ਬਿਹਾਰ ਵਿਧਾਨ ਸਭਾ ਚੋਣਾਂ-ਊਠ ਕਿਸ ਕਰਵਟ ਬੈਠੇਗਾ?
ਇਸ ਮਹਾਨ ਰਾਜ ਦੀ 8ਵੀਂ ਵਿਧਾਨ ਸਭਾ (ਝਾਰਖੰਡ ਰਾਜ ਦੇ ਵੱਖ ਹੋਣ ਬਾਅਦ) ਦੇ 243 ਮੈਂਬਰਾਂ ਦੀਆਂ ਚੋਣਾਂ ਲਈ ਦੋ ਮਰਹਲਿਆਂ ਵਿਚ 6 ਅਤੇ 11 ਨਵੰਬਰ, 2025 ਨੂੰ ਹੋਣ ਜਾ ਰਹੀਆਂ ਹਨ। ਪੂਰੇ ਦੇਸ਼
‘ਦਰਬਾਰਾ ਸਿੰਘ ਕਾਹਲੋਂ’
ਬਿਹਾਰ ਰਾਜ ਭਾਰਤ ਦੇ ਸ਼ਾਨਾਮਤੇ ਇਤਿਹਾਸ ਦਾ ਧੁਰਾ ਰਿਹਾ ਹੈ। ਇਸ ਰਾਜ ਵਿਚ ਪੰਜਵੀਂ ਈਸਵੀ ਪੂਰਬ ਵਿਚ ਮਹਾਤਮਾ ਬੁੱਧ ਨੂੰ ਗਯਾ ਦੇ ਸਥਾਨ ’ਤੇ ਗਿਆਨ ਪ੍ਰਾਪਤ ਹੋਇਆ। ਉਨ੍ਹਾਂ ਬੁੱਧ ਧਰਮ ਦੀ ਨੀਂਹ ਰੱਖੀ। ਵਿਸ਼ਵ ਦੇ ਲੋਕਤੰਤਰੀ ਸਿਸਟਮ ਦਾ ਇਹ ਰਾਜ ਧੁਰਾ ਰਿਹਾ ਹੈ। ਵੈਸ਼ਾਲੀ ਵਰਗੇ ਕਈ ਮਹਾਨ ਲੋਕ ਰਾਜ ਇੱਥੇ ਸਥਾਪਿਤ ਸਨ। ਮਹਾਨ ਮੋਰੀਆ ਰਾਜ ਦੀ ਰਾਜਧਾਨੀ ਪਾਟਲੀਪੁੱਤਰ (ਪਟਨਾ) ਰਹੀ ਹੈ। ਆਕਸਫੋਰਡ ਯੂਨੀਵਰਸਿਟੀ ਤੋਂ 500 ਸਾਲ ਪਹਿਲਾਂ ਇਥੇ ਪ੍ਰਸਿੱਧ ਨਾਲੰਦਾ ਅਤੇ ਵਿਕਰਮਸ਼ਿਲਾ ਯੂਨੀਵਰਸਿਟੀਆਂ ਸਥਾਪਿਤ ਕੀਤੀਆਂ ਗਈਆਂ ਸਨ। ਸਿੱਖ ਧਰਮ ਦੇ 10ਵੇਂ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਸੰਨ 1666ਈ: ਵਿਚ ਪਟਨਾ ਸਾਹਿਬ ਹੋਇਆ। ਸੰਨ 1975 ਵਿਚ ਤੱਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਸੰਨ 1975-1977 ਵਿਚ ਨਾਫਜ਼ ਐਮਰਜੈਂਸੀ ਵਿਰੁੱਧ ‘ਪੂਰਨ ਇਨਕਲਾਬ’ ਦੇ ਨਾਂਅ ਹੇਠ ਸੰਘਰਸ਼ ਇੱਥੋਂ ਛੇੜਿਆ ਗਿਆ ਸੀ ਜੈ ਪ੍ਰਕਾਸ਼ ਨਰਾਇਣ ਅਗਵਾਈ ਵਿਚ। ਕਰਪੂਰੀ ਠਾਕੁਰ ਦੀ ਰਾਹਨੁੰਮਾਈ ਹੇਠ ਮੰਡਲ ਸੰਘਰਸ਼ ਓ.ਬੀ.ਸੀ. ਵਰਗਾਂ ਦੇ ਪ੍ਰਤੀਨਿਧਤਾ ਲਈ ਇੱਥੋਂ ਸ਼ੁਰੂ ਕੀਤਾ ਗਿਆ।
