤਾਂ ਦੇ ਦੌਰ ਵਿੱਚ ਵਿੱਚ ਰਹਿ ਰਹੇ ਹਾਂ।ਜਿਸ ਕੋਲ ਸ਼ਕਤੀ ਹੈ ਉਹ ਕੁਝ ਵੀ ਕਰ ਸਕੇਗਾ ਅਤੇ ਜੋ ਕਮਜ਼ੋਰ ਹੈ ਉਸ ਨੂੰ ਇਹ ਸਹਿਣਾ ਹੀ ਪਏਗਾ ।ਸੋ ਇਸ ਵਿਵਸਥਾ ਤੋਂ ਬਚਣ ਲਈ ਦਰਮਿਆਨੀ ਸ਼ਕਤੀ ਵਾਲੇ ਦੇਸ਼ਾਂ ਨੂੰ ਇੱਕ ਜੁੱਟ ਹੋ ਕੇ ਇੱਕ ਨਵੀਂ ਕੌਮਾਂਤਰੀ ਆਪਸੀ ਮਿਲਵਰਤਨ ,ਬਰਾਬਰੀ ਅਤੇ ਇਨਸਾਫ ਅਧਾਰਤ ਵਿਵਸਥਾ ਸਥਾਪਿਤ ਕਰਨ ਲਈ ਅੱਗੇ ਆਉਣਾ ਪਵੇਗਾ ।
ਟਰੰਪ ਨੂੰ ਲਗਾਮ :
ਅਮਰੀਕੀ ਕਾਂਗਰਸ ਅਤੇ ਲੋਕਤੰਤਰ ਨੂੰ ਪਿਆਰ ਕਰਨ ਵਾਲੇ ਅਮਰੀਕੀ ਚੇਤਨ ਲੋਕਾਂ ਨੂੰ ਆਪਣੇ 80 ਸਾਲਾ ਸੁੱਧ ਬੁੱਧ ਗਵਾ ਬੈਠੇ ਨਾਰਸਿਸਟ ਰਾਸ਼ਟਰਪਤੀ ਟਰੰਪ ਜੋ ਨਾਜੀਵਾਦੀ ਹਿਟਲਰ ਅਤੇ ਫਾਸ਼ੀਵਾਦੀ ਮੁਸਲਿਨੀ ਦੀ ਰਾਹ ਤੇ ਚੱਲ ਕੇ ਗੁਆਂਢੀ ਰਾਜਾਂ ਨੂੰ ਨਿਤ ਦਿਨ ਧਮਕੀਆਂ ਦੇ ਰਿਹਾ ਹੈ, ਟਰੰਪ ਟੈਰਰ ਨਾਲ ਪੂਰੇ ਵਿਸ਼ਵ ਦੀ ਅਰਥ ਵਿਵਸਥਾ ਨੂੰ ਬਰਬਾਦ ਕਰ ਰਿਹਾ ਹੈ,ਕੈਨੇਡਾ ਨੂੰ 51ਵਾ ਸੂਬਾ ਬਣਾਉਣ ,ਨਹਿਰ ਪਨਾਮਾ ਅਤੇ ਗਰੀਨਲੈਂਡ ਤੇ ਕਬਜ਼ਾ ਕਰਨ,ਗਾਜਾ ਵਿਖੇ ਟਰੰਪ ਟਾਵਰ
ਅਤੇ ਰਵੇਰੀਆ ਉਸਾਰਨ ਦੇ ਦਾਵੇ ਕਰ ਰਿਹਾ ਹੈ, ਨਕਸ਼ੇ ਵਿੱਚ ਵੈਨਯੂਵੇਲਾ, ਕੈਨੇਡਾ ਅਤੇ ਗਰੀਨਲੈਂਡ ਨੂੰ ਅਮਰੀਕਾ ਦਾ ਝੰਡਾ ਗੱਡ ਕੇ ਇਹਸਾ ਦਰਸਾ ਰਿਹਾ ਹੈ।ਅਮਰੀਕਾ ਅੰਦਰ ਆਪਣੇ ਦੇਸ਼ ਵਾਸੀਆਂ ਨੂੰ ਨੈਸ਼ਨਲ ਗਾਰਡ ਅਤੇ ਆਈਸ ਏਜਸੀਆਂ ਰਾਹੀਂ ਡਰਾ ਧਮਕਾ ਰਿਹਾ ਹੈ(37ਸਾਲਾ ਰੇਨੀ ਗੁਡ ਵਾਂਗ ਕਈ ਬੇਗੁਨਾਹ ਅਮਰੀਕੀ ਮਾਰ ਮੁਕਾਏ ਹਨ ) ਗੈਰ ਕਾਨੂੰਨੀ ਪ੍ਰਵਾਸੀਆਂ ਦੇ ਨਾਲ ਚੰਗੇ ਪ੍ਰਵਾਸੀਆਂ ਨੂੰ ਵੀ ਜ਼ਿਆਦਤੀਆਂ ਦਾ ਸ਼ਿਕਾਰ ਬਣਾ ਰਿਹਾ ਹੈ ।ਦੇਸ਼ ਵਿੱਚ ਬੇਰੁਜ਼ਗਾਰੀ,ਮਹਿੰਗਾਈ ,ਸਿਹਤ ਅਤੇ ਅਮਨ ਕਾਨੂੰਨ ਦੀ ਵਿਵਸਥਾ ਬੁਰੀ ਤਰਹਾਂ ਚਰਮਰਾ ਰਹੀ ਹੈ।ਅਮਰੀਕੀ ਸੰਵਿਧਾਨ,ਕਾਨੂੰਨ ਅਤੇ ਲੋਕਤੰਤਰ ਦੀ ਰਤਾ ਪ੍ਰਵਾਹ ਨਹੀਂ ਕਰ ਰਿਹਾ।ਵਿਸ਼ਵ ਨੂੰ ਤੀਸਰੀ ਵੱਡੀ ਜੰਗ ਵੱਲ ਧਕੇਲ ਰਿਹਾ ਹੈ।ਅਮਰੀਕੀ ਨਾਗਰਿਕਾਂ ਅਤੇ ਕਾਂਗਰਸ ਦਾ ਇਹ ਫਰਜ਼ ਹੈ ਕਿ ਉਹ ਆਪਣੇ ਦੇਸ਼ ਦੀ ਤਰੱਕੀ ਅਤੇ ਖੁਸ਼ਹਾਲੀ ਅਤੇ ਵਿਸ਼ਵ ਸ਼ਾਂਤੀ ਲਈ ਐਸੇ ਅਰਧ ਪਾਗਲ ਰਾਸ਼ਟਰਪਤੀ ਨੂੰ ਲਗਾਮ ਦੇਣ।25ਵੀ ਸੰਵਿਧਾਨਿਕ ਸੋਧ ਨੂੰ ਤੁਰੰਤ ਅਮਲ ਵਿੱਚ ਲਿਆਉਂਦੇ ਇਸ ਨੂੰ ਪਦ ਤੋਂ ਬਰਖਾਸਤ ਕਰਨ।
ਜਾਗ੍ਰਿਤੀ:
ਮਾਰਕ ਕਾਰਨੀ ਜੋ ਵਿਸ਼ਵ ਪ੍ਰਸਿੱਧ ਅਰਥ ਸ਼ਾਸਤਰੀ ਹਨ।ਬੈਂਕ ਆਫ ਕੈਨੇਡਾ ਅਤੇ ਬੈਂਕ ਆਫ ਇੰਗਲੈਂਡ ਦੇ ਚੇਅਰਮੈਨ ਰਹਿ ਚੁੱਕੇ ਹਨ।ਵਿਸ਼ਵ ਬੈਂਕ ਅਤੇ ਹੋਰ ਕਈ ਕੋਮਾਂਤਰੀ ਆਰਥਿਕ ਸੰਸਥਾਵਾਂ ਦੇ ਸਲਾਹਕਾਰ ਰਹਿ ਚੁੱਕੇ ਹਨ।ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਦੇ ਸਲਾਹਕਾਰ ਰਹਿ ਚੁੱਕੇ ਹਨ।