2026 ਵਿੱਚ ਕੈਨੇਡਾ ਵਿੱਚ ਹੋ ਰਹੇ ਫ਼ੀਫ਼ਾ ਵਰਲਡ ਕੱਪ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਭਰਮਾਉਣ ਵਾਲੀਆਂ ਅਤੇ ਝੂਠੀਆਂ ਵੀਡੀਓਜ਼ ਦੀ ਭਰਮਾਰ ਹੋ ਗਈ ਹੈ। ਟਿਕਟੌਕ ਅਤੇ ਇੰਸਟਾਗ੍ਰਾਮ ’ਤੇ ਘੁੰਮ ਰਹੀਆਂ ਇਹ ਵੀਡੀਓਜ਼ ਵਿਦੇਸ਼ੀ ਯਾਤਰੀਆਂ ਨੂੰ ਕੈਨੇਡਾ ਦੀ ਇਮੀਗ੍ਰੇਸ਼ਨ ਨੀਤੀਆਂ ਬਾਰੇ ਗਲਤ ਜਾਣਕਾਰੀ ਦੇ ਕੇ ਠੱਗਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਸੀਬੀਸੀ ਦੀ ਵੀਜ਼ੂਅਲ ਇਨਵੈਸਟੀਗੇਸ਼ਨ ਟੀਮ ਦੀ ਜਾਂਚ ਵਿੱਚ ਖੁਲਾਸਾ ਹੋਇਆ ਹੈ ਕਿ ਇਹ ਸੋਸ਼ਲ ਮੀਡੀਆ ਅਕਾਊਂਟ ਭਾਰਤ, ਪਾਕਿਸਤਾਨ ਅਤੇ ਕੈਨੇਡਾ ਸਮੇਤ ਕਈ ਦੇਸ਼ਾਂ ਤੋਂ ਚਲਾਏ ਜਾ ਰਹੇ ਹਨ। ਹਿੰਦੀ, ਉਰਦੂ ਅਤੇ ਪੰਜਾਬੀ ਵਿੱਚ ਬਣੀਆਂ ਇਨ੍ਹਾਂ ਵੀਡੀਓਜ਼ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਫ਼ੀਫ਼ਾ ਵਰਲਡ ਕੱਪ ਦੇ ਬਹਾਨੇ ਕੈਨੇਡਾ ਆ ਕੇ ਨਾ ਸਿਰਫ਼ ਕੰਮ ਕੀਤਾ ਜਾ ਸਕਦਾ ਹੈ, ਸਗੋਂ ਲੰਬੇ ਸਮੇਂ ਲਈ ਰਹਿਣ ਦੇ ਰਸਤੇ ਵੀ ਖੁੱਲ ਜਾਂਦੇ ਹਨ। ਕੁਝ ਵੀਡੀਓਜ਼ ਵਿੱਚ ਆਈਆਰਸੀਸੀ ਦੀ ਵੈਬਸਾਈਟ ਦੇ ਸਕ੍ਰੀਨਸ਼ਾਟ, ਕੈਨੇਡੀਅਨ ਪਾਸਪੋਰਟ ਅਤੇ ਝੰਡੇ ਦਿਖਾ ਕੇ ਕਿਹਾ ਜਾ ਰਿਹਾ ਹੈ ਕਿ ਵਿਜ਼ੀਟਰ ਵੀਜ਼ੇ ’ਤੇ ਆਏ ਲੋਕ ਕਾਨੂੰਨੀ ਤੌਰ ’ਤੇ ਕੰਮ ਕਰ ਸਕਦੇ ਹਨ।