ਇਸ ਮਹਾਨ ਰਾਜ ਦੀ 8ਵੀਂ ਵਿਧਾਨ ਸਭਾ (ਝਾਰਖੰਡ ਰਾਜ ਦੇ ਵੱਖ ਹੋਣ ਬਾਅਦ) ਦੇ 243 ਮੈਂਬਰਾਂ ਦੀਆਂ ਚੋਣਾਂ ਲਈ ਦੋ ਮਰਹਲਿਆਂ ਵਿਚ 6 ਅਤੇ 11 ਨਵੰਬਰ, 2025 ਨੂੰ ਹੋਣ ਜਾ ਰਹੀਆਂ ਹਨ। ਪੂਰੇ ਦੇਸ਼ ਅਤੇ ਵਿਦੇਸ਼ਾਂ ਵਿਚ ਰਹਿੰਦੇ ਭਾਰਤੀਆਂ ਦੀ ਅੱਖਾਂ ਇਨ੍ਹਾਂ ’ਤੇ ਲੱਗੀਆਂ ਹੋਈਆਂ ਹਨ। ਇਸ ਵਿਚ ਕਰੀਬ 74355976 ਵੋਟਰ (ਗਿਣਤੀ ਕੁੱਝ ਘੱਟ-ਵੱਧ ਹੋ ਸਕਦੀ ਹੈ।) ਭਾਗ ਲੈਣ ਜਾ ਰਹੇ ਹਨ। ਮੁੱਖ ਗਹਿਗੱਚ ਮੁਕਾਬਲਾ ਸੱਤਾਧਾਰੀ ਐੱਨ.ਡੀ.ਏ. ਅਤੇ ਮੁੱਖ ਵਿਰੋਧੀ ਮਹਾਂਗਠਬੰਧਨ ਰਾਜਨੀਤਕ ਗਠਜੋੜਾਂ ਵਿਚਕਾਰ ਹੈ। ਵੈਸੇ ਗਰਾਂਡ ਡੈਮੋਕ੍ਰੇਟਿਕ ਅਲਾਇੰਸ ਅਤੇ ਦੂਸਰੇ ਕੁੱਝ ਮਹੱਤਵਪੂਰਨ ਰਾਜਨੀਤਕ ਦਲ ਵੀ ਚੋਣ ਮੈਦਾਨ ਵਿਚ ਹਨ। ਇਸ ਤੋਂ ਇਲਾਵਾ ਅਨੇਕ ਅਜ਼ਾਦ ਉਮੀਦਵਾਰ ਵੀ ਮੈਦਾਨ ਵਿਚ ਹਨ।
ਮੌਜੂਦਾ ਸਥਿੱਤੀ : 7ਵੀਂ ਵਿਧਾਨ ਸਭਾ ਦੀਆਂ ਚੋਣਾਂ ਵਿਚ ਸੱਤਾਧਾਰੀ ਐੱਨ.ਡੀ.ਏ. ਗਠਜੋੜ ਨੇ ਬਹੁਮੱਤ ਪ੍ਰਾਪਤ ਕੀਤਾ ਸੀ ਜਿਸ ਵਿਚ ਭਾਜਪਾ ਨੂੰ 74, ਜਨਤਾ ਦਲ ਯੂ (ਜੇ.ਡੀ.ਯੂ.) ਨੂੰ 45, ਐੱਲ.ਜੇ.ਪੀ. ਨੂੰ 4, ਹਿੰਦੁਸਤਾਨੀ ਅਵਾਮ ਮੋਰਚਾ (ਐੱਚ.ਏ.ਐੱਮ.) ਨੂੰ 4 ਸੀਟਾਂ ਮਿਲੀਆਂ ਸਨ। ਪਰ ਵੱਡੀ ਪਾਰਟੀ ਦੇ ਹੋਣ ਦੇ ਬਾਵਜੂਦ ਭਾਜਪਾ ਵਲੋਂ ਸ਼੍ਰੀ ਨਿਤੀਸ਼ ਕੁਮਾਰ ਨੂੰ ਮੁੱਖ ਮੰਤਰੀ ਬਣਾਇਆ ਗਿਆ ਜੋ ਰਾਜਨੀਤਕ ਮਜਬੂਰੀ ਸੀ।
ਮਹਾਂਗਠਬੰਧਨ ਗਠਜੋੜ ਦੀ ਰਾਸ਼ਟਰੀ ਜਨਤਾ ਦਲ (ਆਰ.ਜੇ.ਡੀ.) ਨੇ ਸਭ ਤੋਂ ਵੱਧ 75, ਕਾਂਗਰਸ ਨੇ 19, ਸੀ.ਪੀ.ਆਈ. ਐੱਮ.ਐੱਲ ਨੇ 12, ਸੀ.ਪੀ.ਆਈ. ਨੇ 2, ਸੀ.ਪੀ.ਐੱਮ. ਨੇ 2 ਸੀਟਾਂ ਪ੍ਰਾਪਤ ਕੀਤੀਆਂ ਸਨ। ਦੂਸਰੀਆਂ ਪਾਰਟੀਆਂ ਵਿਚੋਂ ਏ.ਆਈ.ਐੱਮ.ਆਈ.ਐੱਸ ਨੇ 5, ਬਸਪਾ ਨੇ 1, ਐੱਲ.ਐੱਸ.ਪੀ. ਨੇ 1, ਅਜ਼ਾਦ ਨੇ 1 ਸੀਟ ਪ੍ਰਾਪਤ ਕੀਤੀ ਸੀ।
ਗਲਬਾ : ਜੇ ਗਹੁ ਨਾਲ ਵੇਖਿਆ ਜਾਵੇ ਤਾਂ ਕਰਪੂਰੀ ਠਾਕੁਰ ਦੀ ਵਿਚਾਰਧਾਰਾ ਤੋਂ ਮੁਤਾਸਰ ਅਤੇ ਜੈ ਪ੍ਰਕਾਸ਼ ਨਰਾਇਣ ਦੇ ਸੰਘਰਸ਼ ਵਿਚੋਂ ਰੱੜ ਕੇ ਨਿਕਲੇ ਦੋ ਨੌਜਵਾਨਾਂ ਸ਼੍ਰੀ ਲਾਲੂ ਪ੍ਰਸਾਦ ਯਾਦਵ ਅਤੇ ਪਰਿਵਾਰ ਅਤੇ ਨਿਤੀਸ਼ ਕੁਮਾਰ ਦੇ ਜੁਗਾੜੀ ਗਠਜੋੜ ਦੀ ਕਾਰਾਗਰੀ ਨੇ ਬਿਹਾਰ ਦੀ ਰਾਜਨੀਤੀ ਤੇ ਸੁਰਾਲੀ ਸੱਪ ਦੀ ਤਰ੍ਹਾਂ ਜੱਕੜ ਪੀਢੀ ਕਰ ਲਈ ਕਿ ਹੁਣ ਉਸ ਨੂੰ ਛੱਡਣ ਦਾ ਨਾਮ ਨਹੀਂ ਲੈ ਰਹੇ। ਪੰਜਾਬ ਅੰਦਰ ਸ: ਪ੍ਰਕਾਸ਼ ਸਿੰਘ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਵਾਂਗ ਨਿਤੀਸ਼ ਕੁਮਾਰ ਦੀ ਅਗਵਾਈ ਵਾਲੇ ਜੇ.ਡੀ.ਯੂ. ਨਾਲ ਭਾਰਤੀ ਜਨਤਾ ਪਾਰਟੀ ਦੇ ਲਗਾਤਾਰ ਲੰਬਾ ਸਮਾਂ ਰਾਜਨੀਤਕ ਗਠਜੋੜ ਦੇ ਬਾਵਜੂਦ ਪੰਜਾਬ ਵਾਂਗ ਬਿਹਾਰ ਦੀ ਬਰਬਾਦੀ ਹੁੰਦੀ ਚਲੀ ਗਈ। ਭ੍ਰਿਸ਼ਟਾਚਾਰ, ਗੈਂਗਸਟਰਵਾਦ, ਫਿਰੌਤੀਵਾਦ, ਗੈਰ-ਕਾਨੂੰਨੀ ਜ਼ਮੀਨੀ ਕਬਜ਼ਿਆਂ, ਖੁਦਾਈ, ਰੇਤ-ਬਜ਼ਰੀ, ਨਸ਼ੀਲੇ ਪਦਾਰਥਾਂ, ਸਿੱਖਿਆ, ਸਿਹਤ, ਕੇਬਲ, ਤਸਕਰੀ, ਨਿੱਜੀ ਹਿੰਸਕ ਸੈਨਾਵਾਂ, ਬੇਰੋਜ਼ਗਾਰੀ, ਰਾਜਨੀਤਕ ਧੋਖਾਧੜੀ, ਜਾਤੀਵਾਦ, ਰੰਗਦਾਰੀ ਮਾਫੀਆ ਗ੍ਰੋਹਾਂ ਨੇ ਰਾਜ ਨੂੰ ਪੂਰੇ ਦੇਸ਼ ਅਤੇ ਵਿਦੇਸ਼ ਅੰਦਰ ਜੰਗਲ ਰਾਜ ਵਜੋਂ ਬਦਨਾਮ ਕਰ ਦਿਤਾ।
ਲਾਲੂ ਪ੍ਰਸਾਦ ਯਾਦਵ ਬਿਹਰ ਦੇ ਸੰਨ 1990 ਤੋਂ 1997, 900 ਕਰੋੜੀ ਚਾਰਾ ਘੋਟਾਲੇ ਵਿਚ ਜੇਲ੍ਹ ਯਾਤਰਾ ਕਾਰਨ ਉਸ ਨੇ ਅਨਪੜ੍ਹ ਪਤਨੀ ਰਾਬੜੀ ਦੇਵੀ ਨੂੰ 1997 ਤੋਂ 1999,1999 ਤੋਂ ਸੰਨ 2000, ਸੰਨ 2000 ਤੋਂ 2005 ਤੱਕ ਸੱਤਾ ’ਤੇ ਥੋਪਣ ਦਾ ਬੱਜਰ ਗੁਨਾਹ ਕੀਤਾ। ਨਿਤੀਸ਼ ਕੁਮਾਰ 3 ਮਾਰਚ, 2000 ਤੋਂ 10 ਮਾਰਚ, 2000 (7 ਦਿਨ), ਸੰਨ 2005 ਤੋਂ 2014, ਵਿਚਾਲੇ 278 ਦਿਨ ਜੀਤਨ ਰਾਮ ਮਾਝੀ (20 ਮਈ, 2014 ਤੋਂ 22 ਫਰਵਰੀ, 2015) ਹੁਣ 22 ਫਰਵਰੀ, 2015 ਤੋਂ ਹੁਣ ਤੱਕ ਸੱਤਾ ਵਿਚ ਹੈ। ਲੇਕਿਨ ਇਹ ਰਾਜ ਅੱਜ ਵੀ ਭਾਰਤ ਦਾ ਸਭ ਤੋਂ ਵੱਧ ਪੱਛੜਿਆ ਰਾਜ ਹੈ। ਇਸ ਦੀ ਪ੍ਰਤੀ ਜੀਅ ਆਮਦਨ ਸਭ ਤੋਂ ਘੱਟ ਹੈ।
ਸਵਾਲ ਤਾਂ ਉਠੇਗਾ ਕਿ ਭਾਰਤੀ ਜਨਤਾ ਪਾਰਟੀ ਦੀਆਂ ਸ਼੍ਰੀ ਵਾਜਪਾਈ ਅਤੇ ਨਰੇਂਦਰ ਮੋਦੀ ਦੀ ਅਗਵਾਈ ਵਾਲੀਆਂ ਕੇੀਦਰ ਸਰਕਾਰਾਂ ਨੇ ਬਿਹਾਰ ਦੇ ਵਿਕਾਸ ਵਿਚ ਕੀ ਯੋਗਦਾਨ ਪਾਇਆ?