ਉਨਾਂ ਨੇ ਪ੍ਰਧਾਨ ਮੰਤਰੀ ਵਜੋਂ ਆਪਣੇ ਦੇਸ਼ ਦੀ ਰਾਖੀ, ਤਰੱਕੀ ,ਆਪਸੀ ਇਕਜੁੱਟਤਾ ਦੇ ਬਲਬੂਤੇ ਨਾ ਸਿਰਫ ਕੈਨੇਡਾ ਨੂੰ ਅਮਰੀਕੀ ਭੇੜੀਏ ਤੋਂ ਬਚਾਉਣ ਲਈ ਵਿਸ਼ਵ ਦੇ ਵੱਖ-ਵੱਖ ਦੇਸ਼ਾਂ ਨਾਲ ਵਪਾਰਕ ਅਤੇ ਯੁੱਧਨੀਤਕ ਸਮਝੌਤੇ ਕੀਤੇ ਹਨ ਬਲਕਿ ਉਹਨਾਂ ਨੇ ਪੂਰੇ ਵਿਸ਼ਵ ਦੇ ਦਰਮਿਆਨੇ ਦਰਜੇ ਦੇ ਸ਼ਕਤੀਸ਼ਾਲੀ ਦੇਸ਼ਾਂ ਨੂੰ ਅਮਰੀਕਾ ,ਰੂਸ ਅਤੇ ਚੀਨ ਵਰਗੀਆਂ ਮਹਾ ਸ਼ਕਤੀਆਂ ਦੀ ਚੁੰਗਲ ਵਿੱਚੋਂ ਬਾਹਰ ਆਉਣ ਲਈ ਦਲੇਰਾਂ ਨਾ ਅਗਵਾਈ ਦਿੱਤੀ ਹੈ।ਉਹਨਾਂ ਸਪਸ਼ਟ ਕਿਹਾ ਕਿ ਇਹ ਮਹਾ ਸ਼ਕਤੀਆਂ ਆਪਣੀ ਆਰਥਿਕ, ਫੌਜੀ,ਜੁਗਾੜੂ ,ਕੂਟਨੀਤਕ,
ਯੁੱਧਨੀਤਕ ਸ਼ਕਤੀ ਅਤੇ ਅਸੀਮ ਸਾਧਨਾ ਰਾਹੀਂ ਪੂਰੇ ਵਿਸ਼ਵ ਤੇ ਆਪਣੀ ਏਕਾਧਿਕਾਰਵਾਦੀ ਧੌਂਸ ਕਾਇਮ ਰੱਖ ਸਕਦੀਆਂ ਹਨ। ਦਰਮਿਆਨੀ ਸ਼ਕਤੀ ਰੱਖਣ ਵਾਲੇ ਅਤੇ ਪਛੜੇ ਦੇਸ਼ ਇਹਨਾਂ ਦੀ ਧੌਂਸ ਅੱਗੇ ਟਿਕ ਨਹੀਂ ਸਕਦੇ।ਉਹਨਾਂ ਕੋਲ ਇਹਨਾਂ ਦੀ ਸਰਦਾਰੀ ਮੰਨਣ ਜਾਂ ਬਸਤੀ ਬਣਨ ਬਗੈਰ ਕੋਈ ਚਾਰਾ ਨਹੀਂ ।ਉਨਾਂ ਨੇ ਇਹਨਾਂ ਸ਼ਕਤੀਆਂ ਨੂੰ ਜ਼ੋਰ ਦੇ ਕੇ ਕਿਹਾ ਕਿ ਉਹ ਆਪਣੀਆਂ ਖਿੜਕੀਆਂ ਵਿੱਚ ਇਹਨਾਂ ਮਹਾਂ ਸ਼ਕਤੀਆਂ ਨੂੰ ਖੁਸ਼ ਕਰਨ ਵਾਲੇ ਬੋਰਡ ਲਗਾਉਣੇ ਬੰਦ ਕਰ ਦੇਣ।
ਇਹ ਨਹੀਂ ਕਿ ਦੂਸਰੇ ਰਾਸ਼ਟਰਾਂ ਦੇ ਆਗੂ ਇਸ ਸੱਚਾਈ ਤੋਂ ਵਾਕਫ ਨਹੀਂ ਸਨ ਲੇਕਿਨ ਉਹਨਾਂ ਵਿੱਚ ਕੋਈ ਵੀ ਅਜਿਹਾ ਕਹਿਣ ਅਤੇ ਬੋਲਣ ਦੀ ਸ਼ਕਤੀ ਨਹੀਂ ਸੀ।ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਇਤਿਹਾਸਿਕ ਜੁਅਰਤ ਨਾਲ ਵਿਸ਼ਵ ਆਰਥਿਕ ਫੋਰਮ ਤੇ ਮਹਾ ਸ਼ਕਤੀਆਂ ਦੇ ਚੈਲੇੰਜ ਨੂੰ ਕਬੂਲ ਕਰਦਿਆਂ ਆਪਣੇ ਭਾਸ਼ਣ ਰਾਹੀਂ ਇਕ ਨਵੀਂ ਵਿਸ਼ਵ ਵਿਵਸਥਾ ਪ੍ਰਸ ਤੁਤ ਕਰਦਿਆਂ ਪੂਰੇ ਗਲੋਬ ਨੂੰ ਹਿਲਾ ਕੇ ਰੱਖ ਦਿੱਤਾ।