ਇੱਕ ਵੀਡੀਓ ਵਿੱਚ ਹਿੰਦੀ ਬੋਲ ਰਹੀ ਔਰਤ ਇਸਨੂੰ “ਕੈਨੇਡਾ ਸੈਟਲ ਹੋਣ ਦਾ ਸੁਨਹਿਰੀ ਮੌਕਾ” ਕਰਾਰ ਦਿੰਦੀ ਹੈ। ਮਿਸੀਸਾਗਾ ਦੀ ਇਮੀਗ੍ਰੇਸ਼ਨ ਕੰਸਲਟੈਂਟ ਬੱਬਲਦੀਪ ਕੌਰ ਸੱਗੂ ਮੁਤਾਬਕ, ਇਹ ਜ਼ਿਆਦਾਤਰ ਮਾਮਲੇ ਸਾਫ਼ ਠੱਗੀ ਦੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਦਾਅਵੇ ਉਹਨਾਂ ਲੋਕਾਂ ਨੂੰ ਨਿਸ਼ਾਨਾ ਬਣਾਉਂਦੇ ਹਨ ਜੋ ਪੂਰੀ ਜਾਣਕਾਰੀ ਬਿਨਾਂ ਏਜੰਟਾਂ ’ਤੇ ਭਰੋਸਾ ਕਰ ਲੈਂਦੇ ਹਨ। ਮੰਦੀਪ ਲਿੱਧੜ ਨੇ ਚੇਤਾਵਨੀ ਦਿੱਤੀ ਕਿ ਵਰਲਡ ਕੱਪ ਲਈ ਕੋਈ ਵੱਖਰਾ ਵਿਜ਼ੀਟਰ ਵੀਜ਼ਾ ਨਹੀਂ ਹੁੰਦਾ। ਅਰਜ਼ੀ ਦੀ ਜਾਂਚ ਦੌਰਾਨ ਅਧਿਕਾਰੀ ਵਿੱਤੀ ਹਾਲਤ, ਟ੍ਰੈਵਲ ਹਿਸਟ੍ਰੀ ਅਤੇ ਆਪਣੇ ਦੇਸ਼ ਵਾਪਸੀ ਦੇ ਇਰਾਦੇ ਨੂੰ ਮੁੱਖ ਤੌਰ ’ਤੇ ਦੇਖਦੇ ਹਨ। ਅਸਲ ਵਿੱਚ, ਇਹ ਦਾਅਵੇ ਆਈਆਰਸੀਸੀ ਦੀ ਇੱਕ ਅਸਥਾਈ ਨੀਤੀ ਨੂੰ ਗਲਤ ਤਰੀਕੇ ਨਾਲ ਪੇਸ਼ ਕਰ ਰਹੇ ਹਨ, ਜੋ ਸਿਰਫ਼ ਫ਼ੀਫ਼ਾ ਵੱਲੋਂ ਸੱਦੇ ਗਏ ਕੁਝ ਵਿਦੇਸ਼ੀ ਕਰਮਚਾਰੀਆਂ ਜਾਂ ਠੇਕੇਦਾਰਾਂ ਲਈ ਹੈ—ਨਾ ਕਿ ਆਮ ਦਰਸ਼ਕਾਂ ਲਈ। ਜ਼ਿਕਰਯੋਗ ਹੈ ਕਿ ਸੀਬੀਸੀ ਨਿਊਜ਼ ਵੱਲੋਂ ਜਦੋਂ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੇ ਏਜੰਟਾਂ ਜਾਂ ਇਨਫਲੂਐਸਰਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨੇ ਕੋਈ ਜਵਾਬ ਨਹੀਂ ਦਿੱਤਾ ਅਤੇ ਕਈਆਂ ਨੇ ਡਰ ਦੇ ਮਾਰੇ ਆਪਣੇ ਅਕਾਊਂਟ ਤੋਂ ਵੀਡੀਓ ਹੀ ਹਟਾ ਦਿੱਤੀ।