ਲਾਲੂ ਪ੍ਰਸਾਦ ਵਰਗਾ ਭ੍ਰਿਸ਼ਟਾਚਾਰੀ ਕਈ ਸਾਲ ਜੇਲ੍ਹਾਂ ਵਿਚ ਸੜਦਾ ਰਿਹਾ ਅਤੇ ਨਿਤੀਸ਼ ਕਾਲ ਵਿਚ ਭ੍ਰਿਸ਼ਟਾਚਾਰ ਅਤੇ ਨਿਕੰਮੇ ਰਾਜ ਪ੍ਰਬੰਧ ਦਾ ਹਾਲ ਵੇਖੋ, ਕਿ ਉਹ ਇੱਕ ਪੁਲ ਦਾ ਉਦਘਾਟਨ ਕਰਕੇ ਆਉਂਦਾ ਹੈ, ਉਹ ਇੱਕ ਹਫ਼ਤੇ ਬਾਅਦ ਗਿਰ ਜਾਂਦਾ ਹੈ, ਦੂਸਰੇ ਦਾ ਕਰਕੇ ਆਉਂਦਾ ਹੈ ਉਹ ਇੱਕ ਦਿਨ ਬਾਅਦ ਗਿਰ ਜਾਂਦਾ ਹੈ, ਤੀਸਰੇ ਦਾ ਉਦਘਾਟਨ ਕਰਨ ਜਾਣਾ ਹੁੰਦਾ ਹੈ ਤਾਂ ਇਤਲਾਹ ਆ ਜਾਂਦੀ ਹੈ ਕਿ ਨਾ ਆਇਓ, ਉਹ ਪੁਲ ਗਿਰ ਗਿਆ ਹੈ।
ਲੇਕਿਨ ਸੂਬੇ ਅੰਦਰ ਜਾਤੀਵਾਦ, ਪੱਛੜੇਪਣ, ਅੰਧ-ਵਿਸ਼ਵਾਸ਼ ਦਾ ਆਲਮ ਵੇਖੋ! ਦੋਹਾਂ ਪਿੱਛੇ ਜਾਤੀਵਾਦੀ ਲਾਮਬੰਦੀ ਬਾਦਸਤੂਰ ਕਾਇਮ ਹੈ। ਪੱਛਮੀ ਬੰਗਾਲ ਵਿਚ ਵੀ ਕੁਮਾਰੀ ਮਮਤਾ ਬੈਨਰਜੀ ਦੀ ਸਰਕਾਰ ਭ੍ਰਿਸ਼ਟਾਚਾਰ, ਬੇਰੋਜ਼ਗਾਰੀ ਪੱਛੜੇਪਣ, ਸਨਅਤੀ ਪੱਤਨ ਦਾ ਸ਼ਿਕਾਰ ਹੈ ਪਰ ਭਾਰਤੀ ਜਨਤਾ ਪਾਰਟੀ ਯੂ.ਪੀ., ਰਾਜਸਥਾਨ, ਮੱਧ ਪ੍ਰਦੇਸ਼ ਆਦਿ ਵਾਂਗ ਇਨ੍ਹਾਂ ਰਾਜਾਂ ਵਿਚ ਆਪਣੀਆਂ ਜੜ੍ਹਾਂ ਮਜ਼ਬੂਤ ਨਹੀਂ ਕਰ ਸਕੀ। ਬਿਹਾਰ ਵਿਚ ਪੰਜਾਬ ਵਾਂਗ ਰਾਜਨੀਤਕ ਗਠਜੋੜ ਬਗੈਰ ਸੱਤਾ ਵਿਚ ਆਉਣ ਸਮਰੱਥ ਨਹੀਂ ਹੈ। ਉਹ ਬਿਹਾਰ ਵਿਚ ਲੋਕ ਜਨਸ਼ਕਤੀ ਪੱਤਾ ਖੇਡਣ ਦੇ ਬਾਵਜੂਦ ਨਾਕਾਮ ਹੈ।
ਮੁੱਖ ਮੰਤਰੀ ਚਿਹਰੇ : ਲਾਲੂ ਪ੍ਰਸਾਦ ਯਾਦਵ ਅਤੇ ਨਿਤੀਸ਼ ਕੁਮਾਰ ਦੇ ਬੁਢਾਪੇ ਅਤੇ ਬੀਮਾਰੀ ਦੇ ਬਾਵਜੂਦ ਰਾਜਨੀਤਕ ਕ੍ਰਿਸ਼ਮਾ ਵੇਖੋ! ਮਹਾਗਠਬੰਧਨ ਗਠਜੋੜ ’ਤੇ ਪ੍ਰਭਾਵ ਬਣਾ ਕੇ ਲਾਲੂ ਪ੍ਰਸਾਦ ਯਾਦਵ ਨੇ ਆਪਣੇ ਪੁੱਤਰ ਤੇਜੱਸਵੀ ਯਾਦਵ ਨੂੰ ਮੁੱਖ ਮੰਤਰੀ ਦੇ ਉਮੀਦਵਾਰ ਵੱਜੋਂ ਐਲਾਨਣ ਦਾ ਹੀ ਨਹੀਂ ਬਲਕਿ ਇਸ ਦਾ ਮੈਨੀਫੈਸਟੋ ‘ਬਿਹਾਰ ਕਾ ਤੇਜੱਸਵੀ ਪ੍ਰਣ’ ਅਧੀਨ ਜਾਰੀ ਕਰਵਾਉਣ ਵਿਚ ਸਫ਼ਲਤਾ ਹਾਸਿਲ ਕੀਤੀ।
ਭਾਜਪਾ ਨਹੀਂ ਚਾਹੁੰਦੀ ਹੈ ਕਿ ਐੱਨ.ਡੀ.ਏ. ਗਠਜੋੜ ਦਾ ਅਗਲਾ ਮੁੱਖ ਮੰਤਰੀ ਨਿਤੀਸ਼ ਕੁਮਾਰ ਰਹੇ ਖਾਸ ਕਰਕੇ ਗ੍ਰਹਿ ਮੰਤਰੀ ਅਮਿਤ ਸ਼ਾਹ। ਪਰ ਮਰਦੀ ਨੂੰ ਅੱਕ ਚੱਬਣਾ ਪੈ ਰਿਹਾ ਹੈ। ਉਸਦੇ ਆਗੂ ਸਟੇਜ਼ਾਂ ਤੋਂ ਇਹ ਸੰਦੇਸ਼ ਦੇਣ ਲਈ ਮਜ਼ਬੂਰ ਹਨ, ‘ਨਿਤੀਸ਼ ਮੁੱਖ ਮੰਤਰੀ ਥੇ, ਮੁੱਖ ਮੰਤਰੀ ਹੈ ਔਰ ਮੁੱਖ ਮੰਤਰੀ ਰਹੇਂਗੇ।’ ਸਰਵੇਖਣ ਬੁੱਢੇ ਨਿਤੀਸ਼ ਨਾਲੋਂ ਤੇਜੱਸਵੀ ਨੂੰ 30 ਪ੍ਰਤੀਸ਼ਤ ਅੱਗੇ ਦਸ ਰਹੇ ਹਨ।