ਉਪਰੰਤ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋ ਨੇ ਕਿਹਾ ਕਿ ਉਹ ਟਰੰਪ ਦੀ ਬੁਲੀ ਅੱਗੇ ਨਹੀਂ ਝੁਕਣਗੇ।
ਯੂਕੇ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਕਿਹਾ ਕਿ ਸਾਨੂੰ ਟਰੰਪ ਤੋਂ ਆਜ਼ਾਦੀ ਚਾਹੀਦੀ ਹੈ।ਬੈਲਜੀਅਮ ਦੇ ਪ੍ਰਧਾਨ ਮੰਤਰੀ ਬਾਰਟ ਡੀ ਵੇਵਰ ਦਾ ਕਹਿਣਾ ਸੀ ਕਿ ਟਰੰਪ ਨੇ ਬਹੁਤ ਸਾਰੀਆ ਲਛਮਣ ਰੇਖਾਵਾਂ ਨੂੰ ਪਾਰ ਕਰ ਲਿਆ ਹੈ। ਅੱਜ ਜਾਗਣ ਦਾ ਵੇਲਾ ਹੈ ।ਯੂਰਪ ਉਸ ਦਾ ਗੁਲਾਮ ਨਹੀਂ ਬਣ ਸਕਦੇ ।ਉਸ ਨੇ ਇਟਲੀ ਦੇ ਮਾਰਕਸਿਸਟ ਫਿਲੋਸਫਰ ਅਟੋਨੀਓ ਗਰਾਮਸਕੀ ਦੇ ਸ਼ਬਦ ਬੋਲਦੇ ਚੇਤਾਵਨੀ ਦਿੱਤੀ ਕਿ ਜਦੋਂ ਪੁਰਾਣੀ ਵਿਵਸਥਾ ਮਰ ਰਹੀ ਹੋਵੇ ਅਤੇ ਨਵੀਂ ਅਜੇ ਪੈਦਾ ਨਹੀਂ ਹੁੰਦੀ ਤੇ ਤੁਸੀਂ ਰਾਖਸ਼ਾ ਦੇ ਕਾਲ ਵਿੱਚ ਰਹਿੰਦੇ ਹੁੰਦੇ ਹੋ ।ਭਾਵ ਪ੍ਰਧਾਨ ਮੰਤਰੀ ਕਾਰਨੀ ਅਨੁਸਾਰ ਘੜੀ ਗਈ ਨਵੀਂ ਵਿਸ਼ਵ ਵਿਵਸਥਾ ਦੇ ਸਥਾਪਿਤ ਹੋਣ ਤੱਕ ਪੂਰੇ ਵਿਸ਼ਵ ਨੂੰ ਟਰੰਪ ਵਰਗੇ ਰਾਖਸ਼ਾ ਦੇ ਕਾਲ ਤੋਂ ਬਚਣ ਦੀ ਲੋੜ ਹੈ ।ਕਾਰਲੇਟਰ ਯੂਨੀਵਰਸਿਟੀ ਪ੍ਰੋਫੈਸਰ ਫੈਨ ਹੈਪਸਨ ਅਨੁਸਾਰ ਕੀ ਕਾਰਨੀ ਲਿਲੀਪੁੱਟਾਂ ਨੂੰ ਗੁੱਲੀਵਰ ਖਿਲਾਫ ਬਗਾਵਤ ਲਈ ਜਾਗਰਿਤ ਕਰ ਰਿਹਾ ਹੈ ਜਿਸ ਨੇ ਗੁੰਡਾਗਰਦੀ ਦਾ ਰੂਪ ਧਾਰਨ ਕਰ ਲਿਆ?