ਆਈਆਰਸੀਸੀ ਨੇ ਸਪਸ਼ਟ ਕੀਤਾ ਹੈ ਕਿ ਫ਼ੀਫ਼ਾ ਵਰਲਡ ਕੱਪ ਕੈਨੇਡਾ ਵਿੱਚ ਸ਼ਰਨ ਲੈਣ ਜਾਂ ਕਾਨੂੰਨੀ ਤੌਰ ’ਤੇ ਰਹਿਣ ਦਾ ਕੋਈ ਰਸਤਾ ਨਹੀਂ ਹੈ। ਵਿਜ਼ੀਟਰਾਂ ਨੂੰ ਆਪਣੇ ਵੀਜ਼ੇ ਦੀਆਂ ਸ਼ਰਤਾਂ ਦੀ ਪਾਲਣਾ ਕਰਨੀ ਪਵੇਗੀ ਅਤੇ ਮਨਜ਼ੂਰ ਸਮੇਂ ਮਗਰੋਂ ਦੇਸ਼ ਛੱਡਣਾ ਲਾਜ਼ਮੀ ਹੈ। ਕੁਝ ਹੋਰ ਵੀਡੀਓਜ਼ ਵਿੱਚ “ਖ਼ਾਸ ਵਰਲਡ ਕੱਪ ਵੀਜ਼ਾ” ਹੋਣ ਦਾ ਝੂਠਾ ਦਾਅਵਾ ਵੀ ਕੀਤਾ ਗਿਆ। ਇੱਕ ਉਰਦੂ ਬੋਲਣ ਵਾਲਾ ਵਿਅਕਤੀ 150,000 ਭਾਰਤੀ ਰੁਪਏ ਦੇ ਪੈਕੇਜ ਦੀ ਪੇਸ਼ਕਸ਼ ਕਰਦਾ ਨਜ਼ਰ ਆਇਆ, ਜਿਸ ਵਿੱਚ ਵੀਜ਼ਾ, ਟਿਕਟਾਂ ਅਤੇ ਬਾਇਓਮੈਟ੍ਰਿਕਸ ਸ਼ਾਮਲ ਹੋਣ ਦਾ ਦਾਅਵਾ ਕੀਤਾ ਗਿਆ। ਕੈਨੇਡੀਅਨ ਐਂਟੀ-ਫ਼ਰਾਡ ਸੈਂਟਰ ਨੇ ਵੀ ਪੁਸ਼ਟੀ ਕੀਤੀ ਹੈ ਕਿ ਫ਼ੀਫ਼ਾ ਨਾਲ ਜੁੜੀਆਂ ਠੱਗੀਆਂ ਬਾਰੇ ਰਿਪੋਰਟਾਂ ਮਿਲ ਰਹੀਆਂ ਹਨ, ਖ਼ਾਸ ਕਰਕੇ ਵੱਡੇ ਅੰਤਰਰਾਸ਼ਟਰੀ ਸਮਾਗਮਾਂ ਦੇ ਦੌਰਾਨ ਅਜਿਹੀ ਧੋਖਾਧੜੀ ਵਧ ਜਾਂਦੀ ਹੈ। ਕੈਨੇਡਾ ਸਰਕਾਰ ਵਿਦੇਸ਼ਾਂ ਵਿੱਚ ਵੀ ਲੋਕਾਂ ਨੂੰ ਸਾਵਧਾਨ ਕਰਨ ਲਈ ਉਪਰਾਲੇ ਕਰ ਰਹੀ ਹੈ। ਕੀਨੀਆ ਵਿੱਚ ਕੈਨੇਡਾ ਦੇ ਹਾਈ ਕਮਿਸ਼ਨਰ ਨੇ ਸਾਫ਼ ਕੀਤਾ ਕਿ ਵਰਲਡ ਕੱਪ ਦੇ ਨਾਂ ’ਤੇ ਨੌਕਰੀ ਜਾਂ ਨਿਰਮਾਣ ਕੰਮ ਦਾ ਵਾਅਦਾ ਕਰਨਾ ਪੂਰੀ ਤਰ੍ਹਾਂ ਠੱਗੀ ਹੈ, ਕਿਉਂਕਿ ਕੈਨੇਡਾ ਇਸ ਟੂਰਨਾਮੈਂਟ ਲਈ ਕੋਈ ਨਵੇਂ ਸਟੇਡੀਅਮ ਨਹੀਂ ਬਣਾ ਰਿਹਾ। ਅਧਿਕਾਰੀਆਂ ਨੇ ਆਖ਼ਰ ਵਿੱਚ ਲੋਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਜੋ ਵੀ ਏਜੰਟ ਕੈਨੇਡਾ ਦਾਖ਼ਲੇ ਦੀ ਗਾਰੰਟੀ ਦਿੰਦਾ ਹੈ, ਉਸ ਤੋਂ ਦੂਰ ਰਹੋ। ਨਕਲੀ ਦਸਤਾਵੇਜ਼ ਜਾਂ ਗਲਤ ਜਾਣਕਾਰੀ ਦੇਣ ਨਾਲ ਪੰਜ ਸਾਲ ਤੱਕ ਕੈਨੇਡਾ ਆਉਣ ’ਤੇ ਪਾਬੰਦੀ ਵੀ ਲੱਗ ਸਕਦੀ ਹੈ।