ਮੁਕਾਬਲਾ : ਬਿਹਾਰ ਚੋਣਾਂ ਵਿਚ ਤਿੰਨ ਰਾਜਨੀਤਕ ਗਠਜੋੜ ਅਤੇ ਕੁੱਝ ਰਾਜਨੀਤਕ ਪਾਰਟੀਆਂ ਵਿਧਾਨ ਸਭਾ ਚੋਣਾਂ ਵਿਚ ਸੱਤਾ ਦੀ ਲੜਾਈ ਦੇ ਘਮਸਾਨ ਵਿਚ ਕੁੱਦੀਆਂ ਹੋਈਆਂ ਹਨ।
ਸੱਤਾਧਾਰੀ ਐੱਨ.ਡੀ.ਏ. ਗਠਜੋੜ ਵਿਚ ਸ਼ਾਮਲ ਸਭ 243 ਸੀਟਾਂ ’ਤੇ ਚੋਣ ਲੜ ਰਿਹਾ ਹੈ। ਇਸ ਵਿਚ ਸ਼ਾਮਲ ਭਾਜਪਾ 101, ਜੇ.ਡੀ.ਯੂ. 101, ਲੋਕ ਜਨਸ਼ਕਤੀ ਪਾਰਟੀ 29, ਹਿੰਦੁਸਤਾਨ ਅਵਾਮ ਮੋਰਚਾ 6, ਰਾਸ਼ਟਰੀ ਲੋਕ ਮੋਰਚਾਂ 6, ਅਜ਼ਾਦ 1 ਸੀਟ ’ਤੇ ਜ਼ੋਰ ਅਜ਼ਮਾਈ ਕਰ ਰਹੇ ਹਨ।
ਮਹਾਂਗਠਬੰਧਨ ਗਠਜੋੜ ਵਿਚ ਆਰ.ਜੇ.ਡੀ. 143, ਕਾਂਗਰਸ 61, ਸੀ.ਪੀ.ਆਈ. (ਐੱਮ.ਐੱਲ.) 20, ਸੀ.ਪੀ.ਆਈ. 9, ਸੀ.ਪੀ.ਐੱਮ. 4, ਇੰਡੀਅਨ ਇਨਕਲੂਸਿਵ ਪਾਰਟੀ 3, ਜਨ ਸ਼ਕਤੀ ਦਲ 1 ਅਤੇ 2 ਅਜ਼ਾਦ ਉਮੀਦਵਾਰ ਸੱਤਾ ਹਥਿਆਉਣ ਲਈ ਚੋਣ ਮੈਦਾਨ ਵਿਚ ਕੁੱਦੇ ਪਏ ਹਨ।
ਤੀਸਰੇ ਗਰਾਂਡ ਡੈਮੋਕ੍ਰੈਟਿਕ ਅਲਾਇੰਸ ਵਿੱਚ ਆਲ ਇੰਡੀਆ ਮਜਲਸ-ਏ- ਇਤਹਾਦੁਦ ਮੁਸਲਮੀਨ ਜਿਸਦੀ ਵੱਡੀ ਟੇਕ 17 ਪ੍ਰਤੀਸ਼ਤ ਬਿਹਾਰ ਦੇ ਮੁਸਲਮਾਨ ਭਾਈਚਾਰੇ ’ਤੇ ਹੋਵੇਗੀ, ਅਤੇ ਜੋ ਇਹ ਵੀ ਪ੍ਰਚਾਰ ਰਿਹਾ ਕਿ ਬਿਹਾਰ ਦਾ ਮੁੱਖ ਮੰਤਰੀ ਮੁਸਲਮਾਨ ਕਿਉਂ ਨਹੀਂ, 25 ਸੀਟਾਂ ’ਤੇ ਚੋਣ ਲੜ ਰਹੀ ਹੈ। ਇਸ ਗਠਜੋੜ ਦੀ ਰਾਸ਼ਟਰੀ ਲੋਕ ਜਨਸ਼ਕਤੀ ਪਾਰਟੀ ਵੀ 25 ਸੀਟਾਂ ’ਤੇ ਚੋਣ ਲੜ ਰਹੀ ਹੈ। ਤੀਸਰੀ ਭਾਈਵਾਲ ਅਜ਼ਾਦ ਸਮਾਜ ਪਾਰਟੀ 4 ਸੀਟਾਂ ’ਤੇ ਚੋਣ ਲੜ ਰਹੀ ਹੈ। ਜੇਕਰ ਦੋ ਵੱਡੇ ਗਠਜੋੜਾਂ ਵਿਚੋਂ ਕਿਸੇ ਨੂੰ ਬਹੁਮੱਤ ਨਹੀਂ ਮਿਲਦਾ ਤਾਂ ਸੱਤਾ ਦੀ ਚਾਬੀ ਇਸ ਹੱਥ ਆ ਸਕਦੀ ਹੈ।