ਪ੍ਰਧਾਨ ਮੰਤਰੀ ਮਾਰਕ ਕਾਰਨੀ ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਦਾਵੋਸ ਵਿਖੇ ਮਿਲਣ ਬਗੈਰ ਸਦੇਸ਼ ਪਰਤ ਆਏ।ਉਹਨਾਂ ਦੇ ਕ੍ਰਾਂਤੀਕਾਰੀ ਯੁਗ ਪਲਟਾਊ ਭਾਸ਼ਣ ਤੋਂ ਦੁਖੀ ਟਰੰਪ ਬੁਰਾ ਭਲਾ ਕਹਿਣੋ ਬਾਜ ਨੀ ਆਇਆ।ਉਸ ਦਾ ਕਥਨ ਸੀ ਕਿ ਕਨੇਡਾ ਦੀ ਹੋਂਦ ਅਮਰੀਕਾ ਤੇ ਨਿਰਭਰ ਕਰਦੀ ਹੈ।ਉਸ ਹੱਥੋਂ ਕਈ ਚੀਜ਼ਾਂ ਮੁਫਤ ਲੈਂਦੇ ਹਨ ਉਹਨਾਂ ਨੂੰ ਸਾਡੇ ਮਸ਼ਕੂਰ ਹੋਣਾ ਚਾਹੀਦਾ ਹੈ ਮੈਂ ਪ੍ਰਧਾਨ ਮੰਤਰੀ ਦਾ ਭਾਸਨ ਸੁਣਿਆ।ਉਹਨਾਂ ਨੂੰ ਭਵਿੱਖ ਵਿੱਚ ਐਸੀ ਬਿਆਨਬਾਜ਼ੀ ਕਰਨ ਸਮੇਂ ਧਿਆਨ ਰੱਖਣਾ ਚਾਹੀਦਾ ਹੈ।
ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਤਤਕਾਲ ਅਸਰ ਇਹ ਹੋਇਆ ਕਿ ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਗਰੀਨ ਲੈਣ ਦੀ ਹਮਾਇਤ ਕਰਨ ਵਾਲੇ ਯੂਰਪੀਅਨ ਦੇਸ਼ਾਂ ਵਿਰੁੱਧ ਲਗਾਏ 10% ਟੈਰਫ ਨੂੰ ਵਾਪਸ ਲੈਣਾ ਪਿਆ।ਉਸ ਨੂੰ ਵਿਸ਼ਵ ਆਰਥਿਕ ਫੋਰਮ ਤੇ ਭਾਸ਼ਣ ਵੇਲੇ ਕਹਿਣਾ ਪਿਆ ਕਿ ਉਹ ਗਰੀਨ ਲੈਣ ਵਿਰੁੱਧ ਸ਼ਕਤੀ ਦਾ ਪ੍ਰਯੋਗ ਨਹੀਂ ਕਰਨਗੇ।ਹਕੀਕਤ ਤਾਂ ਇਹ ਹੈ ਕਿ ਯੂਰਪੀਨ ਦੇਸ਼ਾਂ ਨੂੰ ਆਪਣੇ ਮਾਨ ਸਨਮਾਨ ਖਾਤਰ ਟਰੰਪ ਨੂੰ ਗਰੀਨਲੈਂਡ ਤੇ ਪੈਰ ਨਹੀਂ ਧਰਨ ਦੇਣਾ ਚਾਹੀਦਾ।
ਕਿੰਨਾ ਮੂਰਖ ਹੈ ਇਹ ਰਾਸ਼ਟਰਪਤੀ ਜੋ ਆਪਣੇ ਗੁਆਂਢੀਆਂ ਅਤੇ ਆਪਣੇ ਨਾਟੋ ਵਰਗੇ ਸਹਿਯੋਗੀਆਂ ਨੂੰ ਦੁਸ਼ਮਣ ਬਣਾਉਣ,ਤੰਗ ਕਰਨ,ਇਲਾਕੇ ਹਥਿਆਉਣ ,ਗੈਰ ਮੁਨਸਫਾਨਾ ਟੈਰਿਫ ਠੋਕਣ ਅਤੇ ਧਮਕੀਆਂ ਦੇਣ ਤੋਂ ਬਾਜ ਨਹੀ ਆ ਰਿਹਾ।
ਵਿਸ਼ਵ ਦੇ ਰਾਸ਼ਟਰਾਂ ਨੂੰ ਨਪੋਲੀਅਨ ਬੋਨਾਪਾਰਟਸ ਦੇ ਇਤਿਹਾਸਿਕ ਸ਼ਬਦਾਂ ਨੂੰ ਯਾਦ ਰੱਖਣਾ ਪਵੇਗਾ ਕਿ ਜੇ ਇਕ ਸ਼ੇਰ ਕੁੱਤਿਆਂ ਦੀ ਫੌਜ ਦੀ ਅਗਵਾਈ ਕਰਦਾ ਹੈ ਤਾਂ ਉਹ ਸ਼ੇਰ ਵਾਂਗ ਲੜਨਗੇ ਤੇ ਜਿੱਤ ਪ੍ਰਾਪਤ ਕਰਨਗੇ ਪਰ ਜੇ ਇਕ ਕੁੱਤਾ ਸ਼ੇਰਾਂ ਦੀ ਫੌਜ ਦੀ ਅਗਵਾਈ ਕਰਦਾ ਹੈ ਤਾਂ ਉਹ ਕੁੱਤਿਆਂ ਵਾਂਗੂ ਲੜਨਗੇ ਤੇ ਹਾਰ ਜਾਣਗੇ। ਮਾਰਕ ਕਾਰਨੀ ਇਕ ਸ਼ੇਰ ਵਜੋਂ ਟਰੰਪ ਦੀ ਅਗਵਾਈ ਵਾਲੀ ਅਮਰੀਕੀ ਸ਼ਕਤੀ ਅੱਗੇ ਡਟ ਗਿਆ ਹੈ।
ਸੋ ਡੋਨਾਲਡ ਟਰੰਪ ਦੇ ਅਮਰੀਕੀ ਫਾਸ਼ੀਵਾਦੀ ਏਕਾਧਿਕਾਰ, ਜਿਨ ਸੀ ਪਿੰਗ ਦੇ ਚੀਨ ਦੇ ਪ੍ਰਸਾਰਵਾਦ ਅਤੇ ਵਲਾਦੀਮੀਰ ਪੂਤਨ ਦੇ ਧੌਂਸਵਾਦ ਤੋਂ ਅਜੋਕੇ ਵਿਸ਼ਵ ਦੇ ਦਰਮਿਆਨੀ ਆਰਥਿਕ ਅਤੇ ਫੌਜੀ ਸ਼ਕਤੀ ਵਾਲੇ ਦੇਸ਼ਾਂ ਨੂੰ ਆਪਣੀ ਪ੍ਰਭੂਸੱਤਾ,ਆਜ਼ਾਦੀ ਅਤੇ ਅਖੰਡਤਾ ਕਾਇਮ ਰੱਖਣੀ ਹੈ ਤਾਂ ਉਹਨਾਂ ਨੂੰ ਇੱਕਜੁੱਟ ਹੋ ਕੇ ਇੱਕ ਨਵੀਂ ਮੁਨਸਫਾਨਾ ਕੌਮਾਂਤਰੀ ਵਿਵਸਥਾ ਨੂੰ ਸੁਹਿਰਦਤਾ ਇਮਾਨਦਾਰੀ ਅਤੇ ਵਚਨਬੱਧਤਾ ਨਾਲ ਸਥਾਪਿਤ ਕਰਨਾ ਚਾਹੀਦਾ ਹੈ।
ਸਾਬਕਾ ਰਾਜ ਸੂਚਨਾ ਕਮਿਸ਼ਨਰ ਪੰਜਾਬ
ਕਿੰਗਸਟਨ -ਕੈਨੇਡਾ
+12898292929