ਚੌਥੀ ਰਾਜਨੀਤਕ ਸ਼ਕਤੀ ਵਿਚ ਕੁੱਝ ਪਾਰਟੀਆਂ ਆਪੋ ਆਪਣਾ ਰਾਜਨੀਤਕ ਭਵਿੱਖ ਅਜ਼ਾਦਾਨਾ ਤੌਰ ’ਤੇ ਖੜ੍ਹਾ ਕਰਨ ਵੱਲ ਰੁਚਿੱਤ ਹਨ। ਬਹੁਜਨ ਸਮਾਜ ਪਾਰਟੀ ਆਪਣੇ ਤੌਰ ’ਤੇ 130 ਸੀਟਾਂ ’ਤੇ ਚੋਣ ਲੜ ਰਹੀ ਹੈ। ਆਮ ਆਦਮੀ ਪਾਰਟੀ 121 ਸੀਟਾਂ ’ਤੇ ਜ਼ੋਰ ਅਜ਼ਮਾਈ ਕਰ ਰਹੀ ਹੈ। ਜਨਸ਼ਕਤੀ ਜਨਤਾ ਦਲ 22 ਸੀਟਾਂ ’ਤੇ ਚੋਣ ਲੜ ਰਹੀ ਹੈ।
ਪ੍ਰਸ਼ਾਂਤ ਕਿਸ਼ੋਰ ਕਾਰਕ : ਆਪ ਪੀਹਣਾ ਕਿੰਨਾਂ ਔਖਾ ਹੈ, ਪਤਾ ਉਦੋਂ ਲਗਦਾ ਜਦੋਂ ਚੱਕੀ ਦੇ ਹੱਥੇ ਨੂੰ ਹੱਥ ਪਾਉਣਾ ਪਵੇ। ਪ੍ਰਸ਼ਾਤ ਕਿਸ਼ੋਰ ਚੋਣ ਮਾਹਿਰ ਵਜੋਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ, ਮੁੱਖ ਮੰਤਰੀ ਕੁਮਾਰੀ ਮਮਤਾ ਬੈਨਰਜੀ, ਨਿਤੀਸ਼ ਕੁਮਾਰ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਕੰਮ ਕਰ ਚੁੱਕਾ ਹੈ। ਇਸਦਾ ਸਾਰਾ ਧੰਦਾ ਝੂਠ, ਮਕਾਰੀ, ਫਰਾਡ ’ਤੇ ਖੜ੍ਹਾ ਹੁੰਦਾ ਰਿਹਾ ਹੈ। ਇਸਨੇ ਇਸ ਬਲਬੂਤੇ ਬਿਹਾਰ ਵਿਚ ਜਨ ਸੁਰਾਜ ਪਾਰਟੀ ਗਠਤ ਕਰਕੇ ਸੱਤਾ ਦੇ ਡੰਡੇ ਨੂੰ ਹੱਥ ਪਾਉਣ ਦੇ ਯਤਨ ਨਾਲ ਕਦਮ ਅੱਗੇ ਵਧਾਇਆ। ਹੁਣ ਚੋਣ ਜਾਦੂਗਿਰੀ, ਜ਼ੀਰੋਗਿਰੀ ਵੱਲ ਅੱਗੇ ਵੱਧ ਰਹੀ ਹੈ। ਪਹਿਲਾ ਫਰਾਡ ਉਸ ਦਾ ਉਦੋਂ ਜੱਗ ਜ਼ਹਿਰ ਹੋਇਆ ਹੈ ਜਦੋਂ ਉਸ ਦੇ ਨਾਮ ’ਤੇ ਦੋ ਥਾਈਂ ਬਿਹਾਰ ਅਤੇ ਬੰਗਾਲ ਵਿਚ ਵੋਟ ਕਾਰਡ ਸਾਹਮਣੇ ਆਏ। ਦੂਸਰਾ ਸ਼ਾਇਦ ਇਸ ਕਰਕੇ ਉਹ ਆਪ ਚੋਣ ਲੜਨ ਤੋਂ ਭੱਜਾ ਹੈ।
ਇਸਦੀ ਪਾਰਟੀ 116 ਸੀਟਾਂ ਤੋਂ ਚੋਣ ਲੜਨ ਜਾ ਰਹੀ ਹੈ। ਪਹਿਲਾਂ ਫੱਕੜ ਫੁੱਬਾ ਕੇ ਮਾਰ ਰਿਹਾ ਸੀ ਕਿ ਉਸਦੀ ਪਾਰਟੀ 243 ਸੀਟਾਂ ਤੋਂ ਚੋਣ ਲੜੇਗੀ। ਇਸ ਨੇ ਵਿਸ਼ੇਸ਼ ਕਰਕੇ ਉਨ੍ਹਾਂ
ਹਲਕਿਆਂ ਤੋਂ ਉਮੀਦਵਾਰ ਖੜ੍ਹੇ ਕੀਤੇ ਹਨ ਜਿਥੋਂ ਭਾਜਪਾ, ਜੇ.ਡੀ.ਯੂ. ਜਾਂ ਹੋਰ ਪਾਰਟੀਆਂ 0.25 ਤੋਂ 5 ਪ੍ਰਤੀਸ਼ਤ ਫਰਕ ਨਾਲ ਚੋਣਾਂ ਜਿੱਤੀਆਂ ਸਨ। ਇਹ 116 ਸੀਟਾਂ ਵਿਚੋਂ 34 ’ਤੇ ਭਾਜਪਾ, 31 ਤੇ ਆਰ.ਜੇ.ਡੀ., 25 ’ਤੇ ਜੇ.ਡੀ.ਯੂ., 13 ’ਤੇ ਕਾਂਗਰਸ ਅਤੇ 13 ਹੋਰਨਾਂ ਵਿਰੁੱਧ ਚੋਣ ਲੜ ਰਿਹਾ ਹੈ। ਕੀ ਇਨ੍ਹਾਂ ਵਿਚੋਂ 10 ਪ੍ਰਤੀਸ਼ਤ ’ਤੇ ਜਿੱਤ ਹਾਸਿਲ ਕਰ ਸਕੇਗਾ? ਵੇਖੋ ਚੋਣ ਨਤੀਜੇ ਕੀ ਦਰਸਾਉਣਗੇ?
ਲੋਕ ਲੁਭਾਊ ਮੈਨੀਫੈਸਟੋ : ਵੱਖ-ਵੱਖ ਗਠਜੋੜਾਂ ਨੇ ਬਿਹਾਰੀ ਵੋਟਰਾਂ ਨੂੰ ਭਰਮਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ। ਘਰ-ਘਰ ਰੋਜ਼ਗਾਰ, ਔਰਤਾਂ ਨੂੰ ‘ਜੀਵਕਾ ਦੀਦੀ’ ਅਧੀਨ ਪੱਕੀ ਨੌਕਰੀ ਅਤੇ ਕਾਰੋਬਾਰ ਲਈ ਧੰਨ, ਮੁਫ਼ਤ ਬਿਜਲੀ, ਮਨਰੇਗਾ ਦਿਹਾੜੀ ਅਤੇ ਰੋਜ਼ਗਾਰ ਵਿਚ ਵਾਧਾ, ਨੌਜਵਾਨਾਂ ਨੂੰ ਬੇਰੋਜ਼ਗਾਰੀ ਭੱਤਾ, ਮੁਫ਼ਤ ਬੀਮਾ ਯੋਜਨਾ, ਬੁਢਾਪਾ ਪੈਨਸ਼ਨ, ਸਨਅਤੀਕਰਨ, ਭੂਮੀਹੀਣਾਂ ਨੂੰ ਬੰਧੋਪਾਧਿਆਇ ਕਮਿਸ਼ਨ, 2006 ਅਨੁਸਾਰ ਜ਼ਮੀਨਾਂ, ਸੁਰੱਖਿਆ, ਵਧੀਆ ਸਿੱਖਿਆ, ਸਿਹਤ, ਆਵਾਜਾਈ, ਸ਼ੁੱਧ ਪਾਣੀ ਸਹੂਲਤਾਂ ਆਦਿ। ਪਰ ਲਾਲੂ ਪਰਿਵਾਰ ਕਦੋਂ ਨੌਕਰੀ ਬਦਲੇ ਜ਼ਮੀਨਾਂ ਜਾਇਦਾਦਾਂ ਹਥਿਆ ਲਵੇ, ਅੱਲਾ ਜਾਣੇ।
ਆਲੋਚਨਾ : ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਕਹਿਣਾ ਹੈ ਕਿ ਲਾਲੂ-ਰਾਬੜੀ ਜੰਗਲ ਰਾਜ ਨੂੰ 100 ਸਾਲ ਬਿਹਾਰ ਦੇ ਲੋਕ ਨਹੀਂ ਭੁੱਲਣਗੇ। ਐੱਨ.ਡੀ.ਏ. ਸਾਸ਼ਨ ਬਾਰੇ ਕਹਿੰਦੇ ਹਨ, ‘ਜਬ ਇਤਨੀ ਲਾਈਟ ਹੈ ਤੋਂ ਲਾਲਟੈਨ ਚਾਹੀਏ ਕਿਆ?’ ਭਾਜਪਾ ਪ੍ਰਧਾਨ ਜੇ.ਪੀ. ਨੱਢਾ ਆਰ.ਜੇ.ਡੀ. ਦੇ ਆਰ ਨੂੰ ਰੰਗਦਾਰੀ, ਜੇ ਨੂੰ ਜੰਗਲ ਰਾਜ, ਡੀ ਨੂੰ ਦਾਦਾਗਿਰੀ’ ਗਰਦਾਨਦੇ ਸੁਣੇ ਗਏ। ਗੋਦੀ ਮੀਡੀਆ ਢੋਲ ਖੜਕਾਉਂਦਾ ਦਿਸਿਆ। ਪਰ ਬੁਲੇਟ ਟ੍ਰੇਨਾਂ ਅਤੇ ਸਨਅਤਾਂ ਬਿਹਾਰ ਦੀ ਥਾਂ ਗੁਜਰਾਤ ਭੱਜਦੀਆ ਵੇਖੀਆਂ ਗਈਆਂ। ਅਮਿਤ ਸ਼ਾਹ ਗ੍ਰਹਿ ਮੰਤਰੀ ਐੱਨ.ਡੀ.ਏ. ਦੀ ਹੂੰਝਾ ਫੇਰੂ ਜਿੱਤ ਦਾ ਦਾਅਵਾ ਨਿਤੀਸ਼ ਕੁਸਾਸ਼ਨ ’ਤੇ ਕਰਦੇ ਵੇਖੇ ਗਏ। ‘ਡਬਲ ਇੰਜਨ’ ਦਾ ਢੰਡੋਰਾ ਪਿੱਟਦੇ ਵੇਖੇ।
ਰਾਹੁਲ ਗਾਂਧੀ ਬਿਹਾਰ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਭਾਜਪਾ ਦੀ ਕਠਪੁੱਤਲੀ ਦਰਸਾਉਂਦਾ ਹੈ। ਉਸਦੇ ਕੁਸਾਸ਼ਨ ਵਿਚ ਬਿਹਾਰ ਸਕੂਲੋਂ ਵਿਦਿਆਰਥੀ ਭੱਜਣ, ਨੰਨ੍ਹੇ ਬੱਚਿਆਂ ਦੀ ਮੌਤ, ਮਾਨਵ ਵਿਕਾਸ ਸਬੰਧੀ 27ਵਾਂ, ਸਕੂਲਾਂ ਵਿਚ ਦਾਖਲਿਆਂ, ਔਰਤ ਸਾਖਰਤਾ ਵਿਚ 28ਵਾਂ, ਪਰਿਵਾਰ ਲਈ ਟਾਇਲੈੱਟ ਸਬੰਧੀ 29ਵਾਂ ਸਥਾਨ ਦੇਸ਼ ਵਿਚ ਪ੍ਰਾਪਤ ਕਰਦਾ ਹੈ, ਕਿੰਨੀ ਸ਼ਰਮ ਦੀ ਗੱਲ ਹੈ। ਭਾਜਪਾ ਦੇ ਬਿਹਾਰੀ ਪ੍ਰਧਾਨ ਸਮਰਾਟ ਚੌਧਰੀ ’ਤੇ ਮੋਦੀ ਕੈਬਨਿਟ ਵਿਚ ਮੰਤਰੀ ਰਹੇ ਆਰ.ਕੇ. ਸਿੰਘ ਭ੍ਰਿਸ਼ਟਾਚਾਰ, ਵਿੱਦਿਅਕ ਯੋਗਤਾ ਸਬੰਧੀ ਝੂਠੇ ਸਰਟੀਫਿਕੇਟਾਂ ਦੇ ਦੋਸ਼ ਲਾਉਂਦਾ ਹੈ। ਨਿਤੀਸ਼ ਦੇ ਨਜ਼ਦੀਕੀ ਮੁਕਮਾ (ਪਟਨਾ) ’ਤੇ ਚੋਣ ਲੜ ਰਹੇ ਅਨੰਤ ਕੁਮਾਰ ’ਤੇ ਭ੍ਰਿਸ਼ਟਾਚਾਰ ਅਤੇ ਅਪਰਾਧਿਕ ਦੋਸ਼ ਲਾਉਂਦਾ ਹੈ। ਇਹ ਉਹੀ ਆਰ.ਕੇ. ਸਿੰਘ ਹੈ ਜਿਸਨੇ ਸੰਨ 1990 ਵਿਚ ਮੁੱਖ ਮੰਤਰੀ ਲਾਲੂ ਯਾਦਵ ਦੇ ਆਦੇਸ਼ ’ਤੇ ਸਮਸਤੀਪੁਰ ਦੇ ਜ਼ਿਲ੍ਹਾ ਮਜਿਸਟੇ੍ਰਟ ਹੁੰਦੇ ਲਾਲ ਿਸ਼ਨ ਅਡਵਾਨੀ ਦੀ ਸੋਮਨਾਥ ਤੋਂ ਅਯੁੱਧਿਆਂ ਰੱਥ ਯਾਤਰਾ ਰੋਕੀ ਤੇ ਉਸ ਨੂੰ ਗ੍ਰਿਫ਼ਤਾਰ ਕੀਤਾ ਸੀ। ਭਾਜਪਾ ’ਤੇ ਦੋਸ਼ ਹੈ ਕਿ ਉਹ ਉੱਚ ਜਾਤੀ ਦੀ ਰਾਜਨੀਤੀ ਕਰ ਰਹੀ ਹੈ। ਉਸਦੇ 50 ਤੋਂ ਵੱਧ ਉਮੀਦਵਾਰ ਉੱਚ-ਜਾਤੀਆਂ ਨਾਲ ਸਬੰਧਿਤ ਹਨ। ਇਸੇ ਦੌਰਾਨ ਤੇਜੱਸਵੀ ਯਾਦਵ ਨੇ ਸਪੱਸ਼ਟ ਕੀਤਾ ਹੈ ਕਿ ਜੇ ਉਹ ਸੱਤਾ ਵਿਚ ਆਉਂਦੇ ਹਨ, ਤਾਂ ਵਕਫ ਬੋਰਡ ਸਬੰਧੀ ਕਾਨੂੰਨ ਨੂੰ ਕੂੜੇਦਾਨ ਵਿਚ ਸੁੱਟ ਦਿਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਫਿਰਕਾਪ੍ਰਸਤੀ ਦੇ ਸਖ਼ਤ ਵਿਰੁੱਧ ਹਨ। ਭਾਜਪਾ ਨੂੰ ‘ਭਾਰਤ ਜਲਾਉ ਪਾਰਟੀ’ ਕਹਿਣਾ ਚਾਹੀਦਾ ਹੈ ਜੋ ਦੇਸ਼ ਫਿਰਕੂ ਨਫ਼ਰਤ ਦੀ ਅੱਗ ਭੜਕਾਉਂਦੀ ਹੈ। ਨਿਤੀਸ਼ ਦੇ 20 ਅਤੇ ਮੋਦੀ ਦੇ 11 ਸਾਲਾਂ ਸਾਸ਼ਨ ਨੇ ਬਿਹਾਰ ਕੰਗਾਲ ਕਰ ਦਿਤਾ ਹੈ। ਇਸਨੂੰ ਸੜਾਂਦ ਵਿੱਚ ਤਬਦੀਲ ਕਰ ਦਿਤਾ ਹੈ। ਇਸਨੂੰ ਸੱਤਾ ਵਿਚੋਂ ਵਗਾਹ ਮਾਰਨ ਦਾ ਸਮਾਂ ਆ ਰਿਹਾ ਹੈ।
ਬਿਹਾਰ ਵਿਚ ਮੁੱਖ ਟੱਕਰ ਸੱਤਾਧਾਰੀ ਐੱਨ.ਡੀ.ਏ. ਅਤੇ ਮੁੱਖ ਵਿਰੋਧੀ ਗਠਜੋੜ ਮਹਾਂ-ਗਠਬੰਧਨ ਦਰਮਿਆਨ ਹੈ। ਸੱਤਾ ਅਤੇ ਰਾਜਨੀਤਕ ਤਿਕੜਮਬਾਜ਼ੀ ਖ਼ਾਤਰ ਚੋਣ ਲੜ ਰਹੇ ਸਭ ਰਾਜਨੀਤਕ ਗਠਜੋੜ ਅਤੇ ਪਾਰਟੀਆਂ ਸਾਮ, ਦਾਮ, ਦੰਡ, ਭੇਦ, ਸੋਸ਼ਲ ਅਤੇ ਬੁਰਕੀ ਮੀਡੀਆ ਦੀ ਸ਼ਰਮਨਾਕ ਢੰਗ ਨਾਲ ਮਹਾਤਮਾ ਬੁੱਧ ਦੇ ਅਸ਼ਟ ਮਾਰਗ ਗਿਆਨ ਦੇ ਪਰਖੱਚੇ ਉਡਾ ਰਹੇ ਹਨ। ਵੇਖੋ! ਬਿਹਾਰੀ ਵੋਟਰ ਕੈਸਾ ਫਤਵਾ ਦਿੰਦੇ ਹਨ? ਇਸ ਫਤਵੇ ਦਾ ਭਾਰਤ ਦੀ ਰਾਸ਼ਟਰੀ ਰਾਜਨੀਤੀ ’ਤੇ ਵੀ ਵੱਡਾ ਅਸਰ ਵੇਖਣ ਨੂੰ ਮਿਲੇਗਾ।
ਸਾਬਕਾ ਰਾਜ ਸੂਚਨਾ ਕਮਿਸ਼ਨਰ, ਪੰਜਾਬ।
ਕਿੰਗਸਟਨ -ਕੈਨੇਡਾ
+ 12898292929